• Home
  • ਹੁਣ ਮੁੱਖ ਮੰਤਰੀ ਦੇ ਸਿਆਸੀ ਸਕੱਤਰਾਂ ਨੂੰ ਵੀ ਮਿਲਣਗੀਆਂ ਸਰਕਾਰੀ ਕੋਠੀਆਂ!

ਹੁਣ ਮੁੱਖ ਮੰਤਰੀ ਦੇ ਸਿਆਸੀ ਸਕੱਤਰਾਂ ਨੂੰ ਵੀ ਮਿਲਣਗੀਆਂ ਸਰਕਾਰੀ ਕੋਠੀਆਂ!

ਚੰਡੀਗੜ, (ਖਬਰ ਵਾਲੇ ਬਿਊਰੋ):। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣ ਆਪਣੇ ਸਿਆਸੀ ਸਕੱਤਰਾਂ 'ਤੇ ਮਿਹਰਬਾਨ ਹੋ ਗਏ ਹਨ, ਕਿਉਂਕਿ ਹੁਣ ਮੁੱਖ ਮੰਤਰੀ ਨੇ ਆਪਣੇ ਸਿਆਸੀ ਸਕੱਤਰਾਂ ਨੂੰ ਚੰਗੀ ਕੋਠੀ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਥੇ ਹੀ ਜੇਕਰ ਕੋਈ ਵੀ ਸਿਆਸੀ ਸਕੱਤਰ ਕੋਠੀ ਲੈਣ ਨੂੰ ਤਿਆਰ ਨਹੀਂ ਹੋਵੇਗਾ ਤਾਂ ਉਹ ਨੂੰ ਸਰਕਾਰ ਹਰ ਮਹੀਨੇ 25 ਹਜ਼ਾਰ ਰੁਪਏ ਹਾਊਸ ਰੈਂਟ ਦੇ ਤੌਰ 'ਤੇ ਦੇਵੇਗੀ। ਇਸ ਸਬੰਧੀ ਫਾਈਲ ਤਿਆਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਕੱਤਰੇਤ ਪ੍ਰਸਾਸਨ ਵਲੋਂ ਭੇਜੀ ਜਾ ਰਹੀ ਹੈ, ਜਿਹੜੀ ਕਿ ਜਲਦ ਹੀ ਪੰਜਾਬ ਕੈਬਨਿਟ ਵਿੱਚ ਪੇਸ਼ ਹੋਵੇਗੀ, ਜਿਥੇ ਕਿ ਇਸ ਫਾਈਲ ਨੂੰ ਪਾਸ ਕਰਦੇ ਹੋਏ ਇਜਾਜ਼ਤ ਦੇ ਦਿੱਤੀ ਜਾਏਗੀ।
ਜਾਣਕਾਰੀ ਅਨੁਸਾਰ ਇਸ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਿਆਸੀ ਸਕੱਤਰ ਦੇ ਤੌਰ 'ਤੇ ਕੈਪਟਨ ਸੰਦੀਪ ਸੰਧੂ, ਕਰਨਪਾਲ ਸੇਖੋ, ਮੇਜਰ ਅਮਰਦੀਪ ਸਿੰਘ ਅਤੇ ਵਿਮਲ ਸੁੰਬਲੀ ਚਲ ਰਹੇ ਹਨ ਅਤੇ ਹੁਣ ਤੱਕ ਇਨਾਂ ਨੂੰ ਕਿਸੇ ਵੀ ਤਰਾਂ ਦਾ ਮਕਾਨ ਭੱਤਾ ਜਾਂ ਫਿਰ ਸਰਕਾਰੀ ਮਕਾਨ ਚੰਡੀਗੜ ਵਿਖੇ ਦੇਣ ਦੀ ਕੋਈ ਵੀ ਤਜਵੀਜ਼ ਨਹੀਂ ਸੀ।ਜਿਸ ਕਾਰਨ ਹੁਣ ਇਨਾਂ ਚਾਰਾ ਲਈ ਮੁੱਖ ਤੌਰ 'ਤੇ ਨਿਯਮਾਂ ਵਿੱਚ ਫੇਰਬਦਲ ਕਰਦੇ ਹੋਏ ਇਹ ਤਜਵੀਜ਼ ਕੀਤੀ ਜਾ ਰਹੀਂ ਹੈ ਕਿ ਇਹ ਚਾਰੇ ਚੰਡੀਗੜ ਵਿਖੇ ਸਰਕਾਰੀ ਕੋਠੀ ਜਾਂ ਫਿਰ 25 ਹਜ਼ਾਰ ਰੁਪਏ ਮਕਾਨ ਭੱਤਾ ਲੈ ਸਕਣਗੇ। ਇਸ ਸਬੰਧੀ ਨਿਯਮਾਂ ਵਿੱਚ ਫੇਰਬਦਲ ਕਰਨ ਸਬੰਧੀ ਫਾਈਲ ਤਿਆਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਗਈ ਹੈ ਅਤੇ 20 ਸਤੰਬਰ ਤੋਂ ਬਾਅਦ ਆਉਣ ਵਾਲੀ ਕਿਸੇ ਵੀ ਕੈਬਨਿਟ ਵਿੱਚ ਇਸ ਨੂੰ ਪੇਸ਼ ਕਰਦੇ ਹੋਏ ਪਾਸ ਕੀਤਾ ਜਾ ਸਕਦਾ ਹੈ।