• Home
  • ਰਾਣਾ ਸੋਢੀ ਵਲੋਂ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਰਾਣਾ ਸੋਢੀ ਵਲੋਂ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਘੇ ਕੁਮੈਂਟੇਟਰ ਜਸਦੇਵ ਸਿੰਘ ਦੇ ਤੁਰ ਜਾਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਤੁਰ ਜਾਣ ਨੂੰ ਟੀ.ਵੀ. ਤੇ ਰੇਡੀਓ ਦੇ ਕੁਮੈਂਟਰੀ ਖੇਤਰ ਅਤੇ ਖਾਸ ਕਰ ਕੇ ਖੇਡਾਂ ਦੇ ਖੇਤਰ ਨੂੰ ਵੱਡਾ ਘਾਟਾ ਕਰਾਰ ਦਿੱਤਾ। ਸ੍ਰੀ ਜਸਦੇਵ ਸਿੰਘ 87 ਵਰਿਆਂ ਦੇ ਸਨ।
ਖੇਡ ਮੰਤਰੀ ਨੇ ਸ੍ਰੀ ਜਸਦੇਵ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੀ ਖੇਡਾਂ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ ਜਿਨਾਂ ਦੀ ਆਵਾਜ਼ ਵਿੱਚ ਅਜਿਹਾ ਜਾਦੂ ਸੀ ਕਿ ਪੂਰਾ ਦੇਸ਼ ਖੇਡ ਮੁਕਾਬਲਿਆਂ ਦਾ ਵਰਣਨ ਸੁਣਨ ਲਈ ਰੇਡੀਓ ਅੱਗੇ ਜੁੜ ਕੇ ਬੈਠ ਜਾਂਦਾ ਸੀ। ਉਨਾਂ ਕਿਹਾ ਕਿ ਸ੍ਰੀ ਜਸਦੇਵ ਸਿੰਘ ਨੇ 9 ਓਲੰਪਿਕ ਖੇਡਾਂ ਸਮੇਤ ਏਸ਼ਿਆਈ ਖੇਡਾਂ ਅਤੇ ਹਾਕੀ ਵਿਸ਼ਵ ਕੱਪ ਮੁਕਾਬਲਿਆਂ ਦੀ ਕੁਮੈਂਟਰੀ ਕੀਤੀ। ਰਾਣਾ ਸੋਢੀ ਨੇ ਆਪਣੇ ਖੇਡ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨਾਂ ਨੂੰ ਯਾਦ ਹੈ ਕਿ ਜਦੋਂ ਉਹ 1978 ਦੀਆਂ ਏਸ਼ਿਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਸਨ ਤਾਂ ਜਸਦੇਵ ਸਿੰਘ ਦੀ ਕੁਮੈਂਟਰੀ ਦੇਸ਼ ਵਾਸੀਆਂ ਨੂੰ ਖੇਡ ਮੁਕਾਬਲਿਆਂ ਨਾਲ ਜੋੜ ਰਹੀ ਸੀ।
ਰਾਣਾ ਸੋਢੀ ਨੇ ਕਿਹਾ ਕਿ ਜਸਦੇਵ ਸਿੰਘ ਵੱਲੋਂ ਕਈ ਵਰੇ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਦੇ ਕੌਮੀ ਪੱਧਰ ਦੇ ਸਮਾਰੋਹਾਂ ਦੀ ਕੁਮੈਂਟਰੀ ਕੀਤੀ ਗਈ। ਭਾਰਤ ਸਰਕਾਰ ਵੱਲੋਂ ਉਨਾਂ ਨੂੰ 'ਪਦਮ ਭੂਸ਼ਣ' ਤੇ 'ਪਦਮ ਸ੍ਰੀ' ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ।
ਖੇਡ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਉਨਾਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।