• Home
  • ਬਾਦਲ ਵਲੋਂ ‘ਲੰਬੀ ਵਾਸਤੇ ਤੋਹਫੇ’ ਦੀ ਮੰਗ ਤੰਗ ਨਜ਼ਰੀਏ ਦਾ ਪ੍ਰਗਟਾਵਾ : ਕੈਪਟਨ

ਬਾਦਲ ਵਲੋਂ ‘ਲੰਬੀ ਵਾਸਤੇ ਤੋਹਫੇ’ ਦੀ ਮੰਗ ਤੰਗ ਨਜ਼ਰੀਏ ਦਾ ਪ੍ਰਗਟਾਵਾ : ਕੈਪਟਨ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਦੇ ਵਿਕਾਸ ਵਾਸਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਚੋਣਵੀ ਮੰਗ ਲਈ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਅਕਾਲੀ ਆਗੂ ਦਾ ਜ਼ਾਹਿਰਾ ਤੌਰ 'ਤੇ ਸੂਬੇ ਦੇ ਵਿਕਾਸ ਬਾਰੇ ਤੰਗ ਨਜ਼ਰੀਆ ਹੈ।
ਕੁੱਝ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਲਗਾਤਾਰ ਲੰਬੀ ਨੂੰ ਹੀ ਸੂਬੇ ਦਾ ਇਕੋ-ਇਕ ਹਲਕਾ ਦੱਸ ਰਿਹਾ ਹੈ ਜੋ ਵਿਕਾਸ ਦਾ ਹੱਕਦਾਰ ਹੈ। ਪਿਛਲੇ 10 ਸਾਲਾਂ ਦੇ ਕੁਸ਼ਾਸ਼ਨ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਅਤੇ ਉਨਾਂ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ਜਨਕ ਅਤੇ ਅਸਫਲ ਕੋਸ਼ਿਸ਼ਾਂ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਦਲ ਸਿਰਫ਼ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਸਮੁੱਚੇ ਸੂਬੇ ਦੇ ਵਿਕਾਸ ਦੀ ਬਿਨਾਹ 'ਤੇ ਲੰਬੀ ਵਾਸਤੇ ਤੋਹਫੇ ਦੀ ਮੰਗ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਨੇ ਪਿਛਲੇ 18 ਮਹੀਨੇ ਦੌਰਾਨ ਪੰਜਾਬ ਦੇ ਕਿਸੇ ਵੀ ਹੋਰ ਖਿੱਤੇ ਲਈ ਕਦੀ ਵੀ ਤੋਹਫੇ ਦੀ ਮੰਗ ਨਹੀਂ ਕੀਤੀ। ਉਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਦੀ ਰੱਤੀ ਭਰ ਵੀ ਚਿੰਤਾ ਨਹੀਂ।