• Home
  • ਕਾਂਗਰਸ ਸਰਕਾਰ ਹਰੀਕੇ ਉੱਤੇ ਪਾਣੀ ਦੀ ਸਪਲਾਈ ਵਧਾਏ: ਸੁਖਬੀਰ ਬਾਦਲ

ਕਾਂਗਰਸ ਸਰਕਾਰ ਹਰੀਕੇ ਉੱਤੇ ਪਾਣੀ ਦੀ ਸਪਲਾਈ ਵਧਾਏ: ਸੁਖਬੀਰ ਬਾਦਲ

ਕਿਹਾ ਕਿ ਨਰਮਾ ਸੁੱਕ ਗਿਆ ਹੈ ਅਤੇ ਝੋਨਾ ਲਾਉਣਾ ਸੰਭਵ ਨਹੀਂ ਜਾਪ ਰਿਹਾ
ਚੰਡੀਗੜ੍ਹ/08 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੀਣ ਲਈ ਅਤੇ ਸਿੰਚਾਈ ਵਾਸਤੇ ਨਹਿਰੀ ਪਾਣੀ ਉਤੇ ਨਿਰਭਰ ਮਾਲਵਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਦੀ ਬਹੁਤ ਹੀ ਬੁਰੀ ਹਾਲਤ ਹੈ, ਕਿਉਂਕਿ ਕਾਂਗਰਸ ਸਰਕਾਰ ਹਰੀਕੇ ਹੈਡਵਰਕਸ ਉੱਤੇ ਪਾਣੀ ਦੀ ਸਪਲਾਈ ਵਧਾਉਣ ਲਈ ਕੋਈ ਯਤਨ ਨਹੀਂ ਕਰ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਫਰੀਦਕੋਟ ਦੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ। ਨਹਿਰੀ ਪਾਣੀ ਦੀ ਲੋੜੀਂਦੀ ਸਪਲਾਈ ਨਾ ਹੋਣ ਕਰਕੇ ਇਹਨਾਂ ਜ਼ਿਲ੍ਹਿਆਂ ਵਿਚ ਨਰਮੇ ਦੀ ਫਸਲ ਵੀ ਸੁੱਕਣੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਹਾਸਿਲ ਕਰਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਕਮੀ ਕਰਕੇ ਬਹੁਤ ਸਾਰੀਆਂ ਥਾਂਵਾਂ ਉਤੇ ਨਰਮੇ ਦੀ ਫਸਲ ਮੁਰਝਾਉਣੀ ਸ਼ੁਰੂ ਹੋ ਗਈ ਹੈ।
ਇਸ ਨੂੰ ਬੰਦੇ ਦੀ ਸਹੇੜੀ ਸਮੱਸਿਆ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਘੂਕ ਨੀਂਦ ਸੁੱਤੀ ਪਈ ਹੈ ਅਤੇ ਇਸ ਨੇ ਇਹਨਾਂ ਜ਼ਿਲ੍ਹਿਆਂ ਵਾਸਤੇ ਭਾਖੜਾ ਡੈਮ ਤੋਂ ਪਾਣੀ ਨਹੀਂ ਛੱਡਿਆ ਹੈ। ਸਰਦਾਰ ਬਾਦਲ ਨੇ ਤੁਰੰਤ ਇਹਨਾਂ ਜ਼ਿਲ੍ਹਿਆਂ ਅੰਦਰ ਪਾਣੀ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ।
ਸੂਬਾ ਸਰਕਾਰ ਨੂੰ ਕਿਸਾਨਾਂ ਦੀ ਸਮੱਸਿਆਂ ਤੁਰੰਤ ਦੂਰ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਝੋਨਾ ਲਾਉਣ ਵਾਸਤੇ ਵਧੇਰੇ ਪਾਣੀ ਦੀ ਲੋੜ ਹੋਵੇਗੀ ਤਾਂ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਵੇਗੀ। ਉਹਨਾਂ ਕਿਹਾ ਕਿ ਇਸ ਲਈ ਚੰਗਾ ਹੋਵੇਗਾ ਕਿ ਸੂਬਾਈ ਕੈਬਨਿਟ ਇੱਕ ਦੂਜੇ ਨੂੰ ਵਧਾਈਆਂ ਦੇਣੀਆਂ ਅਤੇ ਲੱਡੂ ਖੁਆਉਣੇ ਬੰਦ ਕਰਕੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਦਰਪੇਸ਼ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰੇ।