• Home
  • ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਫਿਲਮ ਅਦਾਕਾਰ ਸਤੀਸ਼ ਕੌਲ ਦੀ ਮਦਦ ਵਾਸਤੇ ਡਿਪਟੀ ਕਮਿਸ਼ਨਰ ਲੁਧਿਆਣਾ ਪੁੱਜੇ

ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਫਿਲਮ ਅਦਾਕਾਰ ਸਤੀਸ਼ ਕੌਲ ਦੀ ਮਦਦ ਵਾਸਤੇ ਡਿਪਟੀ ਕਮਿਸ਼ਨਰ ਲੁਧਿਆਣਾ ਪੁੱਜੇ

ਲੁਧਿਆਣਾ-ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜ਼ੌਹਰ
ਦਿਖਾ ਚੁੱਕੇ ਅਦਾਕਾਰ ਸਤੀਸ਼ ਕੌਲ ਦਾ ਹਾਲ-ਚਾਲ ਜਾਨਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ
ਪ੍ਰਦੀਪ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਘਰ ਵਿਖੇ ਪਹੁੰਚੇ। ਇਸ ਮੌਕੇ
ਉਨ੍ਹਾਂ ਸਤੀਸ਼ ਕੌਲ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ
ਭਰੋਸਾ ਦਿੱਤਾ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਬਾਰੇ
ਵੱਖ-ਵੱਖ ਮੀਡੀਆ ਵਿੱਚ ਛਪੀਆਂ ਖ਼ਬਰਾਂ ਦਾ ਤੁਰੰਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ
ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੂੰ ਹਦਾਇਤ ਕੀਤੀ ਸੀ ਕਿ ਇਸ ਸਦਾਬਹਾਰ ਅਦਾਕਾਰ ਦੀਆਂ
ਲੋੜਾਂ ਅਤੇ ਮੰਗਾਂ ਬਾਰੇ ਪੰਜਾਬ ਸਰਕਾਰ ਨੂੰ ਤੁਰੰਤ ਰਿਪੋਰਟ ਭੇਜੀ ਜਾਵੇ।
ਸ੍ਰੀ ਅਗਰਵਾਲ ਨਾਲ ਗੱਲਬਾਤ ਕਰਦਿਆਂ ਸ੍ਰੀ ਕੌਲ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ
ਤੋਂ ਗੁਰਬਤ ਦਾ ਜੀਵਨ ਜੀਅ ਰਹੇ ਹਨ, ਜਿਸ ਵਿੱਚੋਂ ਨਿਕਲਣ ਲਈ ਉਨ੍ਹਾਂ ਨੂੰ ਸਹਾਇਤਾ ਦੀ
ਜ਼ਰੂਰਤ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ
ਬੰਦ ਕੀਤੀ ਗਈ ਪੈਨਸ਼ਨ ਦੀ ਬਹਾਲੀ ਕੀਤੀ ਜਾਵੇ, ਮੁਫ਼ਤ ਦਵਾਈਆਂ ਸਮੇਤ ਹੋਰ ਮੈਡੀਕਲ
ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਰਹਿਣ ਲਈ ਮਕਾਨ ਦਿੱਤਾ ਜਾਵੇ ਅਤੇ ਸਾਂਭ ਸੰਭਾਲ ਲਈ
ਇੱਕ ਅਟੈਂਡੈਂਟ ਲੜਕਾ ਮੁਹੱਈਆ ਕਰਵਾਇਆ ਜਾਵੇ।
ਸ੍ਰੀ ਕੌਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ
ਵਿਸ਼ੇਸ਼ ਧੰਨਵਾਦ ਕੀਤਾ ਕਿ ਮੀਡੀਆ ਵਿੱਚ ਆਈਆਂ ਖ਼ਬਰਾਂ ’ਤੇ ਉਨ੍ਹਾਂ ਪ੍ਰਤੀ ਫਿਕਰਮੰਦੀ
ਜ਼ਾਹਿਰ ਕੀਤੀ ਗਈ ਹੈ ਅਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸ੍ਰੀ ਅਗਰਵਾਲ ਨੇ ਸ੍ਰੀ ਕੌਲ ਦੀਆਂ ਲੋੜਾਂ ਅਤੇ ਮੰਗਾਂ ਨੂੰ ਬੜੀ ਹੀ ਗਹੁ ਨਾਲ ਸੁਣਿਆ
ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸਿਹਤਯਾਬੀ ਲਈ ਬਹੁਤ ਫਿਕਰਮੰਦ ਹੈ।
ਉਹ ਅੱਜ ਹੀ ਇਸ ਸੰਬੰਧੀ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਬਣਾ ਕੇ ਭੇਜਣਗੇ ਅਤੇ ਕੋਸ਼ਿਸ਼
ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ
ਸਕੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਸਾਗਰ ਸੇਤੀਆ ਆਈ. ਏ. ਐੱਸ. (ਅੰਡਰ ਟਰੇਨਿੰਗ) ਅਤੇ
ਹੋਰ ਵੀ ਹਾਜ਼ਰ ਸਨ।
ਸ਼ੌਂਕ ਅਤੇ ਇਛਾਵਾਂ ਪੂਰੀਆਂ ਕਰਾਉਣ ਦਾ ਯਤਨ ਕਰਾਂਗਾ-ਪ੍ਰਦੀਪ ਕੁਮਾਰ ਅਗਰਵਾਲ
ਗੱਲਬਾਤ ਕਰਦਿਆਂ ਜਦ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਸ੍ਰੀ ਸਤੀਸ਼ ਕੌਲ ਨੂੰ ਉਨ੍ਹਾਂ
ਦੇ ਸ਼ੌਂਕਾਂ ਅਤੇ ਇੱਛਾਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਫ਼ਿਲਮੀ ਦੁਨੀਆਂ ਅਤੇ ਥੀਏਟਰ ਲਈ
ਹੋਰ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ’ਤੇ ਸ੍ਰੀ ਅਗਰਵਾਲ ਨੇ ਭਰੋਸਾ ਦਿੱਤਾ ਕਿ
ਉਨ੍ਹਾਂ ਨੂੰ ਜਲਦ ਹੀ ਸਿਹਤਯਾਬ ਕਰਕੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਥੀਏਟਰ ਆਦਿ ਸਰਗਰਮੀਆਂ
ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਕੌਲ ਨੇ ਆਪਣੇ ਫ਼ਿਲਮੀ ਜੀਵਨ ਅਤੇ
ਹੁਣ ਤੱਕ ਮਿਲੇ ਸਨਮਾਨਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਵੀ ਸਾਂਝੀ ਕੀਤੀ।