• Home
  • ਢੀਂਡਸਾ ਵਲੋਂ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਦਾ ਬੈਂਸ ਨੇ ਕੀਤਾ ਸਵਾਗਤ : ਕਿਹਾ-ਜਾਗਦੀ ਜ਼ਮੀਰ ਵਾਲੇ ਹੋਰ ਆਗੂ ਵੀ ਅੱਗੇ ਆਉਣ

ਢੀਂਡਸਾ ਵਲੋਂ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਦਾ ਬੈਂਸ ਨੇ ਕੀਤਾ ਸਵਾਗਤ : ਕਿਹਾ-ਜਾਗਦੀ ਜ਼ਮੀਰ ਵਾਲੇ ਹੋਰ ਆਗੂ ਵੀ ਅੱਗੇ ਆਉਣ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਤੋਂ ਦਿੱਤੇ ਅਸਤੀਫੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਅਣਖੀ ਤੇ ਜਾਗਦੀ ਜ਼ਮੀਰ ਵਾਲੇ ਹੋਰ ਆਗੂਆਂ ਨੂੰ ਵੀ ਅਸਤੀਫੇ ਦੇ ਕੇ ਅਕਾਲੀ ਦਲ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।
ਬੈਂਸ ਨੇ 'ਖ਼ਬਰ ਵਾਲੇ ਡਾਟ ਕਾਮ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਸੰਸਥਾਪਕ ਤੇ ਮੁਢਲੇ ਆਗੂ ਕੁਰਬਾਨੀ ਦੇ ਪੁੰਜ ਸਨ ਪਰ ਹੁਣ ਇਹ ਪਾਰਟੀ ਪਰਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨਾਂ ਕਿਹਾ ਕਿ ਕਿਸੇ ਵੇਲੇ ਲੋਕਾਂ ਨੂੰ ਅਕਾਲੀ ਦਲ 'ਤੇ ਇੰਨਾ ਭਰੋਸਾ ਸੀ ਕਿ ਉਸ ਦੇ ਆਗੂਆਂ 'ਤੇ ਲੋਕ ਰੱਬ ਵਾਂਗ ਭਰੋਸਾ ਕਰਦੇ ਸਨ ਪਰ ਹੁਣ ਇਹ ਪਾਰਟੀ ਗ਼ਲਤ ਹੱਥਾਂ 'ਚ ਚਲੀ ਗਈ ਹੈ ਜਿਸ ਦੇ ਕੁਝ ਆਗੂ ਨਸ਼ਿਆਂ ਦੇ ਘਿਨੌਣੇ ਧੰਦੇ 'ਚ ਸ਼ਾਮਲ ਹਨ, ਕਈ ਭ੍ਰਿਸ਼ਟਾਚਾਰ 'ਚ ਲਿਪਤ ਹਨ। ਬੈਂਸ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀ ਪਿੱਠ ਪੂਰ ਕੇ ਤਾਂ ਕਈ ਅਕਾਲੀ ਆਗੂਆਂ ਨੇ ਹੱਦ ਹੀ ਕਰ ਦਿੱਤੀ। ਉਨਾਂ ਕਿਹਾ ਕਿ ਜੇਕਰ ਇਹ ਲੋਕ ਆਪਣੀ ਭੁੱਲ ਦੀ ਮੁਆਫ਼ੀ ਮੰਗ ਲੈਂਦੇ ਤਾਂ ਸ਼ਾਇਦ ਲੋਕ ਇਨਾਂ ਨੂੰ ਮੁਆਫ਼ ਕਰ ਦਿੰਦੇ ਪਰ ਉਲਟਾ ਇਨਾਂ ਨਾਨਕ ਨਾਮ ਲੇਵਾ ਸੰਗਤ 'ਤੇ ਗੋਲੀ ਚਲਵਾਈ ਤੇ ਪਰਚੇ ਦਰਜ ਕਰ ਕੇ, ਵੋਟਾਂ ਖ਼ਾਤਰ ਇਕ ਧਿਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ।
ਬੈਂਸ ਨੇ ਸੱਚੇ-ਸੁੱਚੇ ਤੇ ਜਾਗਦੀ ਜ਼ਮੀਰ ਵਾਲੇ ਅਕਾਲੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਕ ਪਰਵਾਰ ਦਾ ਜੂਲਾ ਗਲੋਂ ਲਾਹ ਕੇ ਤੇ ਆਤਮਾ ਦੀ ਆਵਾਜ਼ ਸੁਣ ਕੇ ਲੋਕਾਂ 'ਚ ਆਉਣ ਤੇ ਮੁਆਫ਼ੀ ਮੰਗ ਕੇ ਭੁੱਲ ਬਖ਼ਸ਼ਾਉਣ ਤੇ ਸਿੱਖ ਬੜੇ ਹੀ ਦਿਆਲੂ ਹਨ, ਮੁਆਫ਼ ਕਰ ਦੇਣਗੇ।