• Home
  • ਲੁਧਿਆਣਾ ਦਾ ਸਿਹਤ ਵਿਭਾਗ ਮਿਲਾਵਟਖੋਰਾਂ ਪ੍ਰਤੀ ਹੋਇਆ ਸਖ਼ਤ-ਕੈਮੀਕਲ ਨਾਲ ਪਕਾਈਆਂ ਸਬਜ਼ੀਆਂ ਤੇ ਫਲ ਕੀਤੇ ਨਸ਼ਟ ,ਨਮੂਨੇ ਲਏ

ਲੁਧਿਆਣਾ ਦਾ ਸਿਹਤ ਵਿਭਾਗ ਮਿਲਾਵਟਖੋਰਾਂ ਪ੍ਰਤੀ ਹੋਇਆ ਸਖ਼ਤ-ਕੈਮੀਕਲ ਨਾਲ ਪਕਾਈਆਂ ਸਬਜ਼ੀਆਂ ਤੇ ਫਲ ਕੀਤੇ ਨਸ਼ਟ ,ਨਮੂਨੇ ਲਏ

ਲੁਧਿਆਣਾ, 18 ਜੂਨ (ਖ਼ਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ•ਾ ਲੁਧਿਆਣਾ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਰਸਾਇਣ ਰਹਿਤ ਭੋਜਨ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਜਾਰੀ ਹਨ। ਭੋਜਨ ਵਿੱਚ ਮਿਲਾਵਟ ਅਤੇ ਫ਼ਲਾਂ ਸਬਜ਼ੀਆਂ ਨੂੰ ਰਸਾਇਣਾਂ ਨਾਲ ਪਕਾਉਣ ਵਾਲਿਆਂ 'ਤੇ ਸ਼ਿਕੰਜਾ ਕਸਣ ਲਈ ਸਿਹਤ ਵਿਭਾਗ ਵੱਲੋਂ ਮੁਹਿੰਮ ਲਗਾਤਾਰ ਜਾਰੀ ਹੈ। ਮਿਸ਼ਨ ਸ਼ੁਰੂ ਹੋਣ ਤੋਂ ਹੁਣ ਤੱਕ ਕੀਤੀ ਗਈ ਕਾਰਵਾਈ ਤਹਿਤ ਖਾਧ ਪਦਾਰਥਾਂ ਦੇ 68 ਨਮੂਨੇ ਲਏ ਗਏ ਹਨ ਅਤੇ 7 ਕੁਇੰਟਲ ਦੇ ਕਰੀਬ ਨਸ਼ਟ ਕਰਵਾਇਆ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਸਿਹਤ ਅਫ਼ਸਰ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਦੁੱਧ ਅਤੇ ਦੁੱਧ ਨਾਲ ਤਿਆਰ ਪਦਾਰਥਾਂ ਦੇ 28 ਨਮੂਨੇ, ਫ਼ਲਾਂ ਦੇ 14 ਨਮੂਨੇ, ਬਰਫ਼ ਦੇ 2 ਨਮੂਨੇ, ਪਾਨ ਮਸਾਲਾ ਦਾ ਇੱਕ ਨਮੂਨਾ, ਕਾਰਬੋਨੇਟਡ ਪਾਣੀ ਦੇ 7 ਨਮੂਨੇ, ਪੈਕਡ ਪੀਣ ਵਾਲੇ ਪਾਣੀ ਦੇ 2 ਨਮੂਨੇ, ਚੱਟਣੀ ਦਾ 1 ਨਮੂਨਾ ਲਿਆ ਗਿਆ। ਇਸ ਤੋਂ ਇਲਾਵਾ ਕਰਿਆਨਾ ਅਤੇ ਬੇਕਰੀ ਦੇ ਪਦਾਰਥਾਂ ਦੇ ਵੀ 13 ਨਮੂਨੇ ਲੈ ਕੇ ਜਾਂਚ ਲਈ ਖਰੜ ਸਥਿਤ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਗਏ ਹਨ। ਜਾਂਚ ਰਿਪੋਰਟ ਆਉਣ 'ਤੇ ਮਿਲਾਵਟ ਕਰਨ ਵਾਲੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
ਇਸ ਤੋਂ ਇਲਾਵਾ ਜੋ ਫ਼ਲ, ਸਬਜ਼ੀਆਂ ਅਤੇ ਹੋਰ ਪਦਾਰਥ ਸਿੱਧੇ ਤੌਰ 'ਤੇ ਮਿਲਾਵਟੀ ਜਾਂ ਰਸਾਇਣਾਂ ਨਾਲ ਤਿਆਰ ਪਾਏ ਜਾਂਦੇ ਹਨ, ਉਨ•ਾਂ ਨੂੰ ਤੁਰੰਤ ਮੌਕੇ 'ਤੇ ਨਸ਼ਟ ਕੀਤਾ ਜਾਂਦਾ ਹੈ। ਮੁਹਿੰਮ ਦੌਰਾਨ 7 ਕੁਇੰਟਲ ਦੇ ਕਰੀਬ ਫ਼ਲ, ਸਬਜ਼ੀਆਂ ਅਤੇ ਹੋਰ ਪਦਾਰਥ ਨਸ਼ਟ ਕੀਤੇ ਗਏ ਹਨ। ਇਨ•ਾਂ ਵਿੱਚ ਚਾਰ ਕੁਇੰਟਲ ਗੋਭੀ, ਡੇਢ ਕੁਇੰਟਲ ਪਪੀਤਾ, 50 ਕਿਲੋ ਅੰਬ, 20 ਕਿਲੋ ਕੇਲੇ, 40 ਕਿਲੋ ਟਮਾਟਰ, 40 ਕਿਲੋ ਮਿਕਸ ਫਰੂਟ, ਬੇਕਰੀ ਵਿੱਚ ਵਰਤੇ ਜਾਣ ਵਾਲੇ ਰੰਗ, ਭੂਰੀ ਸ਼ੱਕਰ ਆਦਿ ਸ਼ਾਮਿਲ ਹੈ। ਉਨ•ਾਂ ਕਿਹਾ ਕਿ ਉਨ•ਾਂ ਦੇ ਵਿਭਾਗ ਵੱਲੋਂ ਖਾਧ ਪਦਾਰਥਾਂ ਦੇ ਨਮੂਨੇ ਲੈਣ ਅਤੇ ਰਸਾਇਣਾਂ ਨਾਲ ਤਿਆਰ ਕੀਤੇ ਖਾਧ ਪਦਾਰਥਾਂ ਨੂੰ ਨਸ਼ਟ ਕਰਨ ਤੋਂ ਇਲਾਵਾ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਮਿਲਾਵਟਖੋਰੀ ਅਤੇ ਫ਼ਲਾਂ ਸਬਜ਼ੀਆਂ ਨੂੰ ਰਸਾਇਣਾਂ ਨਾਲ ਨਾ ਪਕਾਉਣ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ।
ਡਾ. ਕੰਗ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਅਤੇ ਰਸਾਇਣਾਂ ਤੋਂ ਰਹਿਤ ਸ਼ੁੱਧ ਭੋਜਨ ਯਕੀਨਨ ਤੌਰ 'ਤੇ ਮੁਹੱਈਆ ਹੋ ਸਕੇ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਖਾਧ ਪਦਾਰਥ ਲੈਣ ਤੋਂ ਪਹਿਲਾਂ ਪਦਾਰਥਾਂ ਦੀ ਜਾਂਚ ਜ਼ਰੂਰੀ ਤੌਰ 'ਤੇ ਕਰ ਲੈਣ। ਸ਼ੱਕ ਪੈਣ 'ਤੇ ਉਹ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਗਲਤ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇ।