• Home
  • ਪੰਜਾਬ ਰਾਜ ਖੇਡਾਂ ਅੰ-25(ਵੂਮੈਨ) -24 ਮਾਰਚ ਨੂੰ ਸਪੋਰਟਸ ਸੈਕਟਰੀ ਕਰਨਗੇ ਤਿੰਨ ਰੋਜ਼ਾ ਖੇਡਾਂ ਦੀ ਓਪਨਿੰਗ

ਪੰਜਾਬ ਰਾਜ ਖੇਡਾਂ ਅੰ-25(ਵੂਮੈਨ) -24 ਮਾਰਚ ਨੂੰ ਸਪੋਰਟਸ ਸੈਕਟਰੀ ਕਰਨਗੇ ਤਿੰਨ ਰੋਜ਼ਾ ਖੇਡਾਂ ਦੀ ਓਪਨਿੰਗ

-ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ

ਮਾਨਸਾ, 08 ਫਰਵਰੀ : ਪੰਜਾਬ ਰਾਜ ਖੇਡਾਂ ਅੰ-25(ਵੂਮੈਨ) 24 ਮਾਰਚ ਤੋਂ 27 ਮਾਰਚ ਤੱਕ ਕਰਵਾਈਆਂ ਜਾ ਰਹੀਆਂ ਹਨ, ਜਿਸ ਦੀ ਓਪਨਿੰਗ 24 ਮਾਰਚ ਨੂੰ ਸਪੋਰਟਸ ਸੈਕਟਰੀ ਸ੍ਰੀ ਸੰਜੇ ਕੁਮਾਰ ਆਈ.ਏ.ਐਸ. ਦੁਆਰਾ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਕੀਤੀ ਜਾਵੇਗੀ ਅਤੇ ਇਸ ਉਪਰੰਤ 25 ਤੋਂ 27 ਮਾਰਚ ਤੱਕ ਖੇਡਾਂ ਹੋਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੰਦਰੁਸਤ ਮਾਨਸਾ ਦੇ ਤਹਿਤ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਲਈ ਪੁਖ਼ਤੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰ ਵਿਭਾਗ ਆਪਣਾ ਅਹਿਮ ਰੋਲ ਅਦਾ ਕਰੇ ਅਤੇ ਦਿਲ ਲਗਾ ਕੇ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਕਰਵਾਈਆਂ ਜਾ ਰਹੀਆਂ ਲੜਕੀਆਂ ਦੀਆਂ ਇਹ ਖੇਡਾਂ ਪੰਜਾਬ ਸਰਕਾਰ ਦੇ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਲਈ ਇਕ ਵੱਡਾ ਹੁੰਗਾਰਾ ਹੈ।
    ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਰੋਜ਼ਾ ਖੇਡਾਂ ਵਿਚ ਭਾਗ ਲੈਣ ਲਈ ਸਾਰੇ ਜ਼ਿਲ੍ਹਿਆਂ ਤੋਂ ਲੜਕੀਆਂ ਆਉਣਗੀਆਂ ਜਿੰਨਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਖੇਡ੍ਹ ਅਫ਼ਸਰ ਨੂੰ ਖਿਡਾਰੀਆਂ ਨੂੰ ਰਿਹਾਇਸ਼ ਤੋਂ ਖੇਡ ਮੈਦਾਨ ਤੱਕ ਲੈ ਕੇ ਆਉਣ ਅਤੇ ਛੱਡਣ ਲਈ ਲਗਾਈਆਂ ਬੱਸਾਂ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਕਿਹਾ ਅਤੇ ਸਿਹਤ ਵਿਭਾਗ ਨੂੰ ਖਿਡਾਰੀਆਂ ਦੀ ਰਿਹਾਇਸ਼ ਅਤੇ ਖੇਡਾਂ ਦੇ ਸਥਾਨ ਤੇ ਮੈਡੀਕਲ ਵੈਨਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮੌਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਖੇਡਾਂ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ।
    ਜ਼ਿਲ੍ਹਾ ਖੇਡ ਅਫ਼ਸਰ ਸ੍ਰ. ਹਰਪਿੰਦਰ ਸਿੰਘ ਨੇ ਦੱਸਿਆ ਕਿ 24 ਮਾਰਚ ਦੀ ਸ਼ਾਮ 6 ਵਜੇ ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਇਨ੍ਹਾਂ ਖੇਡਾਂ ਦੀ ਓਪਨਿੰਗ ਕੀਤੀ ਜਾਵੇਗੀ, ਜਿੱਥੇ ਸੱਭਿਆਚਾਰਕ ਸੰਗੀਤਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਇਸ ਉਪਰੰਤ ਮੁੱਖ ਮਹਿਮਾਨ ਦੁਆਰਾ ਸਪੋਰਟਸ ਫਲੈਗ ਲਹਿਰਾਉਣ ਤੋਂ ਬਾਅਦ ਗੇਮਾਂ ਦੀ ਸ਼ੁਰੂਆਤ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਤਕਰੀਬਨ 2400 ਖਿਡਾਰੀ ਭਾਗ ਲੈਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਸਮਾਗਮ ਦੇ ਪ੍ਰਬੰਧਾਂ ਦੀ ਰੂਪਰੇਖਾ ਉਲੀਕ ਲਈ ਗਈ ਹੈ ਅਤੇ ਇਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਦਾ ਝੁਕਾਅ ਖੇਡਾਂ ਵੱਲ ਹੋ ਸਕੇ।