• Home
  • ਮੰਤਰੀ ਬਿਨਾ ਮੰਤਰਾਲਾ- ਕਾਂਗਰਸੀ ਖ਼ਾਨਾ-ਜੰਗੀ ਦੇ ਬੇ-ਵਜ੍ਹਾ ‘ਝਟਕੇ’ ਝੱਲ ਰਹੇ ਨੇ ਲੋਕ-ਹਰਪਾਲ ਸਿੰਘ ਚੀਮਾ

ਮੰਤਰੀ ਬਿਨਾ ਮੰਤਰਾਲਾ- ਕਾਂਗਰਸੀ ਖ਼ਾਨਾ-ਜੰਗੀ ਦੇ ਬੇ-ਵਜ੍ਹਾ ‘ਝਟਕੇ’ ਝੱਲ ਰਹੇ ਨੇ ਲੋਕ-ਹਰਪਾਲ ਸਿੰਘ ਚੀਮਾ

ਲੋਕ ਹਿੱਤਾਂ ਲਈ ਤੁਰੰਤ ਚਾਰਜ ਸੰਭਾਲ ਕੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਮਹਿੰਗੇ ਸਮਝੌਤੇ ਰੱਦ ਕਰਨ ਸਿੱਧੂ- ਆਪ

ਚੰਡੀਗੜ੍ਹ, 15 ਜੂਨ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਸਿਖਰ ਦੀ ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਜਿੱਥੇ ਸੂਬੇ ਅੰਦਰ ਨਿਰਵਿਘਨ ਬਿਜਲੀ ਸਪਲਾਈ ਦੀ ਬੇਹੱਦ ਜ਼ਰੂਰਤ ਹੈ, ਉੱਥੇ ਬਿਜਲੀ ਮਹਿਕਮਾ ਮੰਤਰੀ ਬਗੈਰ ਹੀ ਡੰਗ ਸਾਰ ਰਿਹਾ ਹੈ, ਨਤੀਜੇ ਵਜੋਂ ਘਰੇਲੂ ਅਤੇ ਕਿਸਾਨਾਂ ਸਮੇਤ ਸਾਰੇ ਵਰਗਾਂ ਦੇ ਖਪਤਕਾਰ ਐਲਾਨੇ ਅਤੇ ਅਣਐਲਾਨੇ ਬਿਜਲੀ ਕੱਟਾਂ ਨੇ ਤਪਾ ਰੱਖੇ ਹਨ।
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ 'ਚ ਵੱਡੀ ਕੁਰਸੀ ਖੋਹਣ ਅਤੇ ਬਚਾਉਣ ਲਈ ਚੱਲ ਰਹੀ ਖ਼ਾਨਾ-ਜੰਗੀ ਪੰਜਾਬ ਦੇ ਆਮ ਲੋਕਾਂ ਨੂੰ ਮਹਿੰਗੀ ਪੈ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਨਵੇਂ ਬਣਾਏ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਬਿਜਲੀ ਮੰਤਰਾਲੇ ਦਾ ਅਹੁਦਾ ਸੰਭਾਲਣ ਅਤੇ ਪੰਜਾਬ ਸਮੇਤ ਲੋਕਾਂ ਦੇ ਹਿੱਤਾਂ ਲਈ ਵੱਡੇ ਫ਼ੈਸਲੇ ਲੈਣ।
ਹਰਪਾਲ ਸਿੰਘ ਚੀਮਾ ਅਨੁਸਾਰ, ''ਨਵਜੋਤ ਸਿੰਘ ਸਿੱਧੂ ਨੂੰ ਜਾਣੇ-ਅਨਜਾਣੇ ਅਜਿਹਾ ਮੌਕਾ ਮਿਲਿਆ ਹੈ, ਜਿਸ ਰਾਹੀਂ ਉਹ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਦੀ ਲੁੱਟ ਰੋਕ ਸਕਦਾ ਹੈ। ਬਤੌਰ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬਲੀ ਚੜ੍ਹਾ ਕੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਗਏ ਬੇਹੱਦ ਮਹਿੰਗੇ ਅਤੇ ਨਜਾਇਜ਼ ਬਿਜਲੀ ਖ਼ਰੀਦ ਸਮਝੌਤੇ (ਪੀਪੀਏ) ਰੱਦ ਕਰਵਾ ਸਕਦੇ ਹਨ। ਅੱਜ ਪੂਰੇ ਦੇਸ਼ ਨਾਲੋਂ ਮਹਿੰਗੀ ਬਿਜਲੀ ਖ਼ਰੀਦਣ ਲਈ ਮਜਬੂਰ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਸਸਤੀ ਬਿਜਲੀ ਮੁਹੱਈਆ ਕਰਵਾ ਸਕਦੇ ਹਨ, ਕਿਉਂਕਿ 4 ਸਾਲ ਪਹਿਲਾਂ ਕੇਜਰੀਵਾਲ ਸਰਕਾਰ ਤੋਂ ਪਹਿਲਾਂ ਦਿੱਲੀ 'ਚ ਵੀ ਉੱਚ-ਪੱਧਰੀ ਮਿਲੀਭੁਗਤ ਰਾਹੀਂ ਨਿੱਜੀ ਬਿਜਲੀ ਕੰਪਨੀਆਂ ਆਮ ਖਪਤਕਾਰਾਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਇੰਜ ਹੀ ਲੁੱਟ ਰਹੇ ਸਨ, ਜਿਵੇਂ ਹੁਣ ਪੰਜਾਬ ਦੇ ਨਿੱਜੀ ਥਰਮਲ ਪਲਾਂਟ ਲੁੱਟ ਰਹੇ ਹਨ।