• Home
  • BHAGWANPUR Live:- 20 -25 ਮਿੰਟ ਕਿੰਨੇ ਘੰਟਿਆਂ ਦੇ ਹੋਣਗੇ ? ਐੱਨ ਡੀ ਆਰ ਐਫ ਦੇ ਇੰਜੀਨੀਅਰ ਉੱਪਰ ਘੱਟ, ਅਨਪੜ੍ਹਾਂ ਤੇ ਵੱਧ ਵਿਸ਼ਵਾਸ ਪ੍ਰਸ਼ਾਸਨ ਨੂੰ :- ਪੜ੍ਹੋ ਜ਼ਿੰਮੇਵਾਰ ਕੌਣ ?

BHAGWANPUR Live:- 20 -25 ਮਿੰਟ ਕਿੰਨੇ ਘੰਟਿਆਂ ਦੇ ਹੋਣਗੇ ? ਐੱਨ ਡੀ ਆਰ ਐਫ ਦੇ ਇੰਜੀਨੀਅਰ ਉੱਪਰ ਘੱਟ, ਅਨਪੜ੍ਹਾਂ ਤੇ ਵੱਧ ਵਿਸ਼ਵਾਸ ਪ੍ਰਸ਼ਾਸਨ ਨੂੰ :- ਪੜ੍ਹੋ ਜ਼ਿੰਮੇਵਾਰ ਕੌਣ ?

ਸੰਗਰੂਰ :- ਪਿੰਡ ਭਗਵਾਨਪੁਰਾ ਚ 5 ਦਿਨ ਤੋਂ 150 ਫੁੱਟ ਡੂੰਘੇ ਟਿਊਬਲ ਵਾਲੇ ਬੋਰ ਚ ਡਿੱਗੇ 2 ਸਾਲ ਦੇ ਬੱਚੇ ਨੂੰ 92 ਘੰਟੇ ਬੀਤ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਬਚਾਅ ਕਾਰਜਾਂ ਲਈ ਚੱਲ ਰਹੀ ਕੀੜੀ ਚਾਲ ਤੇ ਕਈ ਸਵਾਲ ਖੜ੍ਹੇ ਹੁੰਦੇ ਹਨ ।
ਪਹਿਲਾ ਸਵਾਲ ਇਹ ਹੈ ਕਿ ਇਸ ਆਪ੍ਰੇਸ਼ਨ ਨੂੰ ਕੁਦਰਤੀ ਆਫਤਾਂ ਬਾਰੇ ਸਪੈਸ਼ਲ ਬਣੇ ਵਿਭਾਗ ਐਨ ਡੀ ਆਰ ਐਫ ਦੇ ਹਵਾਲੇ ਪੂਰੀ ਤਰ੍ਹਾਂ ਕਿਉਂ ਨਹੀਂ ਕੀਤਾ ਗਿਆ । ਜੇਕਰ ਇਸ ਆਪ੍ਰੇਸ਼ਨ ਨੂੰ ਪੂਰੀ ਤਰ੍ਹਾਂ ਐਨ ਡੀ ਆਰ ਐਫ ਦੇ ਹਵਾਲੇ ਕੀਤਾ ਹੁੰਦਾ ਤਾਂ ਹੋ ਸਕਦਾ ਐਨ ਡੀ ਆਰ ਐਫ ਦੀ ਟੀਮ ਕੋਲੇ ਦੀਆਂ ਖਾਣਾਂ ਕੱਟਣ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਹੋਰ ਉਚੇਚੇ ਪ੍ਰਬੰਧ ਕਰਦੀ ,ਕਿਉਂਕਿ ਇਹ ਵਿਭਾਗ ਦਾ ਗਠਨ ਹੀ ਅਜਿਹੀਆਂ ਘਟਨਾਵਾਂ ਲਈ ਕੀਤਾ ਹੋਇਆ ਹੈ । ਪਰ ਜੋ ਕੁਝ ਭਗਵਾਨਪੁਰਾ ਚ ਹੋਇਆ ਉਹ ਤਕਨੀਕ ਤੋਂ ਪਾਸੇ ਹਟ ਕੇ ਹੀ ਹੋਇਆ। ਇਸ ਮੌਕੇ ਐਨ ਡੀ ਆਰ ਐਫ ਦੇ ਇੰਜੀਨੀਅਰਾਂ ਤੇ ਘੱਟ ਵਿਸ਼ਵਾਸ ਕੀਤਾ ਗਿਆ ਸਗੋਂ ਪ੍ਰਸ਼ਾਸਨ ਵੱਲੋਂ ਅਨਪੜ੍ਹ ਇੰਜੀਨੀਅਰਾਂ ਦੀਆਂ ਸਲਾਹਾਂ ਲਈਆਂ ਗਈਆਂ ।ਖਾਸ ਕਰਕੇ ਬਲਾਤਕਾਰੀ ਅਤੇ ਅਪਰਾਧੀ ਨੂੰ ਗੁਰੂ ਮੰਨਣ ਵਾਲੇ ਰਾਮ ਰਹੀਮ ਦੇ ਭਗਤਾਂ ਤੇ ।

ਟੀਵੀ ਚੈਨਲਾਂ ਵੱਲੋਂ ਦਿਖਾਏ ਗਏ ਦ੍ਰਿਸ਼ਾਂ ਚ ਪ੍ਰਸ਼ਾਸਨ ਅਧਿਕਾਰੀ ਅਨਪੜ੍ਹ ਵਿਅਕਤੀਆਂ ਨਾਲ ਜ਼ਿਆਦਾ ਸਲਾਹ ਮਸ਼ਵਰਾ ਕਰਦੇ ਦੇਖੇ ਗਏ ਅਤੇ ਨਾਲ ਹੀ ਵਰਦੀਆਂ ਨਾਲ ਸਜੀ ਹੋਈ ਡੇਰਾ ਪ੍ਰੇਮੀਆਂ ਦੀ ਫੌਜ ਨੂੰ ਮੂਹਰੇ ਲਗਾਇਆ ਹੋਇਆ ਸੀ ।ਜਦ ਕਿ ਐਨ ਡੀ ਆਰ ਐਫ ਦੀ ਟੁਕੜੀ ਸਾਈਡ ਤੇ ਸੀ । ਚੌਥੇ ਦਿਨ ਜਾ ਕੇ ਐਨ ਡੀ ਆਰ ਐਫ ਦੀ ਟੁਕੜੀ ਇਸ ਆਪ੍ਰੇਸ਼ਨ ਦੇ ਅੱਗੇ ਦਿਸਣ ਨੂੰ ਮਿਲੀ ।
ਇਸ ਘਟਨਾਕ੍ਰਮ ਚ ਭਾਵੇਂ ਪ੍ਰਸ਼ਾਸਨ ਵੱਲੋਂ 1947 ਤੋਂ ਪਹਿਲਾਂ ਵਾਲੀ ਹੀ ਤਕਨੀਕ (ਟਾਇਲਟ ਦਾ ਟੋਆ ਹੱਥੀਂ ਪੁੱਟਣ ਵਾਂਗ ) ਹੀ ਵਰਤੀ ਗਈ ।
ਇਸ ਆਪ੍ਰੇਸ਼ਨ ਚ ਭਾਵੇਂ ਸਰਕਾਰੀ ਮਸ਼ੀਨਰੀ ਤੋਂ ਇਲਾਵਾ 5 ਤੋਂ 7 ਹਜ਼ਾਰ ਲੋਕ ਸੇਵਾ ਭਾਵਨਾ ਨਾਲ ਰਾਹਤ ਕਾਰਜਾਂ ਚ ਲੱਗੇ ਹੋਏ ਸਨ, ਜਿਵੇਂ ਕਿ ਲੰਗਰ ਦਾ ਪ੍ਰਬੰਧ, ਮਿੱਟੀ ਪੁੱਟਣ, ਮਿੱਟੀ ਚੁੱਕਣ ਤੇ ਥੱਕ ਗਏ ਲੋਕਾਂ ਨੂੰ ਹਵਾ ਮਾਰਨ ਅਤੇ ਜਲ ਦੀ ਛਬੀਲ ਦੀ ਸੇਵਾ ਕਰ ਰਹੇ ਹਨ।
ਪਰ ਦੂਜੇ ਪਾਸੇ ਆਪਣੀ ਸਮਾਜ ਚ ਡਿੱਗੀ ਹੋਈ ਸਾਖ ਨੂੰ ਉੱਚਾ ਚੁੱਕਣ ਲਈ ਡੇਰਾ ਸਿਰਸਾ ਨੇ ( ਡ੍ਰੈੱਸ ਕੋਡ) ਚ ਵਰਦੀਆਂ ਵਾਲੀ ਆਪਣੀ 150 -200 ਬੰਦਿਆਂ ਦੀ ਫੌਜ ਨੂੰ ਪਤਾ ਨਹੀਂ ਕਿਸ ਦੇ ਇਸ਼ਾਰੇ ਤੇ ਅੱਗੇ ਲਗਾ ਦਿੱਤਾ ਤੇ ਫੇਰ ਰਾਮ ਰਹੀਮ ਦੇ ਡੇਰੇ ਦੀ ਪ੍ਰਮੋਸ਼ਨ ਸੋਸ਼ਲ ਮੀਡੀਆ ਤੇ ਕੀਤੀ ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੇਰਾ ਸਿਰਸਾ ਦੇ ਮੀਡੀਆ ਵਿੰਗ ਵੱਲੋਂ ਇੱਕ ਜਲੰਧਰ ਦੇ ਅਖ਼ਬਾਰ ਦੇ ਇੱਕ ਵੈੱਬ ਚੈਨਲ ਤੇ ਇੱਕ ਟੀਵੀ ਚੈਨਲ ਨੂੰ ਉਨ੍ਹਾਂ ਦੀ ਪ੍ਰਮੋਸ਼ਨ ਕਰਨ ਲਈ ਇਸ ਦੀ ਰਕਮ ਵੀ ਅਦਾ ਕੀਤੀ ਗਈ ।
ਜਿਸ ਤਹਿਤ ਇਹ ਵੈੱਬ ਚੈਨਲ ਤੇ ਟੀਵੀ ਚੈਨਲ ਨੇ ਸਿੱਧੇ ਪ੍ਰਸਾਰਨ ਰਾਹੀਂ ਬਾਕੀ ਰਾਹਤ ਕਾਰਜ ਦੀ ਸੇਵਾ ਚ ਜੁੜੇ ਲੋਕਾਂ ਨੂੰ ਦਿਖਾਉਣ ਦੀ ਥਾਂ ਡੇਰਾ ਪ੍ਰੇਮੀਆਂ ਦੀ ਵਰਦੀ ਵਾਲੀ ਫੌਜ ਨੂੰ ਦਿਖਾ ਕੇ ਉਸ ਦੇ ਹੀ ਗੁਣ ਗਾਏ ।

ਭਾਵੇਂ ਕਿ ਮੌਕੇ ਤੇ ਮੌਜੂਦ ਸਿੱਧਾ ਪ੍ਰਸਾਰਨ ਦਿਖਾ ਰਹੇ ਮੀਡੀਆ ਵੱਲੋਂ ਪ੍ਰਸ਼ਾਸਨ ਦੇ ਹਵਾਲੇ ਨਾਲ ਪਿਛਲੇ 3 ਦਿਨ ਤੋਂ 20 -25 ਮਿੰਟ ਤੱਕ ਬੱਚਾ ਬਾਹਰ ਆ ਜਾਏਗਾ ਦੇ ਦਾਅਵੇ ਕੀਤੇ ਗਏ ।ਪਰ ਅੱਜ ਪੰਜਵਾਂ ਦਿਨ ਆ ਗਿਆ ਹੈ ,ਇਹ ਨਹੀਂ ਪਤਾ 20 -25 ਮਿੰਟ ਕਿੰਨੇ ਘੰਟਿਆਂ ਦੇ ਹੋਣਗੇ ਜਦਕਿ 92 ਘੰਟੇ ਇਸ ਦੁਰਘਟਨਾ ਨੂੰ ਬੀਤ ਚੁੱਕੇ ਹਨ ।

ਦੂਜੇ ਪਾਸੇ ਟੈਲੀਵਿਜ਼ਨਾਂ ਰਾਹੀਂ ਸਿੱਧਾ ਪ੍ਰਸਾਰਣ ਦੇਖ ਰਹੇ ਦੇਸ਼- ਵਿਦੇਸ਼ ਦੇ ਲੋਕਾਂ ਵੱਲੋਂ "ਖ਼ਬਰ ਵਾਲੇ ਡਾਟ ਕਾਮ" ਨੂੰ ਆਏ ਫੋਨਾਂ ਤੇ ਆਪਣਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਬੱਚੇ ਨੂੰ ਡੂੰਘੇ ਬੋਰ ਚੋਂ ਕੱਢਣ ਲਈ ਹੋ ਰਹੀ ਦੇਰੀ ਬਾਰੇ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ,ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ 21ਵੀਂ ਸਦੀ ਚ ਪੁਲਾੜ ਚ ਪ੍ਰੀਖਣ ਕਰਕੇ ਅਮਰੀਕਾ ਵਰਗੇ ਦੇਸ਼ਾਂ ਦੀ ਤਕਨੀਕ ਚ ਭਾਰਤ ਸ਼ਾਮਿਲ ਹੈ । ਭਾਰਤ ਦ ਐਨ ਡੀ ਆਰ ਐਫ ਵਿਭਾਗ ਨੂੰ ਜਿੰਮਾਂ ਸਿੱਧੇ ਤੌਰ ਤੇ ਕਿਉਂ ਨਹੀਂ ਦਿੱਤਾ ਗਿਆ ਅਤੇ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਅਨਪੜ੍ਹ ਡੇਰਾ ਪ੍ਰੇਮੀਆਂ ਤੇ ਕਿਉਂ ਵਿਸ਼ਵਾਸ ਕੀਤਾ ਜਾ ਰਿਹਾ ਹੈ ।