• Home
  • ਬਾਲਾਕੋਟ ਬਾਰੇ ਕਾਂਗਰਸ ਵੱਲੋਂ ਸਬੂਤ ਮੰਗਣ ’ਚ ਕੁਝ ਵੀ ਗਲਤ ਨਹੀਂ -ਕੈਪਟਨ ਅਮਰਿੰਦਰ ਸਿੰਘ

ਬਾਲਾਕੋਟ ਬਾਰੇ ਕਾਂਗਰਸ ਵੱਲੋਂ ਸਬੂਤ ਮੰਗਣ ’ਚ ਕੁਝ ਵੀ ਗਲਤ ਨਹੀਂ -ਕੈਪਟਨ ਅਮਰਿੰਦਰ ਸਿੰਘ

ਚੰਡੀਗੜ, :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲਾਕੋਟ ਹਵਾਈ ਹਮਲੇ ਦੇ ਮਾਮਲੇ ’ਤੇ ਕਾਂਗਰਸ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਕੂੜ ਪ੍ਰਚਾਰ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਅਤੇ ਆਪਣੀ ਪਾਰਟੀ ਦੇ ਹੱਕ ਵਿੱਚ ਡਟਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਪਾਸੋਂ ਸਬੂਤ ਮੰਗਣ ਵਿੱਚ ਕੁਝ ਵੀ ਗਲਤ ਨਹੀਂ ਹੈ।  ਅੱਜ ਇਕ ਟੀ.ਵੀ ਚੈਨਲ ’ਤੇ ਮੁਲਾਕਾਤ ਦੌਰਾਨ ਇਸ ਹਮਲੇ ਦਾ ਸਬੂਤ ਮੰਗਣ ’ਤੇ ਭਾਜਪਾ ਵੱਲੋਂ ਕਾਂਗਰਸ ਨੂੰ ਰਾਸ਼ਟਰ ਵਿਰੋਧੀ ਦੱਸੇ ਜਾਣ ਦੇ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਦੱਸਿਆ, ‘‘ਜੇਕਰ ਮੋਦੀ ਸਰਕਾਰ ਵੱਲੋਂ ਕੀਤੇ ਦਾਅਵੇ ਮੁਤਾਬਕ ਹਮਲੇ ਸਫਲ ਹੋਏ ਹਨ ਤਾਂ ਇਹ ਸਾਡੇ ਮੁਲਕ ਅਤੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਕਰਕੇ ਇਹ ਦੱਸਿਆ ਜਾਵੇ ਕਿ ਸਾਡੀ ਸੈਨਾਵਾਂ ਨੇ ਪਾਕਿਸਤਾਨ ਦੀਆਂ ਇਮਾਰਤਾਂ ਨੂੰ ਕਿਵੇਂ ਤਬਾਹ ਕੀਤਾ ਅਤੇ ਕਿਵੇਂ ਉਨਾਂ ਦੇ ਗਰੂਰ ਨੂੰ ਚੂਰ-ਚੂਰ ਕੀਤਾ।’’   ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਕਿਸੇ ਹਮਲੇ ਦੇ ਸਬੂਤਾਂ ਬਾਰੇ ਕਿਹਾ ਗਿਆ ਹੈ। ਉਨਾਂ ਨੂੰ ਯਾਦ ਹੈ ਕਿ ਸਾਲ 1965 ਵਿਚ ਵੀ ਫੌਜ ਦਾ ਇਕ ਮੇਜਰ ਸਰਹੱਦ ਪਾਰ ਮਾਰੇ ਗਏ ਦੁਸ਼ਮਣਾਂ ਦੇ ਵੱਢੇ ਹੋਏ ਕੰਨ ਲੈ ਕੇ ਲਿਆਇਆ ਸੀ ਜਿਸ ਨੇ ਭਾਰਤ ਦੀ ਕਾਰਵਾਈ ਬਾਰੇ ਸ਼ੰਕੇ ਦੂਰ ਕਰ ਦਿੱਤੇ ਸਨ। ਇਸੇ ਤਰਾਂ ਕਾਰਗਿਲ ਆਪਰੇਸ਼ਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ। ਉਨਾਂ ਕਿਹਾ ਕਿ ਸਰਕਾਰ ਪਾਸੋਂ ਸਬੂਤਾਂ ਦੀ ਮੰਗ ਕਰਨਾ ਕਿਸੇ ਵੀ ਤਰਾਂ ਰਾਸ਼ਟਰ ਵਿਰੋਧੀ ਨਹੀਂ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡੇ ਮਿੱਗ -21 ਜਹਾਜ਼ ਨੇ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਜ਼ਮੀਨ ’ਤੇ ਸੁੱਟ ਲਿਆ ਅਤੇ ਇਸੇ ਤਰਾਂ ਬਾਲਾਕੋਟ ਵਿੱਚ ਸਾਡੀ ਹਵਾਈ ਸੈਨਾ ਵੱਲੋਂ ਕੀਤੇ ਹਮਲੇ ਦੀ ਸਫਲਤਾ ਬਾਰੇ ਜਾਣ ਕੇ ਵੀ ਖੁਸ਼ੀ ਹੋਵੇਗੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਹਵਾਈ ਸੈਨਾ ਦੀਆਂ ਕਾਰਵਾਈਆਂ ਦਾ ਲਾਹਾ ਲੈਣ ਅਤੇ ਸ਼ਹੀਦ ਸੈਨਿਕਾਂ ਦੇ ਨਾਂ ’ਤੇ ਵੋਟਾਂ ਮੰਗਣ ਦੀਆਂ ਸ਼ਰਮਨਾਕ ਕੋਸ਼ਿਸ਼ਾਂ ਕਰਨ ਲਈ ਉਨਾਂ ਦੀ ਸਖਤ ਆਲੋਚਨਾ ਕੀਤੀ।’’ ਮੁੱਖ ਮੰਤਰੀ ਨੇ ਇਸ ਵਿੱਚ ਕੁਝ ਵੀ ਰਾਸ਼ਟਰ ਵਿਰੋਧੀ ਨਾ ਹੋਣ ਬਾਰੇ ਮੋਦੀ ਦੀ ਖਿੱਲੀ ਉਡਾਈ ਜਦਕਿ ਦੂਜੇ ਪਾਸੇ ਕਾਂਗਰਸ ਵੱਲੋਂ ਬਾਲਾਕੋਟ ਬਾਰੇ ਸਬੂਤ ਮੰਗਣ ’ਤੇ ਉਸ ਨੂੰ ਰਾਸ਼ਟਰ ਵਿਰੋਧੀ ਦੱਸਿਆ ਜਾ ਰਿਹਾ ਹੈ। ਉਨਾਂ ਕਿਹਾ, ‘‘ਕੀ ਉਹ (ਭਾਜਪਾ) ਭੁੱਲ ਗਏ ਹਨ ਕਿ ਸਾਲ 1965 ਤੇ 1971 ਵਿੱਚ ਪਾਕਿਸਤਾਨ ਵਿਰੁੱਧ ਭਾਰਤ ਦੀਆਂ ਜੰਗਾਂ ਕਿਸ ਨੇ ਜਿੱਤੀਆਂ ਸਨ। ’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਮੈਂ ਇਕ ਫੌਜੀ ਇਤਿਹਾਸਕਾਰ ਹਾਂ ਅਤੇ ਜੇਕਰ ਮੋਦੀ ਹਵਾਈ ਹਮਲਿਆਂ ਦੇ ਸਬੂਤ ਮੀਡੀਆ ਜਾਂ ਕਾਂਗਰਸ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਉਹ ਮੈਨੂੰ ਭੇਜ ਸਕਦੇ ਹਨ।’’ ਉਨਾਂ ਕਿਹਾ ਕਿ ਭਾਜਪਾ ਲੀਡਰਾਂ ਵੱਲੋਂ ਆਪਣੇ ਭਾਸ਼ਣਾਂ ਵਿੱਚ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ ਜੇਕਰ ਭਾਰਤੀ ਹਵਾਈ ਫੌਜ ਨੇ ਸਫਲਤਾ ਹਾਸਲ ਕੀਤੀ ਹੈ ਤਾਂ ਇਕ ਸਾਬਕਾ ਫੌਜੀ ਅਤੇ ਭਾਰਤੀ ਹੋਣ ਦੇ ਨਾਤੇ ਉਨਾਂ ਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੋਵੇਗਾ।  ਮੁੱਖ ਮੰਤਰੀ ਨੇ ਕਿਹਾ ਕਿ ਬਾਲਾਕੋਟ ਵਿੱਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਬਾਰੇ ਦਾਅਵਿਆਂ ਦੀ ਖੇਡ ਭਾਜਪਾ ਨੇ ਹੀ ਸ਼ੁਰੂ ਕੀਤੀ ਸੀ ਤਾਂ ਕਿ ਉਹ ਹਵਾਈ ਫੌਜ ਦੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਬਣ ਸਕੇ। ਉਨਾਂ ਕਿਹਾ ਕਿ ਕਾਂਗਰਸ ਨੇ ਤਾਂ ਇਨਾਂ ਦਾਅਵਿਆਂ ਬਾਰੇ ਸਬੂਤਾਂ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਭਾਜਪਾ ਨੂੰ ਭਾਰਤੀ ਸੈਨਾਵਾਂ ਦੀ ਵੱਡੀ ਸਫਲਤਾ ਬਾਰੇ ਦੁਨੀਆਂ ਭਰ ਨੂੰ ਦੱਸਣ ਦਾ ਮੌਕਾ ਖੁੰਝਾਉਣਾ ਨਹੀਂ ਚਾਹੀਦਾ।  ਭਾਜਪਾ ਵੱਲੋਂ ਕਾਂਗਰਸ ਵਿਰੁੱਧ ‘ਟੁਕੜਾ-ਟੁਕੜਾ ਗੈਂਗ’ ਦੇ ਲਾਏ ਜਾ ਰਹੇ ਦੋਸ਼ਾਂ ’ਤੇ ਸਖਤ ਤੇਵਰ ਦਿਖਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਸਲ ਵਿੱਚ ਭਾਜਪਾ ਅਤੇ ਇਸ ਦੇ ਲੀਡਰ ਆਪਣੀ ਫੁੱਟਪਾੳੂ ਸਿਆਸਤ ਅਤੇ ਨਾਪਾਕ ਏਜੰਡੇ ਨਾਲ ਮੁਲਕ ਦੇ ਟੁਕੜੇ -ਟੁਕੜੇ ਕਰ ਰਹੇ ਹਨ ਤਾਂ ਕਿ ਧਰਮ ਅਤੇ ਜਾਤ ਆਦਿ ਦੇ ਆਧਾਰ ’ਤੇ ਲੋਕਾਂ ਦਰਮਿਆਨ ਨਫਰਤ ਦੇ ਬੀਜ ਬੀਜੇ ਜਾ ਸਕਣ।  ਮੁੱਖ ਮੰਤਰੀ ਨੇ ਕਿਹਾ ਕਿ ਨਾ ਸਿਰਫ ਭਾਰਤ ਸਗੋਂ ਵਿਸ਼ਵ ਭਾਜਪਾ ਦੀ ਨਫਰਤ ਅਤੇ ਝੂਠ ਸਹਾਰੇ ਕੀਤੀ ਜਾ ਰਹੀ ਰਾਜਨੀਤੀ ਨੂੰ ਦੇਖ ਸਕਦਾ ਹੈ। ਉਨਾਂ ਕਿਹਾ ਕਿ ਮੁਲਕ ਦੇ ਲੋਕ ਦੇਸ਼ ਵਿਰੋਧੀ ਮੋਦੀ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।