• Home
  • ਲੌਂਗੋਵਾਲ ਨੇ ਦਿੱਲੀ ਪੁਲਿਸ ਵੱਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ -ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ

ਲੌਂਗੋਵਾਲ ਨੇ ਦਿੱਲੀ ਪੁਲਿਸ ਵੱਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ -ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 17 ਜੂਨ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਪੁਲਿਸ ਵੱਲੋਂ ਇਕ ਸਿੱਖ ਅਤੇ ਉਸ ਦੇ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੁਟਮਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆਂ ਭਰਿਆ ਵਰਤਾਰਾ ਦੇਸ਼ ਦੇ ਮੱਥੇ ’ਤੇ ਕਲੰਕ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਿਸੇ ਮਾਮਲੇ ਵਿਚ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਕਾਨੂੰਨੀ ਢੰਗ ਨਾਲ ਹੀ ਨਜਿੱਠਿਆ ਜਾਣਾ ਚਾਹੀਦਾ ਹੈ, ਨਾ ਕਿ ਅਣਮਨੁੱਖੀ ਤਸੀਹੇ ਦੇ ਕੇ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਅਨੁਸਾਰ ਦਿੱਲੀ ਪੁਲਿਸ ਵੱਲੋਂ ਜਿਸ ਬੇਰਹਿਮੀ ਨਾਲ ਸਿੱਖ ਤੇ ਉਸ ਦੇ ਪੁੱਤਰ ਨੂੰ ਕੁੱਟਿਆ ਗਿਆ, ਉਸ ਦੀ ਸਖ਼ਤੀ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਰਹੀ ਹੈ, ਜਿਸ ਨੇ ਪੀੜਤ ਸਿੱਖ ਪਰਿਵਾਰ ਦੀ ਮੱਦਦ ਲਈ ਠੋਸ ਕਦਮ ਉਠਾਏ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਘੱਟ ਗਿਣਤੀ ਸਿੱਖਾਂ ’ਤੇ ਦੇਸ਼ ਅੰਦਰ ਹੁੰਦੇ ਅਜਿਹੇ ਮਾਰੂ ਹਮਲਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਅਤੇ ਹਰ ਸੂਬੇ ਦੀ ਸਰਕਾਰ ਨੂੰ ਸਖ਼ਤੀ ਨਾਲ ਹਦਾਇਤ ਕਰਨ ਤਾਂ ਜੋ ਦੇਸ਼ ਅੰਦਰ ਘੱਟ ਗਿਣਤੀ ਲੋਕਾਂ ਨਾਲ ਧੱਕਾ ਨਾ ਹੋਵੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਸਮੇਂ ਮੂਕ ਦਰਸ਼ਕ ਬਣ ਕੇ ਨਾ ਵੇਖਦੇ ਰਹਿਣ, ਸਗੋਂ ਹੋ ਰਹੇ ਅਨਿਆਂ ਨੂੰ ਰੋਕਣ ਲਈ ਇਕਜੁਟ ਹੋਣ ਕੇ ਅਵਾਜ਼ ਉਠਾਉਣ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਉਪਰੋਕਤ ਮਾਮਲੇ ਸਬੰਧੀ ਪੱਤਰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰ ਰਾਹੀਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਢੁੱਕਵੇਂ ਕਦਮ ਉਠਾਉਣ ਲਈ ਵੀ ਕਿਹਾ ਗਿਆ ਹੈ।