• Home
  • ਜੱਲ੍ਹਿਆਂ ਵਾਲਾ ਬਾਗ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਰਕਬਾ (ਲੁਧਿਆਣਾ) ਵਿਖੇ ਹੋਇਆ

ਜੱਲ੍ਹਿਆਂ ਵਾਲਾ ਬਾਗ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਰਕਬਾ (ਲੁਧਿਆਣਾ) ਵਿਖੇ ਹੋਇਆ

ਲੁਧਿਆਣਾ, 13 ਅਪਰੈਲ

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਇੰਟਰਨੈਸ਼ਨਲ (ਰਜਿ:) ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਪਿੰਡ ਰਕਬਾ(ਨੇੜੇ ਮੁੱਲਾਂਪੁਰ) ਜ਼ਿਲ੍ਹਾ ਲੁਧਿਆਣਾ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਅੱਜ ਜੱਲ੍ਹਿਆਂ ਵਾਲਾ ਬਾਗ ਵਿੱਚ ਫਰੰਗੀ ਹਕੂਮਤ ਵੱਲੋਂ ਕੀਤੇ ਕਤਲੇਆਮ ਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। 

ਇਸ ਸਮਾਗਮ ਦੇ ਮੁੱਢਲੇ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ 100 ਸਾਲ ਪਹਿਲਾਂ ਜੱਲਿਆਂ ਵਾਲਾ ਬਾਗ ਚ ਇਕੱਠੇ ਸ਼ਹੀਦ ਹੋ ਕੇ ਹਿੰਦੂ ਸਿੱਖ ਮੁਸਲਮਾਨ ਤੇ ਸਮੂਹ ਭਾਈਚਾਰਿਆਂ ਨੇ ਸਾਨੂੰ ਸਾਂਝੇ ਜੀਣ ਮਰਨ ਦਾ ਸਬਕ ਪੜ੍ਹਾਇਆ ਸੀ, ਉਹ ਮੁੜ ਚੇਤੇ ਕਰਨ ਤੇ ਦੁਹਰਾਉਣ ਦੀ ਲੋੜ ਹੈ ਕਿਉਂਕਿ ਮੂਲਵਾਦੀ ਫਿਰਕਾਪ੍ਰਸਤ ਜਿਹੜੀ ਬੋਲੀ ਪੜ੍ਹਾ ਰਹੇ ਹਨ ਉਹ ਦੇਸ਼ ਦੀ ਵੰਨਸੁਵੰਨਤਾ ਦੇ ਬੁਨਿਆਦੀ ਗੁਣ ਦੀ ਵੈਰਨ ਹੈ। ਵੈਸਾਖੀ 2019 ਅੱਜ ਦੇ ਡਾਇਰਾਂ ਉਡਵਾਇਰਾਂ ਤੇ ਟੋਡੀ ਬੱਚਿਆਂ ਨੂੰ ਲਾਹਣਤ ਪਾਉਣ ਦਾ ਵਕਤ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਖਾਲਸਾ ਪੰਥ ਦੀ ਸਿਰਜਣਾ ਵਾਲੇ ਦਿਨ ਜੱਲ੍ਹਿਆਂ ਵਾਲੇ ਬਾਗ ਚ ਨਿਹੱਥੇ ਪੰਜਾਬੀਆਂ ਨੂੰਘੇਰ ਕੇ ਗੋਲੀਆਂ ਨਾਲ ਭੁੰਨਣਾ ਵਿਸ਼ਵ ਦੀ ਸਭ ਤੋਂ ਘਿਨੌਣੀ ਕਰਤੂਤ ਸੀ ਜਿਸ ਲਈ ਬ੍ਰਿਟਿਸ਼ ਪਾਰਲੀਮੈਂਟ ਨੂੰ  ਮਾਫੀ ਮੰਗਣੀ ਚਾਹੀਦੀ ਹੈ। 
ਇਕਬਾਲ ਮਾਹਲ ਤੇ ਦਲਜੀਤ ਕੌਰ ਚੀਮਾ ਨੇ ਵੀ ਕਿਹਾ ਕਿ ਕੁਰਬਾਨੀਆਂ ਭਰੀ ਵਿਰਾਸਤ ਭਵਿੱਖ ਪੀੜ੍ਹੀਆਂ ਨੂੰ ਸੌਪਣ ਲਈ ਨਵੇਂ ਸੰਚਾਰ ਮਾਧਿਅਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। 
ਇਸ ਮੌਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪਾਕਿਸਤਾਨੀ ਲੋਕ ਕਵੀ ਬਾਬਾ ਨਜਮੀ ਦੀ ਸਮੁੱਚੀ ਰਚਨਾ ਮੈਂ ਇਕਬਾਲ ਪੰਜਾਬੀ ਦਾ ਇਕਬਾਲ ਮਾਹਲ, ਪ੍ਰੋ: ਰਵਿੰਦਰ ਭੱਠਲ,ਗੁਰਭਜਨ ਗਿੱਲ, ਸਤੀਸ਼ ਗੁਲਾਟੀ, ਤਰਲੋਚਨ ਲੋਚੀ, ਜਸਵੰਤ ਜਫ਼ਰ,ਗੁਰਚਰਨ ਕੌਰ ਕੋਚਰ ਤੇ ਬਰਜਿੰਦਰ ਕੌਰ ਨਗਰ ਪਾਰਸ਼ਦ ਲੁਧਿਆਣਾ ਵੱਲੋਂ ਲੋਕ ਅਰਪਨ ਕੀਤੀ ਗਈ। 
 ਕ੍ਰਿਸ਼ਨ ਕੁਮਾਰ ਬਾਵਾ, ਗੁਰਭਜਨ ਗਿੱਲ ,ਬਲਵੰਤ ਸਿੰਘ ਧਨੋਆ ਹਰਜੋਤ ਸਿੰਘ ਤੇ ਅਰਜੁਨ ਬਾਵਾ ਨੇ ਇਸ ਸਮਾਗਮ ਚ ਪੁੱਜੇ ਮਹਿਮਾਨਾਂ ਇਕਬਾਲ ਮਾਹਲ,ਦਲਜੀਤ ਕੌਰ ਚੀਮਾ ਐਡਵੋਕੇਟ
ਚੰਡੀਗੜ੍ਹ, ਉਦਯੋਗਪਤੀ ਅਮਰਜੀਤ ਸਿੰਘ ਭੁਰਜੀ,ਪ੍ਰੋ: ਬਲਬੀਰ ਕੌਰ ਪੰਧੇਰ,ਜਸਵੰਤ ਸਿੰਘ ਛਾਪਾ,ਪ੍ਰੋ: ਸੰਤੋਖ ਸਿੰਘ ਔਜਲਾ, ਡਾ: ਅਨਿਲ ਸ਼ਰਮਾ ਪੀਏ ਯੂ  ਤੋਂ ਇਲਾਵਾ ਕਵੀ ਦਰਬਾਰ ਚ ਸ਼ਾਮਿਲ ਕਵੀਆਂ ਨੂੰ ਸਨਮਾਨਿਤ ਕੀਤਾ। 
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕੀਤੀ। ਦਰਬਾਰ ਵਿੱਚ ਪ੍ਰੋ: ਰਵਿੰਦਰ ਭੱਠਲ, ਗੁਰਭਜਨ ਗਿੱਲ,ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਸਤੀਸ਼ ਗੁਲ੍ਹਾਟੀ, ਸਵਰਨਜੀਤ ਸਵੀ, ਗੁਰਚਰਨ ਕੌਰ ਕੋਚਰ,ਹਰਬੰਸ ਮਾਲਵਾ, ਰਾਜਦੀਪ ਤੂਰ,ਪ੍ਰਭਜੋਤ ਸੋਹੀ,ਹਰਦਿਆਲ ਸਿੰਘ ਪਰਵਾਨਾ, ਪਲਵਿੰਦਰ ਬਾਸੀ ਪੀ ਏ ਯੂ,ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਡਾ: ਪ੍ਰਿਤਪਾਲ ਕੌਰ ਚਾਹਲ, ਦਲਬੀਰ ਲੁਧਿਆਣਵੀ ਨੇ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ। 
ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਸੀ ਕਿ ਸਭ ਕਵੀ ਆਪਣੀ ਭਾਵਨਾ ਸਮੇਤ ਸ਼ਾਮਲ ਸਨ। 
ਕਵੀ ਦਰਬਾਰ ਨੂੰ ਰੀਕਾਰਡ ਕਰਨ ਵਾਲੇ ਚੈਨਲਜ਼ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਵੱਖ ਵੱਖ ਚੈਨਲਜ਼ ਦੇਸ਼ ਬਦੇਸ਼ ਚ  ਤੇ ਯੂ ਟਿਊਬ ਰਾਹੀਂ ਵਿਖਾਉਣਗੇ।