• Home
  • ਬਾਦਲ ਨੇ ਕਿਹਾ ਕਿ ਬਰਾੜ ਦੇ ਰੂਪ ਵਿਚ ਪਾਰਟੀ ਨੂੰ ਕਲਾਕਾਰ ਮਿਲਿਆ! ਪਰ ਫਿਰੋਜ਼ਪੁਰ ਸੰਸਦੀ ਸੀਟ ਲਈ ਰਹੱਸ ਬਰਕਰਾਰ

ਬਾਦਲ ਨੇ ਕਿਹਾ ਕਿ ਬਰਾੜ ਦੇ ਰੂਪ ਵਿਚ ਪਾਰਟੀ ਨੂੰ ਕਲਾਕਾਰ ਮਿਲਿਆ! ਪਰ ਫਿਰੋਜ਼ਪੁਰ ਸੰਸਦੀ ਸੀਟ ਲਈ ਰਹੱਸ ਬਰਕਰਾਰ

ਸ੍ਰੀ ਮੁਕਤਸਰ ਸਾਹਿਬ , 19 ਅਪ੍ਰੈਲ ( ਹਿੰਸ )- ਝੁਝਾਰੂ ਅਤੇ ਭਾਵੁਕ ਮੰਨੇ ਜਾਂਦੇ ਅਤੇ ਕਾਂਗਰਸ ਦੇ ਉੱਚ ਅਹੁਦਿਆਂ 'ਤੇ ਰਹੇ ਮਲਵਈ ਆਗੂ ਜਗਮੀਤ ਸਿੰਘ ਬਰਾੜ ਅੱਜ , ਸ਼ੁੱਕਰਵਾਰ ਨੂੰ ਮੁਕਤਸਰ ਸਥਿਤ ਆਪਣੇ ਨਿਵਾਸ 'ਤੇ ਰੱਖੇ ਇਕ ਸਮਾਗਮ ਦੌਰਾਨ ਕਿਸੇ ਸਮੇ ਆਪਣੀ ਦੁਸ਼ਮਣ ਕਹੀ ਜਾਂਦੀ ਪਾਰਟੀ ,ਸ਼ਿਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਸਮਾਰੋਹ ਵਿਚ ਸ਼ਾਮਿਲ ਹੋਏ ਅਤੇ ਸਿਰੋਪੇ ਪਾ ਕੇ ਜਗਮੀਤ ਸਿੰਘ ਬਰਾੜ ਅਤੇ ਉਨ੍ਹਾਂ ਦੇ ਛੋਟੇ ਭਰਾ ਰਿਪਜੀਤ ਸਿੰਘ ਬਰਾੜ ਨੂੰ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਜੀ ਆਇਆ ਆਖਿਆ। ਪਰ ਇਸ ਸਮਾਗਮ ਵਿਚ ਫਿਰੋਜ਼ਪੁਰ ਲੋਕ ਸਭਾ ਸੀਟ ਨੂੰ ਲੈ ਕੇ ਰਹੱਸ ਹੀ ਬਣਿਆ ਰਿਹਾ।  ਹਾਲਾਂਕਿ ਬਰਾੜ ਨੇ ਦੋ ਵਾਰ ਫਿਰੋਜ਼ਪੁਰ ਸੀਟ ਦਾ ਕਿਸੇ ਬਹਾਨੇ ਜਿਕਰ ਵੀ ਕੀਤਾ , ਪਰ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ।              ਪਰ ਜਗਮੀਤ ਬਰਾੜ ਦੀ ਸਲਾਹਾਕਾਰ ਮੰਡਲੀ ਦੇ ਪ੍ਰਮੁੱਖ ਲੋਕ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੇ ਇਸ ਫੈਸਲੇ ਤੋਂ ਖੁਦ ਨੂੰ ਵੱਖ ਕਰ ਗਏ।  ਗੁਰਦਾਸ ਗਿਰਧਰ ਦਾ ਕਹਿਣਾ ਸੀ ਕਿ ਉਹ ਕਾਂਗਰਸ ਵਿਚ ਹੀ ਜੰਮੇ ਅਤੇ ਕਾਂਗਰਸ ਵਿਚ ਹੀ ਮਰਣਗੇ , ਜਦਕਿ  ਸਾਬਕਾ ਵਿਧਾਇਕ ਵਿਜੈ ਸਾਥੀ ਦਾ ਕਹਿਣਾ ਸੀ ਕਿ ਉਹ ਅਕਾਲੀ ਦਲ ਵਿਚ ਜਾਣਾ ਸੋਚ ਹੀ ਨਹੀਂ ਸਕਦੇ। ਗਿੱਦੜਬਾਹਾ ਦੇ ਸਾਬਕਾ ਵਿਧਾਇਕ ਰਘਬੀਰ ਸਿੰਘ , ਮੋਗਾ ਦੇ ਵਪਾਰੀ ਆਗੂ ਅਮਰਜੀਤ ਸਿੰਘ ਬਰਾੜ ਆਦਿ ਨੇ  ਇਸ ਸਮਾਗਮ ਤੋਂ ਦੂਰੀ ਹੀ ਰੱਖੀ। ਜਗਮੀਤ ਬਰਾੜ ਅਤੇ ਉੰਨਾ ਦੇ ਭਰਾ ਦਾ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਸੁਆਗਤ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਆਉਣ ਨਾਲ ਪਾਰਟੀ ਨੂੰ ਇਕ ਕਲਾਕਾਰ ਮਿਲ ਗਿਆ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਨੇ ਸਿਆਸੀ ਵਿਰੋਧਤਾ ਦੀ ਬਜਾਏ ਨਿੱਜੀ ਵਿਰੋਧਤਾ ਕੀਤੀ , ਪਰ ਜਗਮੀਤ ਉਨ੍ਹਾਂ ਦੇ ਸਿਰਫ ਸਿਆਸੀ ਵਿਰੋਧੀ ਰਹੇ, ਜਦਕਿ ਅੱਜ ਦੇ ਸਿਆਸਤਦਾਨ ਨੀਵੇਂ ਪੱਧਰ ਦੀ ਬਿਆਨਬਾਜ਼ੀ 'ਤੇ ਉਤਰੇ ਹੋਏ ਹਨ । ਬਾਦਲ ਨੇ ਕਿਹਾ ਕਿ ਉਹ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਦਿਲੋਂ ਖੁਸ਼ ਹਨ ਅਤੇ ਸੁਖਬੀਰ ਨੂੰ ਕਹਿੰਦੇ ਹਨ ਕਿ ਹੁਣ ਜਗਮੀਤ ਨੂੰ ਘੁੱਟ ਕੇ ਜੱਫੀ ਪਾ ਲਉ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਮੀਤ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਨੂੰ ਉਨ੍ਹਾਂ ਦੀ ਘਰ ਵਾਪਿਸੀ ਕਰਾਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਚੋਣ ਹੀ ਜਗਮੀਤ ਵਿਰੁੱਧ ਸੀ ਅਤੇ ਉਨ੍ਹਾਂ ਨੇ ਜਗਮੀਤ ਬਰਾੜ ਤੋਂ ਕਈ ਚੀਜਾਂ ਸਿੱਖੀਆ। ਉਨ੍ਹਾਂ ਕਿਹਾ ਕਿ ਬਰਾੜ ਦੇ ਸ਼ਾਮਿਲ ਹੋਣ ਨਾਲ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੀ ਹੈ ਅਤੇ ਹੁਣ ਇਸ ਇਲਾਕੇ ਵਿਚ ਕਾਂਗਰਸ ਦਾ ਕੁਛ ਰਹੇਗਾ ਨਹੀਂ।  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿਚ ਜਗਮੀਤ ਬਰਾੜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਜਗਮੀਤ ਨੇ ਬਾਦਲ ਪਰਿਵਾਰ ਦੀ ਵਿਰੋਧਤਾ ਵੀ ਕੀਤੀ , ਤਾ ਉਹ ਵੀ ਸਾਫ ਸੁਥਰੀ ਸੀ।  ਉਨ੍ਹਾਂ ਵੀ ਕਿਹਾ ਕਿ ਜਗਮੀਤ ਬਰਾੜ ਦੀ ਕਾਰਜ ਸ਼ੈਲੀ ਤੋਂ ਉਨ੍ਹਾਂ ਨੇ ਰਾਜਨੀਤੀ ਦੇ ਕੁਛ ਗੁਰ ਵੀ ਸਿੱਖੇ। ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵਿਨਮਰਤਾ , ਮੇਹਨਤ ਅਤੇ ਸੰਪਰਕ ਦੇ ਢੰਗ ਸਿੱਖੇ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜਦ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਨ੍ਹਾਂ ਦੇ ਛੋਟੇ ਭਰਾ ਅਤੇ ਸਾਬਕਾ ਵਿਧਾਇਕ ਰਿਜਪਜੀਤ ਸਿੰਘ ਬਰਾੜ ਨੇ ਹਲਕੇ ਦੇ ਲੋਕਾਂ ਦੇ ਕਈ ਕੰਮ ਮਜੀਠੀਆ ਤੋਂ ਕਰਵਾਏ ਸਨ।  ਉਨ੍ਹਾਂ ਨੇ ਕਾਂਗਰਸ 'ਤੇ ਤੰਜ ਕਸਦਿਆਂ ਕਿਹਾ ਕਿ ਰਾਸ਼ਟਰੀ ਪਾਰਟੀ ਹਾਲੇ ਅਕਾਲੀ ਦਲ ਵੱਲ ਦੇਖ ਰਹੀ ਹੈ ਕਿ ਅਕਾਲੀ ਦਲ ਬਠਿੰਡਾ ਅਤੇ ਫਿਰੋਜ਼ਪੁਰ ਲਈ ਉਮੀਦਵਾਰ ਕਦੋ ਐਲਾਣੇਗੀ ਅਤੇ ਉਸਤੋਂ ਬਾਅਦ ਹੀ ਕਾਂਗਰਸ ਆਪਣਾ ਉਮੀਦਵਾਰ ਐਲਾਣੇਗੀ। ਕਾਂਗਰਸ ਵਿਰੁੱਧ ਭਾਵੁਕਤਾ ਭਰਿਆ ਗਿਲਾ ਕਰਦਿਆਂ ਜਗਮੀਤ ਨੇ ਕਿਹਾ ਕਿ ਸਾਲ 2014 ਦੀਆ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਬੁਰੀ ਹਾਰ ਤੋਂ ਬਾਅਦ ਉਨ੍ਹਾਂ ਨੇ ਸਿਰਫ ਇਹੀ ਕਿਹਾ ਸੀ ਕਿ ਹੁਣ ਪਾਰਟੀ ਵਿਚ ਆਤਮ -ਸਮੀਖਿਆ ਕੀਤੀ ਜਾਣੀ ਜਰੂਰੀ ਹੈ , ਬਸ ਇਸੇ ਗੱਲ 'ਤੇ ਹੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦ ਇਕ ਰਸਤਾ ਬੰਦ ਹੋ ਜਾਵੇ ਤਾਂ ਪ੍ਰਮਾਤਮਾ ਨਵੇਂ ਰਾਹ ਖੋਲ ਦਿੰਦਾ ਹੈ।  ਪੰਜਾਬ ਦੀ ਕੈਪਟਨ ਸਰਕਾਰ 'ਤੇ ਵਾਰ ਕਰਦਿਆਂ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਬੇਰੋਜ਼ਗਾਰੀ ਦੂਰ ਕਰਨ ਦਾ ਡਰਾਮਾ ਚੱਲ ਰਿਹਾ ਹੈ ਅਤੇ ਝੂਠ ਹੀ ਝੂਠ ਹੈ। ਬਰਾੜ ਨੇ ਭਰੋਸਾ ਦਿਵਾਇਆ ਕਿ ਭਾਵੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਤੋਂ ਛੋਟੇ ਹਨ , ਪਰ ਉਹ ਸੁਖਬੀਰ ਦੀ ਰਹਿਨੁਮਾਈ ਹੇਠ ਕੰਮ ਕਰਣਗੇ ਅਤੇ ਸੂਬੇ ਦੀਆ ਤਮਾਮ 13 ਸੀਟਾਂ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਜਿੱਤ ਹਾਸਿਲ ਕਰਣਗੇ। ਇਸ ਮੌਕੇ ਹਲਕੇ ਦੇ ਅਕਾਲੀ ਅਤੇ ਭਾਜਪਾ ਆਗੂ ਵੀ ਸ਼ਾਮਿਲ ਸਨ।  ਇਸ ਸਮਾਰੋਹ ਵਿਚ ਸੁਖਬੀਰ ਸਿੰਘ ਬਾਦਲ ਦੇ ਪੁੱਜਣ ਤੋਂ ਅੱਧਾ ਘੰਟਾ ਪਹਿਲਾ ਹੀ ਵੱਡੇ ਬਾਦਲ ਜਗਮੀਤ ਬਰਾੜ ਦੇ ਨਿਵਾਸ 'ਤੇ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਬਰਾੜ ਪਰਿਵਾਰ ਨਾਲ ਬੰਦ ਕਮਰੇ ਵਿਚ ਅੱਧਾ ਘੰਟਾ ਗੁਜਾਰਿਆ , ਪਰ ਕੋਈ ਸਿਆਸੀ ਗੱਲ ਨਹੀਂ ਹੋਈ ਦੱਸੀ ਜਾਂਦੀ।