• Home
  • ਗੰਨੇ ਦਾ ਵਾਜ਼ਬ ਮੁੱਲ ਨਾ ਮਿਲਣ ਦਾ ਮਾਮਲਾ: ਕਿਸਾਨ ਯੂਨੀਅਨਾਂ ਖੜਕਾਉਣਗੀਆਂ ਮੁੱਖ ਮੰਤਰੀ ਦਾ ਦਰਵਾਜ਼ਾ

ਗੰਨੇ ਦਾ ਵਾਜ਼ਬ ਮੁੱਲ ਨਾ ਮਿਲਣ ਦਾ ਮਾਮਲਾ: ਕਿਸਾਨ ਯੂਨੀਅਨਾਂ ਖੜਕਾਉਣਗੀਆਂ ਮੁੱਖ ਮੰਤਰੀ ਦਾ ਦਰਵਾਜ਼ਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਗੰਨੇ ਦੇ ਮੁੱਲ ਨੂੰ ਲੈ ਕੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਤੇ ਮਿੱਲਾਂ ਉਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਹੁਣ ਇਸ ਮਾਮਲੇ 'ਚ ਕਿਸਾਨ ਯੂਨੀਅਨਾਂ ਨੇ ਛੋਟੇ ਛੋਟੇ ਧਰਨੇ ਛੱਡ ਕੇ ਸਿੱਧਾ ਮੁੱਖ ਮੰਤਰੀ ਦਾ ਦਰਵਾਜ਼ਾ ਖੜਕਾਉਣ ਦਾ ਮਨ ਬਣਾ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਕ ਵੀਡੀਉ ਪੋਸਟ ਕਰ ਕੇ ਐਲਾਨ ਕੀਤਾ ਹੈ ਕਿ ਜੇਕਰ ਕਿਸਾਨਾਂ ਦੇ ਗੰਨੇ ਦਾ ਬਕਾਇਆ ਮੁੱਲ 30 ਸਤੰਬਰ ਤਕ ਨਾ ਮਿਲਿਆ ਤਾਂ ਸਾਰੇ ਕਿਸਾਨ ਰਲ ਕੇ ਮੁੱਖ ਮੰਤਰੀ ਨਿਵਾਸ ਅੱਗੇ ਧਰਨਾ ਦੇਣਗੇ।
ਇਸ ਤੋਂ ਇਲਾਵਾ ਦੂਜੇ ਪਾਸੇ ਦੁਆਬਾ ਦੇ ਕਿਸਾਨਾਂ ਨੇ ਕਿਹਾ ਹੈ ਕਿ ਅਗਰ 30 ਤਕ ਕਿਸਾਨਾਂ ਨੂੰ ਗੰਨੇ ਦੇ ਪੈਸੇ ਨਾ ਦਿੱਤੇ ਗਏ ਤਾਂ ਦੁਆਬੇ ਦੇ ਦਸ ਹਜ਼ਾਰ ਕਿਸਾਨ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਨਿਵਾਸ ਅੱਗੇ ਧਰਨਾ ਦੇਣਗੇ।
ਕਿਸਾਨ ਯੂਨੀਅਨਾਂ ਨੇ ਸਾਂਝੇ ਤੌਰ ਤੇ ਦੋਸ਼ ਲਾਇਆ ਕਿ ਸਰਕਾਰ ਵੀ ਮਿੱਲਾਂ ਨਾਲ ਮਿਲੀ ਹੋਈ ਹੈ ਤੇ ਉਨਾਂ ਦੇ ਭੁਗਤਾਨ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਕਿਸਾਨਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਹੁਣ ਉਹ 310 ਰੁਪਏ ਪ੍ਰਤੀ ਕੁਇੰਟਲ ਹੀ ਲੈਣਗੇ ਕਿਉਂਕਿ ਗੁਆਂਢੀ ਸੂਬਿਆਂ 'ਚ ਗੰਨੇ ਦਾ ਰੇਟ ਜਿਆਦਾ ਹੈ। ਉਨਾਂ ਕਿਹਾ ਕਿ ਪੰਜਾਬ 'ਚ ਗੰਨੇ ਦਾ ਰੇਟ 275 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ ਜਦਕਿ ਹਰਿਆਣਾ 'ਚ 330 ਤੇ ਯੂਪੀ 'ਚ 325 ਰੁਪਏ ਪ੍ਰਤੀ ਕੁਇੰਟਲ ਰੇਟ ਦਿੱਤਾ ਜਾ ਰਿਹਾ ਹੈ।
ਕਿਸਾਨਾਂ ਨੇ ਐਲਾਨ ਕੀਤਾ ਕਿ ਅਗਰ ਉਨਾਂ ਦੀ ਮੰਗ 'ਤੇ ਗੌਰ ਨਾ ਕੀਤੀ ਗਈ ਤਾਂ ਉਹ ਅੰਦੋਲਨ ਨੂੰ ਤਿੱਖਾ ਕਰ ਦੇਣਗੇ।