• Home
  • ਅੱਤਵਾਦ ਅਤੇ ਸੁਰੱਖਿਆ ਨੂੰ ਚੁਣੌਤੀ ਦੇਣ ਵਿਰੁੱਧ ਮੋਦੀ ਦਾ ਨਹੀਂ ਭਾਰਤ ਦਾ ਸਖ਼ਤ ਸਟੈਂਡ ਕੈਪਟਨ ਅਮਰਿੰਦਰ ਸਿੰਘ

ਅੱਤਵਾਦ ਅਤੇ ਸੁਰੱਖਿਆ ਨੂੰ ਚੁਣੌਤੀ ਦੇਣ ਵਿਰੁੱਧ ਮੋਦੀ ਦਾ ਨਹੀਂ ਭਾਰਤ ਦਾ ਸਖ਼ਤ ਸਟੈਂਡ ਕੈਪਟਨ ਅਮਰਿੰਦਰ ਸਿੰਘ

ਚੰਡੀਗੜ, : ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਨਾਂ ਨੇ ਪ੍ਰਧਾਨ ਮੰਤਰੀ ਦੀ ‘ਸਖ਼ਤ ਲਾਈਨ’ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਪਰ ਉਨਾਂ ਨੇ ਭਾਰਤ ਦੀ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੇ ਅੱਤਵਾਦੀਆਂ ਵਿਰੁੱਧ ਹਮੇਸ਼ਾਂ ਹੀ ਸਖ਼ਤ ਰੁਖ ਅਪਣਾਇਆ ਹੈ ਅਤੇ ਉਨਾਂ ਨੇ 1947 ਤੋਂ ਹੀ ਇਸ ਸਬੰਧ ਵਿੱਚ ਕੇਂਦਰ ਵਿੱਚ ਰਹੀ ਹਰੇਕ ਸਰਕਾਰ ਨੂੰ ਸਮਰਥਨ ਦਿੱਤਾ ਹੈ।  ਟੀ.ਵੀ. ਚੈਨਲ ਵੱਲੋਂ ਮੋਦੀ ਦੇ ‘ਸਖ਼ਤ ਰੁਖ’ ਨੂੰ ਪੇਸ਼ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮੋਦੀ ਦੀ ਕੋਈ ਵੀ ਸਖ਼ਤ ਲਾਈਨ ਨਹੀਂ ਹੈ ਸਗੋਂ ਇਹ ਦੇਸ਼ ਦਾ ਸਖ਼ਤ ਸਟੈਂਡ ਹੈ। ਅੱਤਵਾਦ ਨੂੰ ਹੱਲਾਸ਼ੇਰੀ ਦੇਣ ਅਤੇ ਭਾਰਤ ਦੀ ਧਰਤੀ ’ਤੇ ਜੰਗ ਥੋਪਣ ਵਿਰੁੱਧ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਖਿਲਾਫ਼ ਕਾਂਗਰਸ ਨੇ ਹਮੇਸ਼ਾਂ ਹੀ ਸਖ਼ਤ ਸਟੈਂਡ ਅਪਣਾਇਆ ਹੈ।  ਇਸ ਚੈਨਲ ਵਿੱਚ ਆਪਣੀ ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਮੋਦੀ ਦੀ ਅੱਤਵਾਦ ਵਿਰੁੱਧ ਸਖ਼ਤ ਲਾਈਨ ਜਾਂ ਐਨ.ਡੀ.ਏ. ਦੇ ਸਟੈਂਡ ਦਾ ਸਮਰਥਨ ਨਹੀਂ ਕੀਤਾ। ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਟੀ.ਵੀ. ਇੰਟਰਵਿਊ ਦੇ ਪ੍ਰਸਾਰਣ ਤੋਂ ਇਕਦਮ ਬਾਅਦ ਜਾਰੀ ਕੀਤਾ ਜਿਸ ਵਿੱਚ ਉਨਾਂ ਨੇ ਬਾਲਾਕੋਟ ਵਿੱਚ ਭਾਰਤੀ ਫੌਜ ਦੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਅਤੇ ਬੀ.ਜੇ.ਪੀ. ਵੱਲੋਂ ਆਪਣੇ ਸਿਰ ਬੰਨਣ ਦੀ ਕੀਤੀ ਕੋਸ਼ਿਸ਼ ਦੀ ਸਪਸ਼ਟ ਤੌਰ ’ਤੇ ਆਲੋਚਣਾ ਕੀਤੀ।  ਚੈਨਲ ਵੱਲੋਂ ਇਸ ਗੱਲ ਦੀ ਜਿਸ ਢੰਗ ਨਾਲ ਵਿਆਖਿਆ ਕੀਤੀ ਗਈ ਹੈ ਉਸ ਦੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿੱਚ ਤਿੱਖੀ ਖਿੱਲੀ ਉਡਾਈ। ਇਸ ਇੰਟਰਵਿਊ ਵਿੱਚ ਚੈਨਲ ਨੇ ਇਹ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਮੋਦੀ ਅਤੇ ਭਾਜਪਾ ਦੇ ਸਖ਼ਤ ਰੁਖ ਦੇ ਹੱਕ ਵਿੱਚ ਹਨ।  ਇਸ ਦੇ ਉਲਟ ਮੁੱਖ ਮੰਤਰੀ ਨੇ ਆਪਣੀ ਇੰਟਰਵਿਊ ਵਿੱਚ ਭਾਜਪਾ ਦੇ ਦਾਅਵਿਆਂ ’ਤੇ ਤਿੱਖਾ ਇਤਰਾਜ਼ ਪ੍ਰਗਟ ਕਰਦਿਆਂ ਇਹ ਕਿਹਾ ਸੀ,‘‘ ਪ੍ਰਧਾਨ ਮੰਤਰੀ ਨੂੰ ਜਿੱਤ ਦਾ ਦਾਅਵਾ ਕਰਨ ਦਾ ਕੋਈ ਹੱਕ ਨਹੀਂ ਹੈ... ਇਸ ਤਰਾਂ ਦੇ ਕਈ ਓਪਰੇਸ਼ਨ ਪਿੱਛਲੇ 50 ਸਾਲਾਂ ਤੋਂ ਪਾਕਿਸਤਾਨ ਸਰਹੱਦ ’ਤੇ ਹੋਏ ਹਨ।’’ ਮੁੱਖ ਮੰਤਰੀ ਨੇ ਕਿਹਾ,‘‘ ਕੋਣ ਕਹਿੰਦਾ ਹੈ, ਪਹਿਲਾਂ ਇਸ ਤਰਾਂ ਅਜਿਹਾ ਨਹੀਂ ਹੋਇਆ। ਅਜਿਹਾ 1947, 1965, 1971 ਅਤੇ ਕਾਰਗਿਲ ਦੌਰਾਨ ਵੀ ਹੋਇਆ ਹੈ।’’ ਉਨਾਂ ਅੱਗੇ ਕਿਹਾ ਕਿ ਸਮੇਂ ਦੀ ਸਰਕਾਰ ਨੇ ਦੇਸ਼ ਦੇ ਹਿੱਤ ਵਿੱਚ ਇਹ ਫੈਸਲਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ  ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਹੋਣ ਕਾਰਨ ਖੁਦ ਦੇ ਸਿਰ ’ਤੇ ਸਿਹਰਾ ਨਹੀਂ ਬੰਨ ਸਕਦਾ। ਇਹ ਕਾਰਵਾਈ ਹਥਿਆਰਬੰਦ ਫੌਜਾਂ ਨੇ ਕੀਤੀ ਹੈ। ਇਸ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਸ ਵਿਚਾਰ ਨੂੰ ਵੀ ਰੱਦ ਕਰ ਦਿੱਤਾ ਕਿ ਕਾਂਗਰਸ ਅੱਤਵਾਦ ਦੇ ਚੱਲਦੇ ਹੋਏ ਵੀ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਹੱਕ ਵਿੱਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਬਾਲਾਕੋਟ ਓਪਰੇਸ਼ਨ ਤੋਂ ਬਾਅਦ ਸਿਰਫ ਫੌਜੀ ਤੀਬਰਤਾ ਨੂੰ ਘਟਾਉਣ ਦੀ ਗੱਲ ਆਖੀ ਸੀ ਜੋ ਅੱਤਵਾਦ ਦੇ ਮੁੱਦੇ ਤੋਂ ਪੂਰੀ ਤਰਾਂ ਵੱਖਰਾ ਮਸਲਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਹੋਰ ਵੀ ਕਈ ਸਖ਼ਤ ਸਵਾਲਾਂ ਦੇ ਜਵਾਬ ਦਿੱਤੇ ਜਿਨਾਂ ਵਿੱਚ ਏ.ਐਫ.ਐਸ.ਪੀ.ਏ. ਨੂੰ ਵਾਪਸ ਲੈਣ ਦਾ ਮੁੱਦਾ ਵੀ ਸ਼ਾਮਲ ਹੈ ਜਿਸ ਦਾ ਕਾਂਗਰਸ ਦੇ ਚੌਣ ਮਨੋਰਥ ਪੱਤਰ ਵਿੱਚ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ ਹੈ। ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਨਰਮ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਾਂਗਰਸ ਦੇ ਮੈਨੀਫੈਸਟੋ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਸ ਤਰਾਂ ਦੀ ਸਥਿਤੀ ਨਾਲ ਨਿਪਟਨ ਲਈ ਪਹਿਲਾਂ ਹੀ ਦੇਸ਼ ਵਿੱਚ ਬਹੁਤ ਸਾਰੇ ਕਾਨੂੰਨ ਹਨ। ਪਿ੍ਰਯੰਕਾ ਗਾਂਧੀ ਨੂੰ ਵਾਰਾਨਸੀ ਤੋਂ ਮੋਦੀ ਵਿਰੁੱਧ ਲੜਨ ਲਈ ਟਿਕਟ ਦਿੱਤੇ ਜਾਣ ਤੋਂ ਕਥਿਤ ਇਨਕਾਰ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਸ ਤੇ ਪਹਿਲਾਂ ਹੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜੇ ਉਹ ਚੋਣਾਂ ਵਿੱਚ ਉੱਤਰਦੀ ਤਾਂ ਉਹ ਉਨਾਂ ਨਾਲ ਨਿਆਂ ਨਹੀਂ ਕਰ ਸਕਦੀ ਸੀ। ਪਿ੍ਰਯੰਕਾ ਲਈ ਅਜੇ ਬਹੁਤ ਸਾਰਾ ਸਮਾਂ ਹੈ। ਉਹ ਅਜੇ ਹੁਣੇ-ਹੁਣੇ ਹੀ ਸਰਗਰਮ ਸਿਆਸਤ ਵਿੱਚ ਆਈ ਹੈ। ਉਨਾਂ ਨੇ ਉਸ ਨੂੰ ਬੁੱਧੀਮਾਨ ਅਤੇ ਸਰਗਰਮ ਔਰਤ ਦੱਸਿਆ। ਗਾਂਧੀ ਪਰਿਵਾਰ ਵਿਰੁੱਧ ਜੱਦੀ ਪੁਸ਼ਤੀ ਸਿਆਸਤ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕ ਆਪਣੇ ਪਸੰਦੀਦਾ ਵਿਅਕਤੀ ਨੂੰ ਵੋਟ ਪਾਉਣ ਲਈ ਪੂਰੀ ਤਰਾਂ ਆਜ਼ਾਦ ਹਨ। ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ਵਿੱਚ ਦਿਨੋਦਿਨ ਸੁਧਾਰ ਆ ਰਿਹਾ ਹੈ ਅਤੇ ਕਾਂਗਰਸ ਪਾਰਟੀ ਸਪਸ਼ਟ ਤੌਰ ’ਤੇ ਇਨਾਂ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ।