• Home
  • ਕੈਪਟਨ ਦਾ ਮੋਦੀ ਸਰਕਾਰ ਤੇ ਹਮਲਾ ਕਿਹਾ ਪੰਜਾਬ ਚ ਕਣਕ ਦੀ ਖਰੀਦ ‘ਚ ਅਕਾਲੀਆਂ ਦੇ ਇਸ਼ਾਰੇ ‘ਤੇ ਅੜਿੱਕੇ ਡਾਹ ਰਹੀ ਕੇਂਦਰ ਸਰਕਾਰ ! ਬਾਰਦਾਨਾ ਹਰਿਆਣਾ ਭੇਜਣ ਦਾ ਲਗਾਇਆ ਦੋਸ਼

ਕੈਪਟਨ ਦਾ ਮੋਦੀ ਸਰਕਾਰ ਤੇ ਹਮਲਾ ਕਿਹਾ ਪੰਜਾਬ ਚ ਕਣਕ ਦੀ ਖਰੀਦ ‘ਚ ਅਕਾਲੀਆਂ ਦੇ ਇਸ਼ਾਰੇ ‘ਤੇ ਅੜਿੱਕੇ ਡਾਹ ਰਹੀ ਕੇਂਦਰ ਸਰਕਾਰ ! ਬਾਰਦਾਨਾ ਹਰਿਆਣਾ ਭੇਜਣ ਦਾ ਲਗਾਇਆ ਦੋਸ਼

ਚੰਡੀਗੜ੍ਹ, 5 ਮਈ Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਕਾਲੀਆਂ ਦੇ ਇਸ਼ਾਰੇ 'ਤੇ ਬਾਰਦਾਨੇ ਦੀ ਘਾਟ ਪੈਦਾ ਕੀਤੀ ਜਾ ਰਹੀ ਹੈ ਤਾਂ ਕਿ ਖਰੀਦ ਪ੍ਰਕ੍ਰਿਆ ਵਿੱਚ ਅੜਿੱਕੇ ਡਾਹ ਕੇ ਚੋਣਾਂ ਦੌਰਾਨ ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਪਰ ਸੂਬੇ ਨੂੰ ਬਾਰਦਾਨੇ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਵਿੱਚ 12 ਮਈ ਨੂੰ ਹੋਣ ਜਾ ਰਹੀਆਂ ਚੋਣ ਦੇ ਮੱਦੇਨਜ਼ਰ ਇਸ ਸੂਬੇ ਨੂੰ ਬਾਰਦਾਨੇ ਦੀ ਵਾਧੂ ਸਪਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਨੇ ਖਰੀਦ ਲਈ ਲੋੜੀਂਦੇ ਬਾਰਦਾਨੇ ਨੂੰ ਪੰਜਾਬ ਤੋਂ ਹਰਿਆਣਾ ਭੇਜਣ 'ਤੇ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਚਾਰ ਲੱਖ ਗੱਠਾਂ ਪੰਜਾਬ ਤੋਂ ਹਰਿਆਣਾ ਨੂੰ ਭੇਜੀਆਂ ਜਾ ਚੁੱਕੀਆਂ ਹਨ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਨੂੰ ਅਤਿ ਲੋੜੀਂਦੇ ਬਾਰਦਾਨੇ ਤੋਂ ਵਾਂਝਾ ਰੱਖਣ ਲਈ ਕੇਂਦਰ ਸਰਕਾਰ ਦੀਆਂ ਸਿਆਸਤ ਤੋਂ ਪ੍ਰੇਰਿਤ ਨੀਤੀਆਂ ਕਾਰਨ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਖਰੀਦ ਕਾਰਜਾਂ 'ਚ ਸਮੱਸਿਆ ਪੈਦਾ ਹੋਈ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਤਾਂ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ 'ਚ ਰੁਕਾਵਟ ਪੈਦਾ ਹੋ ਸਕੇ | ਮੱੁਖ ਮੰਤਰੀ ਨੇ ਕਿਹਾ ਕਿ ਦੂਜੇ ਪਾਸੇ ਹਰਿਆਣਾ ਵਿੱਚ ਭਾਜਪਾ ਸਰਕਾਰ ਨੂੰ ਇਸ ਸਾਲ ਕਣਕ ਦੀ ਵਾਧੂ ਪੈਦਾਵਾਰ ਨਾਲ ਨਜਿੱਠਣ ਲਈ ਵਧੇਰੇ ਬਾਰਦਾਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਚੋਣ ਵਰ੍ਹੇ ਵਿੱਚ ਆਪਣੇ ਸਿਆਸੀ ਹਿੱਤ ਪੂਰਨ ਲਈ ਕੇਂਦਰ ਨੇ ਇਕ ਵਾਰ ਫਿਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਨੂੰ ਹੋਰ ਵਿਗਾੜਨ ਲਈ ਹਰਿਆਣਾ 'ਚ ਕਣਕ ਦੀ ਪੈਦਾਵਾਰ ਨੂੰ ਖੁੱਲ੍ਹੀਆਂ ਸੀਮਾਵਾਂ ਰਾਹੀਂ ਪੰਜਾਬ ਵਿੱਚ ਧੱਕਿਆ ਜਾ ਰਿਹਾ ਹੈ | ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਹੁਕਮ ਦਿੱਤੇ | ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਵੋਟਾਂ ਖਾਤਰ ਅਜਿਹੇ ਘਟੀਆ ਹੱਥਕੰਡੇ ਵਰਤਣ ਤੋਂ ਬਾਜ਼ ਆਉਣਾ ਚਾਹੀਦਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਰਦਾਨੇ ਦੀ ਘਾਟ ਦਾ ਮੁੱਦਾ ਵਾਰ-ਵਾਰ ਕੇਂਦਰ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਕੋਲ ਉਠਾਇਆ ਅਤੇ ਉਨ੍ਹਾਂ ਨੇ ਬੀਤੇ ਦਿਨ ਖੁਦ ਵੀ ਐਫ.ਸੀ.ਆਈ. ਦੇ ਮੁਖੀ ਡੀ.ਵੀ. ਪ੍ਰਸਾਦ ਨਾਲ ਗੱਲਬਾਤ ਕੀਤੀ | ਐਫ.ਸੀ.ਆਈ. ਇਕ ਕੇਂਦਰੀ ਏਜੰਸੀ ਹੋਣ ਦੇ ਨਾਤੇ ਕੇਂਦਰ ਸਰਕਾਰ ਦੇ ਸਿੱਧੇ ਹੁਕਮਾਂ ਹੇਠ ਕੰਮ ਕਰ ਰਹੀ ਹੈ ਅਤੇ ਕੇਂਦਰ, ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਲਈ ਸਿਆਸੀ ਦਿੱਕਤਾਂ ਪੈਦਾ ਕਰਨ ਲਈ ਪੂਰੀ ਤਰ੍ਹਾਂ ਪੱਖਪਾਤੀ ਭੂਮਿਕਾ ਨਿਭਾਅ ਰਿਹਾ ਹੈ | ਇੱਥੋਂ ਤੱਕ ਕਿ ਪੰਜਾਬ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਸ਼ਨਿਚਰਵਾਰ ਨੂੰ ਭਾਰਤ ਸਰਕਾਰ ਦੇ ਸਕੱਤਰ (ਖੁਰਾਕ ਤੇ ਜਨਤਕ ਵੰਡ) ਨੂੰ ਪੱਤਰ ਲਿਖ ਕੇ ਇਤਲਾਹ ਦਿੱਤੀ ਸੀ ਕਿ ਜੇਕਰ ਬਾਰਦਾਨੇ ਦੀ ਘਾਟ ਜਾਰੀ ਰਹੀ ਤਾਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ 3 ਮਈ ਤੱਕ ਮੰਡੀਆਂ 'ਚ 105.4 ਲੱਖ ਮੀਟਰਕ ਟਨ ਕਣਕ ਪਹੁੰਚੀ ਹੈ ਅਤੇ 6 ਮਈ ਤੱਕ 15-16 ਲੱਖ ਮੀਟਰਕ ਟਨ ਕਣਕ ਹੋਰ ਪਹੰੁਚਣ ਦੀ ਆਸ ਹੈ | ਉਨ੍ਹਾਂ ਕਿਹਾ ਕਿ ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਅੰਮਿ੍ਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਖੇ ਏ ਕਲਾਸ ਗੱਠਾਂ ਦੀ ਵੱਡੀ ਘਾਟ ਹੈ | ਸ੍ਰੀ ਸਿਨਹਾ ਨੇ ਅਪੀਲ ਕੀਤੀ ਸੀ ਕਿ ਇਸ ਘਾਟ ਨਾਲ ਨਿਪਟਣ ਲਈ ਪੰਜਾਬ ਨੂੰ ਬੀ ਕਲਾਸ ਗੱਠਾਂ ਖੁੱਲ੍ਹੀ ਮਾਰਕੀਟ ਵਿੱਚੋਂ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ | ਇਹ ਜ਼ਿਕਰਯੋਗ ਹੈ ਕਿ ਹਰਿਆਣਾ ਨੂੰ ਬੀ ਕਲਾਸ ਬਾਰਦਾਨਾ (ਐਫ.ਸੀ.ਆਈ. ਦੇ ਤਸੱਲੀਬਖਸ਼ ਨਿਰੀਖਣ ਦੀ ਸ਼ਰਤ 'ਤੇ) ਵਰਤਣ ਦੀ ਇਜਾਜ਼ਤ ਦਿੱਤੀ ਗਈ ਪਰ ਪੰਜਾਬ ਨੂੰ ਇਸ ਤੋਂ ਇਨਕਾਰ ਕਰ ਦਿੱਤਾ ਗਿਆ | ਸ੍ਰੀ ਸਿਨਹਾ ਦਾ ਚਾਰ ਦਿਨਾਂ ਵਿੱਚ ਅਜਿਹਾ ਦੂਜਾ ਪੱਤਰ ਹੈ ਪਰ ਐਫ.ਸੀ.ਆਈ. ਨੇ ਕੋਈ ਹੁੰਗਾਰਾ ਨਹੀਂ ਭਰਿਆ | ਇਸ ਸੀਜ਼ਨ ਵਿੱਚ ਮੰਡੀਆਂ ਵਿੱਚ 132 ਲੱਖ ਮੀਟਰਕ ਟਨ ਕਣਕ ਪਹੁੰਚ ਦੀ ਸੰਭਾਵਨਾ ਹੈ ਜਿਸ ਨਾਲ ਸਥਿਤੀ ਹੋਰ ਖਰਾਬ ਹੋ ਸਕਦੀ ਹੈ |  ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਚੁੱਕੇ ਕਦਮਾਂ ਸਦਕਾ ਖੇਤੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ 2016-17 ਵਿੱਚ ਅਨਾਜ ਦੀ ਕੁੱਲ ਪੈਦਾਵਾਰ ਸਾਲ 30.75 ਮਿਲੀਅਨ ਟਨ ਸੀ ਜੋ ਸਾਲ 2017-18 ਵਿੱਚ ਵਧ ਕੇ 31.7 ਮਿਲੀਅਨ ਹੋ ਗਈ | ਇਸੇ ਤਰ੍ਹਾਂ ਸਰਕਾਰੀ ਖਰੀਦ ਤੋਂ ਕਿਸਾਨਾਂ ਦਾ ਮੁਨਾਫਾ ਆਖਰੀ ਚਾਰ ਸੀਜ਼ਨਾਂ (ਸਾਲ 2015-16 ਦੇ ਬਰਾਬਰ ਸਮੇਂ ਦੀ ਤੁਲਨਾ ਤਹਿਤ) ਵਿੱਚ 77984 ਕਰੋੜ ਤੋਂ ਵਧ ਕੇ 100235 ਕਰੋੜ ਰੁਪਏ ਹੋ ਗਿਆ ਜਿਸ ਨਾਲ 22251 ਕਰੋੜ ਰੁਪਏ ਜਾਂ 28.5 ਫੀਸਦੀ ਦਾ ਇਜ਼ਾਫਾ ਹੋਇਆ | ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਸਾਡੀਆਂ ਪ੍ਰਾਪਤੀਆਂ ਅਕਾਲੀਆਂ ਨੂੰ ਹਜ਼ਮ ਨਹੀਂ ਹੋ ਰਹੀਆਂ ਜਿਸ ਕਰਕੇ ਉਹ ਆਪਣੇ ਭਾਈਵਾਲ ਭਾਜਪਾ ਦੀ ਬਾਂਹ ਮਰੋੜਣ ਸਮੇਤ ਘਟੀਆ ਤੋਂ ਘਟੀਆ ਹੱਥਕੰਡੇ ਅਪਣਾ ਕੇ ਕਾਂਗਰਸ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤਾਂ ਕਿਸਾਨਾਂ ਦੀ ਸੁਰੱਖਿਆ ਲਈ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਨੂੰ ਲੀਹੋਂ ਲਾਹਿਆ ਜਾ ਸਕੇ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਹੋਰ ਕਿਸਾਨ ਭਲਾਈ ਕਦਮਾਂ 'ਚ ਸਹਿਯੋਗ ਕਰਨ ਤੋਂ ਕੇਂਦਰ ਸਰਕਾਰ ਨੇ ਕੋਰੀ ਨਾਂਹ ਕਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਅਗਲੇ ਐਤਵਾਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਜਿੱਥੇ ਭਾਜਪਾ ਦੀ ਸਰਕਾਰ ਹੈ ਅਤੇ ਬਾਰਦਾਨਾ ਇਸ ਸੂਬੇ ਨੂੰ ਦੇ ਕੇ ਨਰੇਂਦਰ ਮੋਦੀ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਉਨ੍ਹਾਂ ਦਾ ਇਕੋ-ਇਕ ਮਕਸਦ ਹਰ ਹੀਲਾ ਵਰਤ ਕੇ ਸੱਤਾ ਵਿੱਚ ਬਣੇ ਰਹਿਣ ਦਾ ਹੈ |  ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਰਵੱਈਏ ਤੋਂ ਇਸ ਦੀ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਲਿ੍ਹਆਂਵਾਲਾ ਬਾਗ ਦੇ ਸ਼ਤਾਬਦੀ ਸਾਕੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਤ ਵੱਖ-ਵੱਖ ਇਤਿਹਾਸਕ ਸਮਾਗਮਾਂ ਲਈ ਸੂਬਾ ਸਰਕਾਰ ਨੂੰ ਕੇਂਦਰ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਇਨ੍ਹਾਂ ਕਦਮਾਂ ਤੋਂ ਸਿੱਧ ਹੁੰਦਾ ਹੈ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਕਿਸੇ ਵੀ ਹੱਦ ਤੱਕ ਡਿੱਗਣ ਲਈ ਤਿਆਰ ਹਨ |