• Home
  • ਅਪਾਹਜਾ ਨੂੰ ਕੋਚਿੰਗ ਦੇਣ ਲਈ ਸਰਕਾਰ ਨੇ ਮਸ਼ਹੂਰ ਕੋਚਿੰਗ ਸੈਂਟਰਾਂ ਕੋਲੋਂ ਐਮਪੈਨਲਮੇਂਟ ਲਈ ਦਰਖਾਸਤਾਂ ਮੰਗੀਆਂ

ਅਪਾਹਜਾ ਨੂੰ ਕੋਚਿੰਗ ਦੇਣ ਲਈ ਸਰਕਾਰ ਨੇ ਮਸ਼ਹੂਰ ਕੋਚਿੰਗ ਸੈਂਟਰਾਂ ਕੋਲੋਂ ਐਮਪੈਨਲਮੇਂਟ ਲਈ ਦਰਖਾਸਤਾਂ ਮੰਗੀਆਂ

ਚੰਡੀਗੜ੍ਹ16 ਜੂਨ:(ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ ਉਨ੍ਹਾਂ ਮਸ਼ਹੂਰ ਕੋਚਿੰਗ ਸੰਸਥਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ ਜੋ ਕਿ ਯੂ.ਪੀ.ਐਸ.ਸੀ./ ਐਸ.ਐਸ.ਸੀ., ਰੇਲਵੇ, ਬੈਂਕ, ਜਨਤਕ ਖੇਤਰ ਦੇ ਅਦਾਰਿਆਂ ਵਿੱਚ ਗਰੱਪ-ਏ ਅਤੇ ਗਰੁੱਪ-ਬੀ ਦੀਆਂ ਨੌਕਰੀਆਂ, ਆਈ.ਆਈ.ਟੀ/ਜੇ.ਈ.ਈ., ਕੈਟ, ਨੀਟ ਅਤੇ ਸੀ.ਐਲ.ਏ.ਟੀ. ਵਰਗੇ ਇਮਤਿਹਾਨਾਂ ਦੀ ਤਿਆਰੀ ਕਰਵਾਉਂਦੇ ਹਨ। ਇਹ ਪ੍ਰਕਿਰਿਆ ਭਾਰਤ ਸਰਕਾਰ ਦੇ ਸਸ਼ਕਤੀਕਰਨ ਵਿਭਾਗ ਵਲੋਂ ਅਪੰਗ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਸਕੀਮ ਤਹਿਤ ਕੋਚਿੰਗ ਸੰਸਥਾਨਾਂ ਦੀ ਐਮਪੈਨਲਮੈਂਟ ਹਿੱਤ ਅਰੰਭੀ ਗਈ ਹੈ।

ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਅਰਜ਼ੀ ਦੇਣ ਵਾਲੇ ਕੋਚਿੰਗ ਇੰਸਟੀਚਿਊਟ ਜਾਂ ਤਾਂ ਰਜਿਸਟਰਡ ਹੋਣ ਜਾਂ ਸੁਸਾਇਟੀਜ਼ ਐਕਟ 1860/ ਕੰਪਨੀਜ਼ ਐਕਟ, 2013 ਜਾਂ ਸੂਬੇ/ਯੂ ਟੀ ਦੇ ਕਿਸੇ ਵੀ ਹੋਰ ਐਕਟ ਤਹਿਤ ਰਜਿਸਟਰਡ ਹੋਣ। ਅਰਜ਼ੀ ਦੇਣ ਵਾਲਾ ਸੰਸਥਾਨ ਭਾਰਤ ਸਰਕਾਰ ਦੇ ਅਪੰਗ ਵਿਅਕਤੀਆਂ ਤੇ ਸਸ਼ਕਤੀਕਰਨ ਵਿਭਾਗ ਨਾਲ ਐਮਪੈਨਲਮੈਂਟ ਦੀ ਮਿਤੀ ਨੂੰ ਘੱਟੋ ਘੱਟ 3 ਸਾਲ ਤੱਕ ਦੇ ਸਮੇਂ ਲਈ ਰਜਿਸਟਰਡ ਹੋਇਆ ਹੋਵੇ ਅਤੇ ਇਸ ਸਕੀਮ ਦੇ ਤਹਿਤ ਅਰਜ਼ੀ ਦੇਣ ਦੇ ਸਮੇਂ ਤੱਕ ਉਸ ਨੂੰ ਪੂਰੀ ਤਰ੍ਹਾਂ ਚਾਲੂ ਹੋਇਆਂ ਘੱਟੋ ਘੱਟ 3 ਸਾਲ ਦਾ ਸਮਾਂ ਬੀਤ ਚੁੱਕਿਆ ਹੋਵੇ ਅਤੇ ਘੱਟੋ ਘੱਟ 2 ਸਾਲ ਵਿੱਚੋਂ ਹਰੇਕ ਸਾਲ ਉਸਦੇ ਕੋਰਸਾਂ ਵਿੱਚ 100 ਵਿਦਿਆਰਥੀਆਂ ਦੀ ਇਨਰੋਲਮੈਂਟ ਹੋਈ ਹੋਵੇ। ਸੰਸਥਾ ਕੋਲ ਅਪੰਗ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਦਾ ਸਮਰੱਥ ਬੁਨਿਆਦੀ ਢਾਂਚਾ ਹੋਵੇ।

ਜੋ ਸੰਸਥਾ ਐਮਪੈਨਲ ਕੀਤੇ ਜਾਣਗੇ ਉਹ ਅਪੰਗ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਮੁਹੱਈਆ ਕਰਨਗੇ ਅਤੇ ਇਸ ਕੋਚਿੰਗ ਦਾ ਸਾਰਾ ਖ਼ਰਚਾ ਭਾਰਤ ਸਰਕਾਰ ਦੁਆਰਾ ਚੁੱਕਿਆ ਜਾਵੇਗਾ। ਇਸ ਕੋਚਿੰਗ ਸਦਕਾ ਵਿਦਿਆਰਥੀਆਂ ਨੂੰ ਆਪਣੇ ਜੀਵਨ ਟੀਚੇ ਹਾਸਲ ਕਰਨ ਵਿੱਚ ਮਦਦ ਮਿਲੇਗੀ।

ਸ੍ਰੀਮਤੀ ਚੌਧਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਅਰਜ਼ੀ ਫਾਰਮ ਅਤੇ ਦਿਸ਼ਾ ਨਿਰਦੇਸ਼ ਵੈਬਸਾਈਟ www.disabilityaffairs.gov.in 'ਤੇ ਉੱਪਲਬਧ ਹਨ। ਅਰਜ਼ੀ ਫਾਰਮ 30 ਜੂਨ, 2018 ਤੋਂ ਪਹਿਲਾਂ ਡਾਇਰੈਕਟਰ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਐਸ ਸੀ ਓ 102-103, ਸੈਕਟਰ 34-ਏ, ਚੰਡੀਗੜ੍ਹ ਵਿਖੇ ਜ਼ਮ੍ਹਾਂ ਕਰਵਾਏ ਜਾਣ।