• Home
  • ਮਜੀਠੀਆ ਕਿਸਾਨ ਨੂੰ ਦਿੱਤੀ ਰਕਮ ਦੇ ਵੇਰਵੇ ਦੇਵੇ ਜਾਂ ਈ.ਡੀ. ਜਾਂਚ ਲਈ ਤਿਆਰ ਰਹੇ : ਸੁਖਜਿੰਦਰ ਸਿੰਘ ਰੰਧਾਵਾ

ਮਜੀਠੀਆ ਕਿਸਾਨ ਨੂੰ ਦਿੱਤੀ ਰਕਮ ਦੇ ਵੇਰਵੇ ਦੇਵੇ ਜਾਂ ਈ.ਡੀ. ਜਾਂਚ ਲਈ ਤਿਆਰ ਰਹੇ : ਸੁਖਜਿੰਦਰ ਸਿੰਘ ਰੰਧਾਵਾ

ਬੁੱਧ ਸਿੰਘ ਦੀ ਤਰਸਯੋਗ ਹਾਲਤ ਤੋਂ ਸਿਆਸੀ ਲਾਹਾ ਲੈ ਕੇ ਮਜੀਠੀਆ ਨੀਵੇਂ ਪੱਧਰ ਦੀ ਸਿਆਸਤ ਖੇਡ ਰਿਹਾ

ਚੰਡੀਗੜ੍ਹ, 10 ਫਰਵਰੀ :

ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਿਰ ਯੂਥ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਇਹ ਦਾਅਵਾ ਕਰਦੇ ਹਨ ਕਿ ਕਿਸਾਨ ਬੁੱਧ ਰਾਮ ਨੂੰ ਦਿੱਤੇ ਪੈਸੇ ਕਾਨੂੰਨੀ ਸਰੋਤ ਤੋਂ ਆਏ ਹਨ ਤਾਂ ਉਹ (ਮਜੀਠੀਆ) ਇਨ੍ਹਾਂ ਪੈਸਿਆਂ ਸਬੰਧੀ ਸਥਿਤੀ ਸਪੱਸ਼ਟ ਕਰਨ ਅਤੇ ਅਜਿਹਾ ਕਰਨ ਵਿੱਚ ਨਾਕਾਮ ਰਹਿਣ ਦੀ ਸੂਰਤ ਵਿੱਚ ਈ.ਡੀ. ਜਾਂਚ ਲਈ ਤਿਆਰ ਰਹਿਣ।

ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿੱਚ ਈ.ਡੀ. ਜਾਂਚ ਦੀ ਮੰਗ ਕੀਤੀ ਕੀਤੀ ਹੈ ਕਿਉਂ ਕਿ ਮਜੀਠੀਆ ਸਰਕਾ ਦਾ ਹਿੱਸਾ ਨਹੀਂ ਅਤੇ ਇਹ ਦੱਸਣ ਵਿੱਚ ਵੀ ਅਸਫ਼ਲ ਰਿਹਾ ਕਿ ਉਸਨੇ ਕਿਸ ਸਰੋਤ ਤੋਂ ਇਹ ਪੇਸੇ ਉਕਤ ਕਿਸਾਨ ਨੂੰ ਦਿੱਤੇ ਹਨ।

ਇਸ ਨਾਜ਼ੁਕ ਮੁੱਦੇ ਦਾ ਲਾਹਾ ਲੈ ਕੇ ਹਮਦਰਦੀ ਅਤੇ ਭਾਵਨਾਤਮਕ ਸਮਰਥਨ ਲੈਣ ਲਈ ਮਜੀਠੀਆ ਦੀ ਸਾਜਿਸ਼ ਤੋਂ ਪਰਦਾ ਉਠਾਉਂਦਿਆਂ ਸ. ਰੰਧਾਵਾ ਨੇ ਅੱਗੇ ਕਿਹਾ ਕਿ ਇਹ ਮੁੱਦਾ ਲੋਕਾਂ ਦੇ ਧਿਆਨ ਵਿੱਚ ਲਿਆਉਣਾ ਵੀ ਅਤਿ ਜ਼ਰੂਰੀ ਹੈ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿੱਤੇ ਜਦ ਕਿ ਰਿਕਾਰਡ ਅਨੁਸਾਰ ਉਸਦਾ ਕਰਜ਼ਾ 1.76 ਲੱਖ ਰੁਪਏ ਬਣਦਾ ਹੈ। ਇਹ ਸਾਰੇ ਤੱਥ ਇਸ ਗੱਲ ਵੱਲ ਇਸ਼ਾਰੇ ਕਰਦੇ ਹਨ ਕਿ ਮਜੀਠੀਆ ਪੈਸਿਆਂ ਨਾਲ ਬੁੱਧ ਸਿੰਘ ਦੀ ਆਵਾਜ਼ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਪੈਸਿਆਂ ਦੇ ਸਰੋਤ ਦਾ ਖੁਲਾਸਾ ਕਰਨਾ ਹੀ ਹੋਵੇਗਾ।

ਸ. ਰੰਧਾਵਾ ਨੇ ਕਿਹਾ ਕਿ ਇਸਦੇ ਨਾਲ ਹੀ ਅਕਾਲੀ ਆਗੂ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਆਪਣੇ ਹਲਕੇ ਵਿੱਚੋਂ ਕਿਸੇ ਗਰੀਬ ਪਰਿਵਾਰ ਦੀ ਸਹਾਇਤਾ ਕਰਨ ਦੀ ਬਜਾਏ ਉਸਨੇ ਹੋਰ ਇਲਾਕੇ ਦੇ ਕਿਸਾਨ ਨੂੰ ਕਿਉਂ ਚੁਣਿਆ। ਸ. ਰੰਧਾਵਾ ਨੇ ਅੱਗੇ ਕਿਹਾ ਕਿ ਇਹ ਘਟਨਾਵਾਂ ਇਸ ਗੱਲ ਦਾ ਸੰਕਤੇ ਹਨ ਕਿ ਸਿਆਸੀ ਲਾਹਾ ਖੱਟਣ ਲਈ ਮਜੀਠੀਆ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਕਿਸ ਤਰ੍ਹਾਂ ਧੋਖਾ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੈਸਿਆਂ ਦੀ ਵਰਤੋਂ ਨਾਲ ਆਪਣੇ ਸਿਆਸੀ ਹਿੱਤ ਪੁਗਾਉਣ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਜੀਠੀਆ ਪੈਸੇ ਦੀ ਤਾਕਤ ਨਾਲ ਲੋਕਤੰਤਰ ਨੂੰ ਖਰੀਦਣਾ ਚਾਹੁੰਦਾ ਹੈ ਜੋ ਕਿ ਦੇਸ਼ ਵਿੱਚ ਬਿਲਕੁਲ ਵੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੇ 10 ਸਾਲਾਂ ਦੇ ਸ਼ਾਸ਼ਾਨ ਦੌਰਾਨ ਪੈਸੇ ਅਤੇ ਲੋਕਾਂ ਦੀ ਤਾਕਤ ਦੀ ਦੁਰਵਰਤੋਂ ਕੀਤੀ ਗਈ ਜਿਸ ਲਈ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ, ਪਰ ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੇ (ਅਕਾਲੀ ਦਲ) ਇਸ ਤੋਂ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀ ਕਰਜ਼ਾ ਸਕੀਮ ਪਹਿਲਾਂ ਹੀ ਕਾਰਵਾਈ ਅਧੀਨ ਹੈ।

ਮਜੀਠੀਆ ਵੱਲੋਂ ਉਠਾਏ ਗਏ ਅਸਤੀਫ਼ੇ ਦੀ ਮੰਗ ਦੇ ਮੁੱਦੇ 'ਤੇ ਆਉਂਦਿਆਂ ਸ. ਰੰਧਾਵਾ ਨੇ ਕਿਹਾ ਕਿ ਮਜੀਠੀਆ ਨੂੰ ਉਹ ਦਿਨ ਨਹੀਂ ਭੁੱਲਣੇ ਚਾਹੀਦੇ ਜਦੋਂ ਉਹ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਪਰ ਬਾਦਲ ਮੰਡਲੀ ਨੇ ਉਸਨੂੰ ਬਚਾਉਣ ਲਈ ਆਪਣੀ ਆਪਣੀ ਪੂਰੀ ਵਾਹ ਲਾ ਦਿੱਤੀ ਅਤੇ ਉਸਨੇ ਕਦੇ ਵੀ ਅਸਤੀਫੇ ਦੀ ਪੇਸ਼ਕਸ਼ ਨਹੀਂ ਦਿੱਤੀ।

ਸ. ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਲੋਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਜੀਠੀਆ ਨੂੰ ਬਚਾਉਣ ਲਈ ਤਤਕਾਲੀ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਬਲੀ ਦੇ ਬੱਕਰੇ ਦੀ ਤਰ੍ਹਾਂ ਇਸਤੇਮਾਲ ਕਰਕੇ ਅਸਤੀਫੇ ਲਈ ਮਜ਼ਬੂਰ ਕੀਤਾ ਗਿਆ ਜਦ ਕਿ ਫਿਲੌਰ ਦਾ ਇਸ ਵਿੱਚ ਕੋਈ ਭੂਮਿਕਾ ਨਹੀਂ ਸੀ ਅਤੇ ਉਸਦੇ ਪੁੱਤਰ ਦਮਨਵੀਰ ਫਿਲੌਰ ਦਾ ਨਾਮ ਹਟਾ ਦਿੱਤਾ ਗਿਆ ਸੀ ਜੋ ਕਿ ਜਾਂਚ ਅਧੀਨ ਸੀ।

ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਮਜੀਠੀਆ ਦੀ ਸਿਆਸੀ ਖੇਡ ਲੁਕੀ ਨਹੀਂ ਰਹੀ ਕਿਉਂ ਕੇ ਫਿਲੌਰ ਨੇ ਸੁਪਰੀਮ ਕੋਰਟ ਦੀ ਪਟੀਸ਼ਨ ਵਿੱਚ ਸਾਫ਼ ਕਿਹਾ ਸੀ ਕਿ ਉਸਨੂੰ ਸਿਆਸੀ ਲਾਹਾ ਲੈਣ ਲਈ ਇਸ ਕੇਸ ਵਿੱਚ ਜਾਣ-ਬੁੱਝ ਕੇ ਫਸਾਇਆ ਗਿਆ ਹੈ। ਇਸ ਬਾਅਦ ਫਿਲੌਰ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ

ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕੋਈ ਵਿਅਕਤੀ ਜੋ ਉਸ ਸਮੇਂ ਨਸ਼ਾ ਤਸਕਰੀ ਲਈ ਈ.ਡੀ. ਨਿਗਰਾਨੀ ਹੇਠ ਸੀ, ਉਸਨੇ ਕਦੇ ਵੀ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਨਹੀਂ ਕੀਤੀ। ਕਿਸਾਨ ਨੂੰ ਪੈਸੇ/ਰਿਸ਼ਵਤ ਦੇਣ ਦੇ ਮਾਮਲੇ ਜਿਸ ਵਿੱਚ ਅਕਾਲੀ ਆਗੂ ਪੈਸੇ ਦੇ ਸਰੋਤ ਬਾਰੇ ਦੱਸਣ ਵਿੱਚ ਅਸਫ਼ਲ ਰਿਹਾ, ਵਿੱਚ ਈ.ਡੀ. ਜਾਂਚ ਦੀ ਮੰਗ ਕਰਦਿਆਂ ਸ. ਰੰਧਾਵਾ ਨੇ ਮਜੀਠੀਆ ਦੇ ਅਸਤੀਫ਼ੇ ਦੀ ਮੰਗ ਕੀਤੀ।

ਸ. ਰੰਧਾਵਾ ਨੇ ਕਿਹਾ ਕਿ ਮੰਤਰੀ ਵਜੋਂ ਉਹ ਅਸਤੀਫ਼ੇ ਦੀ ਮੰਗ ਕਰ ਸਕਦੇ ਹਨ ਅਤੇ ਇਹ ਈ.ਡੀ. ਏਜੰਸੀ ਦੀ ਡਿਊਟੀ ਬਣਦੀ ਹੈ ਕਿ ਉਹ ਚਾਰਜਾਂ ਨੂੰ ਸਿੱਧ ਕਰੇ ਅਤੇ ਜੇ ਮਜੀਠੀਆ ਵੀ ਇਹ ਖ਼ੁਦ ਮੰਨਦਾ ਹੈ ਕਿ ਉਸਨੇ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਵਿੱਚ ਵਿਘਨ ਪਾਉਣ ਦੀ ਗਲਤੀ ਕੀਤੀ ਹੈ ਤਾਂ ਉਸਨੂੰ ਪੈਸੇ ਦੇ ਸਰੋਤ ਦਾ ਖ਼ੁਲਾਸ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ (ਰੰਧਾਵਾ) ਏਜੰਸੀ ਨੂੰ ਮਜੀਠੀਆ ਤਾਂ ਪੁੱਛਗਿੱਛ ਲਈ ਕਹਿਣਗੇ ਕਿਉਂ ਕਿ ਮਜੀਠੀਆ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਅਤੇ ਹੋਰ ਮਾਫ਼ੀਆ ਜਿਵੇਂ ਮਾਈਨਿੰਗ ਅਤੇ ਸ਼ਰਾਬ ਮਾਫ਼ੀਆ ਨਾਲ ਮਿਲੀਭੁਗਤ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।