• Home
  • “ਸੁਪਰ ਪਾਵਰ ” ਬਣਨ ਦੀ ਥਾਂ ਵੇਰਕਾ ਨੂੰ ਚੇਅਰਮੈਨੀ ਤੇ ਸਬਰ .. ! ਬੀਬੀ ਭੱਠਲ ਨਾਲੋਂ ਖੁਸ਼ਕਿਸਮਤ ਕਿਵੇਂ ? ਪੜ੍ਹੋ

“ਸੁਪਰ ਪਾਵਰ ” ਬਣਨ ਦੀ ਥਾਂ ਵੇਰਕਾ ਨੂੰ ਚੇਅਰਮੈਨੀ ਤੇ ਸਬਰ .. ! ਬੀਬੀ ਭੱਠਲ ਨਾਲੋਂ ਖੁਸ਼ਕਿਸਮਤ ਕਿਵੇਂ ? ਪੜ੍ਹੋ

- ਪਰਮਿੰਦਰ ਸਿੰਘ ਜੱਟਪੁਰੀ -

ਚੰਡੀਗੜ੍ਹ : ਪੰਜਾਬ ਦੀ "ਸੁਪਰ ਪਾਵਰ ਬਣਨ ਦੇ ਸੁਪਨੇ ਲੈਣ ਵਾਲੇ ਕਾਂਗਰਸ ਦੇ ਦਲਿਤ ਨੇਤਾ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਪੰਜਾਬ ਦੀ ਇੱਕ ਚੇਅਰਮੈਨੀ ਤੇ ਸਬਰ ਕਰਨਾ ਪਿਆ ,ਪਰ ਉਹ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੁਕਾਬਲੇ ਖੁਸ਼ਕਿਸਮਤ ਰਿਹਾ ।ਪਾਠਕਾਂ ਨੂੰ ਦੱਸਣਾ ਇਹ ਜ਼ਰੂਰੀ ਹੋਵੇਗਾ ਕਿ ਮਨਮੋਹਨ ਸਿੰਘ ਦੀ ਕੇਂਦਰ ਸਰਕਾਰ ਚ ਵੱਡੇ ਸੰਵਿਧਾਨਕ ਅਹੁਦੇ ਦਾ ਅਨੰਦ ਮਾਨਣ  ਨੂੰ  ਵਾਲੇ ਪੰਜਾਬ ਦੇ ਦਲਿਤ ਨੇਤਾ ਰਾਜ ਕੁਮਾਰ ਵੇਰਕਾ ਜੋ ਕਿ ਪੰਜਾਬ ਦੀ ਕੈਪਟਨ ਸਰਕਾਰ ਚ ਕੈਬਨਿਟ ਰੈਂਕ ਮੰਤਰੀ ਬਣਨਾ ਲੋਚਦਾ ਸੀ ਤੇ ਸੁਨੀਲ ਜਾਖੜ ਦੇ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਚ ਐਮ ਪੀ ਬਣਨ ਤੋਂ ਬਾਅਦ ਉਸਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਗੂੜ੍ਹੇ ਆਸਾਰ ਸਨ । ਭਾਵੇਂ ਕਿ ਅੱਧੀ ਦਰਜਨ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛਾਂਟੀ ਤੋਂ ਬਾਅਦ ਵੀ ਰਾਜ ਕੁਮਾਰ ਵੇਰਕਾ ਦਾ ਨਾਂ  ਮੰਤਰੀ ਮੰਡਲ ਦੀ ਸੂਚੀ ਚ ਆਉਣ ਦੀਆਂ ਵੀ ਚਰਚਾਵਾਂ ਸਨ ਤੇ ਉਸ ਦੇ ਸਮਰਥਕ ਵੀ ਦੋਵੇਂ ਵੱਡੇ ਅਹੁਦਿਆਂ ਚੋਂ ਇੱਕ ਦੀ ਚੋਣ ਬਾਰੇ ਵੀ ਦਾਅਵੇ ਕਰ ਚੁੱਕੇ ਸਨ ।ਪਰ ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਪੰਜਾਬ ਵੇਅਰ ਹਾਊਸ ਦੀ ਚੇਅਰਮੈਨੀ ਐਲਾਨ ਦਿੱਤੀ ਤੇ ਅੱਜ ਰਸਮੀ ਤੌਰ ਤੇ ਉਸ ਨੂੰ  ਚੇਅਰਮੈਨ ਦੀ ਕੁਰਸੀ ਤੇ ਬਿਠਾਉਣ ਲਈ  ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਆਪਣੇ  ਕੁਝ ਮੰਤਰੀਆਂ ਤੇ ਵਿਧਾਇਕਾਂ ਨਾਲ ਉਸਦੇ ਦਫਤਰ ਖੁਦ ਪੁੱਜੇ ।

ਦੂਜੇ ਪਾਸੇ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜਿਨ੍ਹਾਂ ਨੂੰ ਪਿਛਲੇ ਵਰ੍ਹੇ ਉਨ੍ਹਾਂ ਦੀ ਸਰਕਾਰੀ ਕੋਠੀ ਬਚਾਉਣ ਲਈ ਇੱਕ ਗੁੰਝਲਦਾਰ ਵਿਭਾਗ ਦਾ ਚੇਅਰਮੈਨ ਲਗਾਇਆ ਸੀ । ਭਾਵੇਂ ਬੀਬੀ ਭੱਠਲ ਦੇ ਕਹਿਣ ਤੇ ਉਸ ਨੂੰ ਪੰਜਾਬ ਦੇ ਸਿਵਲ ਸਕੱਤਰੇਤ ਵਿੱਚ ਸਰਕਾਰ ਨੇ ਲੱਖਾਂ ਰੁਪਏ ਖਰਚ ਕੇ ਉਸ ਦਾ ਦਫ਼ਤਰ ਬਣਾਇਆ। ਪਰ ਬੀਬੀ ਭੱਠਲ ਆਪਣੇ ਸਿਵਲ ਸਕੱਤਰੇਤ ਵਾਲੇ ਦਫਤਰ ਚ ਜਿੱਥੇ ਮੁੱਖ ਮੰਤਰੀ ਤੇ ਸਾਰੇ ਮੰਤਰੀ ਬੈਠਦੇ ਹਨ , ਚ' ਆਪਣੇ 8-9 ਮਹੀਨਿਆਂ ਦੇ ਕਾਰਜਕਾਲ ਦੌਰਾਨ ਇੱਕ ਦਿਨ ਹੀ ਗਈ । ਦੱਸਣਯੋਗ ਹੈ  ਹੈ ਕਿ ਬੀਬੀ ਭੱਠਲ ਮੁੱਖ ਮੰਤਰੀ ਦੀ ਹਾਜ਼ਰੀ ਚ ਕੁਰਸੀ ਤੇ ਬੈਠਣ ਦਾ ਪ੍ਰੋਗਰਾਮ ਬਣਾਇਆ ਸੀ ,ਪਰ ਦੋ -ਤਿੰਨ ਵਾਰ  ਸਿਵਲ ਸਕੱਤਰੇਤ ਦਾ ਸਟਾਫ ਫੁੱਲਾਂ ਦੇ ਗੁਲਦਸਤੇ ਤੇ  ਲੱਡੂਆਂ  ਦਾ ਪ੍ਰਬੰਧ ਕਰਕੇ ਬੈਠਾ ਰਿਹਾ । ਪਰ ਮੁੱਖ ਮੰਤਰੀ ਸਾਹਿਬ ਦਾ ਦੋਵੇਂ -ਤਿੰਨੇ ਵਾਰ ਬੀਬੀ ਭੱਠਲ ਨੂੰ ਕੁਰਸੀ ਤੇ ਬਿਠਾਉਣ ਦੀ ਰਸਮ  ਦਾ ਪ੍ਰੋਗਰਾਮ ਕੈਂਸਲ ਹੋ ਜਾਂਦਾ ਸੀ ।

ਸਮਝਿਆ ਜਾਂਦਾ ਹੈ ਕਿ ਸੁਪਰ ਪਾਵਰ ਦੇ ਸੁਪਨੇ ਲੈਣ ਵਾਲੇ ਰਾਜ ਕੁਮਾਰ ਵੇਰਕਾ ਨੂੰ ਭਾਵੇਂ ਵੱਡੇ ਅਹੁਦੇ ਤਾਂ ਨਹੀਂ ਮਿਲ ਸਕੇ, ਪਰ ਉਸ ਨੂੰ ਮੁੱਖ ਮੰਤਰੀ ਵੱਲੋਂ ਕੁਰਸੀ ਤੇ ਬਿਠਾਉਣ ਦੀ ਖੁਸ਼ੀ ਜ਼ਰੂਰ ਮਿਲੀ ਹੈ ।