• Home
  • ਕੁੰਵਰ ਵਿਜੇ ਪ੍ਰਤਾਪ ਦੇ ਮੁੱਦੇ ਉੱਤੇ ਚੋਣ ਕਮਿਸ਼ਨ ਨੂੰ ਮਿਲਿਆ ‘ਆਪ’ ਦਾ ਵਫ਼ਦ -ਮਾੜੀ ਮਨਸ਼ਾ ਨਾਲ ਕੀਤੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ- ਚੀਮਾ/ ਅਰੋੜਾ

ਕੁੰਵਰ ਵਿਜੇ ਪ੍ਰਤਾਪ ਦੇ ਮੁੱਦੇ ਉੱਤੇ ਚੋਣ ਕਮਿਸ਼ਨ ਨੂੰ ਮਿਲਿਆ ‘ਆਪ’ ਦਾ ਵਫ਼ਦ -ਮਾੜੀ ਮਨਸ਼ਾ ਨਾਲ ਕੀਤੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ- ਚੀਮਾ/ ਅਰੋੜਾ

ਚੰਡੀਗੜ੍ਹ 10 ਅਪ੍ਰੈਲ :ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਕਮੇਟੀ ਸਿਟ ਦੇ ਮੁੱਖ ਮੈਂਬਰ ਅਤੇ ਆਈ ਪੀ ਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਭਾਰਤੀ ਮੁੱਖ ਚੋਣ ਕਮਿਸ਼ਨ ਈਸੀਆਈ ਤੇ ਆਦੇਸ਼ਾਂ ਨਾਲ ਕੀਤੀ ਗਈ ਬਦਲੀ ਦਾ ਸਖ਼ਤ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਸੂਬੇ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਈਸੀਆਈ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਫ਼ੈਸਲੇ ਉੱਤੇ ਮੁੜ ਵਿਚਾਰ ਕਰ ਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਿਟ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਬਹਾਲ ਕੀਤੀ ਜਾਵੇ।
ਰਾਜ ਚੋਣ ਅਧਿਕਾਰੀ ਨਾਲ ਮੁਲਾਕਾਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਸਹੀ ਦਿਸ਼ਾ ਵੱਲ ਵਧਦੀ ਹੋਈ ਨਿਚੋੜ ਉੱਤੇ ਪਹੁੰਚਣ ਵਾਲੀ ਸੀ, ਜੋ ਇਸ ਫ਼ੈਸਲੇ ਨਾਲ ਪ੍ਰਭਾਵਿਤ ਹੋਈ ਹੈ। ਚੀਮਾ ਨੇ ਭਾਰਤੀ ਮੁੱਖ ਚੋਣ ਕਮਿਸ਼ਨ ਵੱਲੋਂ 5 ਅਪ੍ਰੈਲ 2019 ਨੂੰ ਲਿਆ ਗਿਆ ਫ਼ੈਸਲਾ ਪੱਖਪਾਤੀ ਅਤੇ ਮਾੜੀ ਮਨਸ਼ਾ (ਮੈਲਾਫਾਇਡ ਅਟੈਂਸ਼ਨ) ਵਾਲਾ ਫ਼ੈਸਲਾ ਹੈ। ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹ ਚੀਮਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਟੀਵੀ ਚੈਨਲਾਂ ਨੂੰ ਦਿੱਤੀ ਗਈ ਇੰਟਰਵਿਊ ਨੂੰ ਸਿਆਸਤ ਤੋਂ ਪ੍ਰਭਾਵਿਤ ਇੰਟਰਵਿਊ ਕਰਾਰ ਦੇ ਕੇ ਉਨ੍ਹਾਂ ਨੂੰ ਸਿਟ ਮੈਂਬਰ ਤੋਂ ਫ਼ਾਰਗ ਕਰਨਾ ਬਿਲਕੁਲ ਗ਼ਲਤ ਹੈ। ਜਦਕਿ ਉਹ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਅਤੇ ਬੇਕਸੂਰ ਲੋਕਾਂ ਦੀ ਮੌਤ ਦੇ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਸਨ, ਜਿਸ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦਾ ਵਫ਼ਦ ਨਾ ਕੇਵਲ ਪਾਰਟੀ ਬਲਕਿ ਉਨ੍ਹਾਂ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਆਇਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਦੇ ਹਨ ਅਤੇ ਬੇਅਦਬੀ ਅਤੇ ਬਰਗਾੜੀ ਮਾਮਲੇ ਉੱਤੇ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜਾ ਚਾਹੁੰਦੇ ਹਨ।
ਅਮਨ ਅਰੋੜਾ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਦੇ ਮੈਂਬਰ ਵਜੋਂ ਹਟਾਉਣ ਦਾ ਲੋਕਾਂ ਵਿੱਚ ਆਮ ਧਾਰਨਾ ਬਣ ਗਈ ਹੈ ਕਿ ਇਹ ਫ਼ੈਸਲਾ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਦੇ ਦਬਾਅ ਥੱਲੇ ਪੱਖਪਾਤੀ ਅਤੇ ਮਾੜੀ ਮਨਸ਼ਾ ਨਾਲ ਲਿਆ ਗਿਆ ਫ਼ੈਸਲਾ ਹੈ।
'ਆਪ' ਦੇ ਵਫ਼ਦ ਨੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਹਾਲ ਹੀ ਦੌਰਾਨ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਨੇ ਜਨਤਕ ਤੌਰ ਉੱਤੇ ਇੱਕ ਸਿਆਸੀ ਪਾਰਟੀ ਵਿਰੁੱਧ ਬੋਲਿਆ ਹੈ, ਪ੍ਰੰਤੂ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਭਾਰਤੀ ਚੋਣ ਕਮਿਸ਼ਨ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਸਬੰਧੀ ਫ਼ੈਸਲਾ ਸਹੀ ਨੀਅਤ ਨਾਲ ਨਹੀਂ ਲਿਆ ਗਿਆ ਹੈ, ਜੋ ਵਾਪਸ ਹੋਣਾ ਚਾਹੀਦਾ ਹੈ।
ਇਸ ਪਾਰਟੀ ਦੀ ਰਿਵਿਊ ਕਮੇਟੀ ਦੇ ਮੁਖੀ ਹਰਚੰਦ ਸਿੰਘ ਬਰਸਟ,ਪਾਰਟੀ ਸਕੱਤਰ ਜਗਤਾਰ ਸਿੰਘ ਸੰਘੇੜਾ, ਬੁਲਾਰੇ ਨਵਦੀਪ ਸਿੰਘ ਸੰਘਾ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ, ਨੀਲ ਗਰਗ, ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਮੌਜੂਦ ਸਨ।