• Home
  • ਜੀਭ ਨੇ ਡੁਬੋ ਦੇਣੀ ਸੀ ‘ਪ੍ਰਧਾਨਗੀ’ -ਮੰਗ ਲਈ ਭੂੰਦੜ ਨੇ ਮੁਆਫ਼ੀ

ਜੀਭ ਨੇ ਡੁਬੋ ਦੇਣੀ ਸੀ ‘ਪ੍ਰਧਾਨਗੀ’ -ਮੰਗ ਲਈ ਭੂੰਦੜ ਨੇ ਮੁਆਫ਼ੀ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪਿਛਲੇ ਦਿਨ ਬਲਵਿੰਦਰ ਸਿੰਘ ਭੂੰਦੜ ਨਾਲ ਸਬੰਧਤ ਦੋ ਖ਼ਬਰਾਂ ਆਈਆਂ-ਇਕ ਚੰਗੀ ਤੇ ਇਕ ਮਾੜੀ। ਪਹਿਲੀ ਇਹ ਸੀ ਕਿ ਉਸ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਦੂਜੀ ਖਬਰ ਭੂੰਦੜ ਵਿਰੁਧ ਸ਼ਿਕਾਇਤ ਕੀਤੀ ਗਈ। ਭੂੰਦੜ ਨਾਲ ਸਬੰਧਤ ਚੰਗੀ ਖ਼ਬਰ ਤਾਂ ਧੁੰਦਲੀ ਹੋ ਗਈ ਤੇ ਦੂਜੀ ਲੋਕਾਂ 'ਚ ਜ਼ਿਆਦਾ ਘੁੰਮਣ ਲੱਗ ਪਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਮੁਆਫੀ ਮੰਗ ਲਈ ਹੈ।। ਭੂੰਦੜ ਨੇ ਕਿਹਾ ਕਿ ਬਾਦਲ ਲਈ ਇਹ ਸ਼ਬਦ ਉਨਾਂ ਦੇ ਮੂੰਹੋਂ ਅਨਜਾਣੇ ਵਿਚ ਨਿਕਲ ਗਏ ਸਨ, ਇਸ ਲਈ ਉਹ ਗੁਰੂ ਸਾਹਿਬ ਅਤੇ ਸਿੱਖ ਸੰਗਤ ਤੋਂ ਭੁੱਲ ਬਖਸ਼ਾ ਰਹੇ ਹਨ।
ਦੱਸਣਯੋਗ ਹੈ ਕਿ ਐਤਵਾਰ ਨੂੰ ਅਬੋਹਰ ਵਿਚ ਅਕਾਲੀ ਦਲ ਵਲੋਂ ਕਾਂਗਰਸ ਖਿਲਾਫ ਕੀਤੀ ਰੈਲੀ ਗਈ ਸੀ, ਜਿਸ ਵਿਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹਿ ਕੇ ਸੰਬੋਧਨ ਕੀਤਾ ਸੀ। ਜਦਕਿ ਇਹ ਸ਼ਬਦ ਸਿੱਖਾਂ ਵਲੋਂ ਸਿਰਫ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਲਈ ਵਰਤੇ ਜਾਂਦੇ ਹਨ।
ਇਸ ਬਿਆਨ ਤੋਂ ਬਾਅਦ ਭੂੰਦੜ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਨ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਗੁਰਸੇਵਕ ਸਿੰਘ ਹਰਪਾਲਪੁਰ ਨੇ ਜ਼ਿਲਾ ਮੋਹਾਲੀ ਦੇ ਸੋਹਾਣਾ ਥਾਣੇ 'ਚ ਇਸ ਦੀ ਬਕਾਇਦਾ ਸ਼ਿਕਾਇਤ ਵੀ ਦਰਜ ਕਰਵਾਈ ਸੀ। ਗੁਰਸੇਵਕ ਸਿੰਘ ਨੇ ਕਿਹਾ ਸੀ ਕਿ ਭੂੰਦੜ ਦੇ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਐਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਸੂਤਰ ਦਸਦੇ ਹਨ ਕਿ ਭੂੰਦੜ ਦਾ ਪਾਰਟੀ ਅੰਦਰ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਹੋ ਸਕਦਾ ਹੈ ਕਿ ਇਹ ਵਿਰੋਧ ਉਨਾਂ ਨੂੰ ਪ੍ਰਧਾਨਗੀ ਦੀ ਕੁਰਸੀ ਤਕ ਨਾ ਹੀ ਜਾਣ ਦੇਵੇ।