• Home
  • ਸਵਿਤਾ ਦਾ ਕਤਲ ਸਿਰ ‘ਚ ਹਥੌੜੀ ਤੇ ਪੱਥਰ ਮਾਰ ਕੇ ਕੀਤਾ ਸੀ- ਚਾਰ ਵਿੱਚੋਂ ਤਿੰਨ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ

ਸਵਿਤਾ ਦਾ ਕਤਲ ਸਿਰ ‘ਚ ਹਥੌੜੀ ਤੇ ਪੱਥਰ ਮਾਰ ਕੇ ਕੀਤਾ ਸੀ- ਚਾਰ ਵਿੱਚੋਂ ਤਿੰਨ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ

ਐਸ.ਏ.ਐਸ. ਨਗਰ, 18 ਮਾਰਚ ਐਸ.ਏ.ਐਸ. ਨਗਰ ਪੁਲਿਸ ਨੇ ਗਿਲਕੋ ਸਿਟੀ ਖਰੜ ਵਿਖੇ ਹੋਏ ਸਵਿਤਾ ਦੇਵੀ ਕਤਲ ਕੇਸ ਨੂੰ ਚਾਰ ਦਿਨਾਂ ਵਿੱਚ ਹੱਲ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 14 ਮਾਰਚ 2019 ਨੂੰ ਕ੍ਰਿਪਾਲ ਸਿੰਘ ਬਾਜਵਾ ਪੁੱਤਰ ਪੂਰਨ ਸਿੰਘ ਵਾਸੀ ਗਿਲਕੋ ਵੈਲੀ ਖਰੜ ਨੇ ਥਾਣਾ ਸਿਟੀ ਖਰੜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਪਲਾਟ ਨੰਬਰ 115 ਗਿਲਕੋ ਸਿਟੀ ਖਰੜ ਵਿਖੇ ਹੈ। ਜਦੋਂ ਉਹ 14 ਮਾਰਚ ਨੂੰ ਸਵੇਰੇ ਆਪਣੇ ਪਲਾਟ ਉਤੇ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਲਾਟ ਦੇ ਨਾਲ ਬਣੀਆਂ ਦੁਕਾਨਾਂ ਦੇ ਪਿਛਲੇ ਪਾਸੇ ਬਣੀ ਉਜਾੜ ਸੜਕ ਦੇ ਕਿਨਾਰੇ ਔਰਤ ਦੀ ਲਾਸ਼ ਪਈ ਹੈ। ਇਸ ਬਾਰੇ 14 ਮਾਰਚ ਨੂੰ ਥਾਣਾ ਸਿਟੀ ਖਰੜ ਵਿਖੇ ਧਾਰਾ 302 ਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ. ਭੁੱਲਰ ਨੇ ਦੱਸਿਆ ਕਿ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ, ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਡੀ.ਐਸ.ਪੀ. ਖਰੜ ਦੀਪ ਕਮਲ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ ਗੁਰਦੇਵ ਸਿੰਘ ਧਾਰੀਵਾਲ, ਸੀ.ਆਈ.ਏ. ਮੋਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਅਤੇ ਐਸ.ਐਚ.ਓ. ਸਿਟੀ ਖਰੜ ਇੰਸਪੈਕਟਰ ਭਗਵੰਤ ਸਿੰਘ ਉਤੇ ਆਧਾਰਤ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਇਸ ਟੀਮ ਵੱਲੋਂ ਮਾਮਲੇ ਦੀ ਪੂਰੀ ਬਰੀਕੀ ਨਾਲ ਹਰ ਪਹਿਲੂ ਤੋਂ ਛਾਣਬੀਣ ਕੀਤੀ ਗਈ। ਤਫ਼ਤੀਸ਼ ਦੌਰਾਨ ਮ੍ਰਿਤਕਾ ਦੀ ਪਛਾਣ ਸਵਿਤਾ ਪਤਨੀ ਪਿੰਟੂ ਵਾਸੀ ਕਿਰਾਏਦਾਰ ਨੇੜੇ ਗੁਰੂ ਨਾਨਕ ਪਬਲਿਕ ਸਕੂਲ ਬਲੌਂਗੀ ਵਜੋਂ ਹੋਈ। ਤਫ਼ਤੀਸ਼ੀ ਟੀਮ ਵੱਖ-ਵੱਖ ਪਹਿਲੂਆਂ ਬਾਰੇ ਜਾਂਚ ਕਰਨ ਮਗਰੋਂ ਇਸ ਸਿੱਟੇ 'ਤੇ ਪੁੱਜੀ ਕਿ ਸਵਿਤਾ ਦੇਵੀ ਦਾ ਕਤਲ ਉਸ ਦੇ ਪਤੀ ਪਿੰਟੂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਹੋਰ ਛਾਣਬੀਣ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਸਵਿਤਾ ਦੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਪਿੰਟੂ ਨਾਲ ਅਣਬਣ ਚੱਲੀ ਆ ਰਹੀ ਸੀ ਅਤੇ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ। ਪਿੰਟੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸ ਨੇ ਆਪਣੇ ਭਰਾ ਅਮਿਤ, ਦੀਪਕ ਅਤੇ ਰਾਮ ਕੁਮਾਰ ਨਾਲ ਮਿਲ ਕੇ ਸਵਿਤਾ ਦਾ ਕਤਲ ਕਰ ਦਿੱਤਾ। ਸ. ਭੁੱਲਰ ਨੇ ਅੱਗੇ ਦੱਸਿਆ ਕਿ ਮਿਤੀ 13 ਮਾਰਚ ਨੂੰ ਮੁਲਜ਼ਮ ਅਮਿਤ ਨੇ ਆਪਣੀ ਭਾਬੀ ਸਵਿਤਾ ਨੂੰ ਫੋਨ 'ਤੇ ਮਿਲਣ ਲਈ ਬੁਲਾਇਆ ਅਤੇ ਫਿਰ ਉਸ ਨੂੰ ਥ੍ਰੀਵੀਲਰ ਵਿੱਚ ਬਿਠਾ ਕੇ ਖਰੜ ਗਿਲਕੋ ਵੈਲੀ ਲੈ ਗਿਆ। ਉਨ੍ਹਾਂ ਰਾਤ ਕਰੀਬ 08:40 ਵਜੇ ਬਾਕੀ ਮੁਲਜ਼ਮਾਂ ਨਾਲ ਮਿਲ ਕੇ ਸਵਿਤਾ ਦੇ ਸਿਰ ਵਿੱਚ ਹਥੌੜੀ ਅਤੇ ਪੱਥਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕਾ ਤੋਂ ਆਪਣੇ ਥ੍ਰੀਵੀਲਰ ਵਿੱਚ ਫਰਾਰ ਹੋ ਗਏ। ਇਸ ਦੌਰਾਨ ਕਾਹਲੀ ਵਿੱਚ ਪਿੰਟੂ ਦੀ ਦੁਕਾਨ ਦੀਆਂ ਚਾਬੀਆਂ ਮੌਕੇ ਉਤੇ ਡਿੱਗ ਗਈਆਂ। ਫਿਰ ਦੁਬਾਰਾ ਮੁਲਜ਼ਮ ਦੀਪਕ ਅਤੇ ਅਮਿਤ ਦੇਰ ਰਾਤ ਆਪਣੇ ਸਕੂਟਰ 'ਤੇ ਮੌਕਾ ਦੇਖਣ ਆਏ ਤਾਂ ਦੀਪਕ ਨੇ ਫਿਰ ਸਵਿਤਾ ਦੇ ਸਿਰ ਵਿੱਚ ਪੱਥਰ ਮਾਰ ਕੇ ਇਹ ਯਕੀਨੀ ਕੀਤਾ ਕਿ ਉਹ ਮਰ ਚੁੱਕੀ ਹੈ ਪਰ ਉਨ੍ਹਾਂ ਨੂੰ ਕਾਫੀ ਭਾਲ ਮਗਰੋਂ ਵੀ ਚਾਬੀਆਂ ਨਹੀਂ ਮਿਲੀਆਂ। ਫਿਰ ਅਗਲੇ ਦਿਨ ਸਾਰੇ ਮੁਲਜ਼ਮ ਰੇਲ ਗੱਡੀ ਰਾਹੀਂ ਬਿਜਨੌਰ (ਉੱਤਰ ਪ੍ਰਦੇਸ਼) ਫਰਾਰ ਹੋ ਗਏ, ਜਿਸ ਮਗਰੋਂ ਪੁਲਿਸ ਇਨ੍ਹਾਂ ਦਾ ਪਿੱਛਾ ਕਰਦੀ ਉੱਤਰ ਪ੍ਰਦੇਸ਼ ਪੁੱਜ ਗਈ, ਜਿੱਥੇ ਥਾਣਾ ਸਿਟੀ ਖਰੜ ਦੇ ਐਸ. ਆਈ. ਨਿਧਾਨ ਸਿੰਘ ਅਤੇ ਸੀ.ਆਈ.ਏ. ਦੀ ਪੁਲਿਸ ਪਾਰਟੀ ਨੇ ਮੁਲਜ਼ਮਾਂ ਰਾਮ ਕੁਮਾਰ ਪੁੱਤਰ ਰਾਜੇਸ਼, ਅਮਿਤ ਪੁੱਤਰ ਰਾਮਪਾਲ ਸਿੰਘ, ਪਿੰਟੂ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀਆਨ ਪਿੰਡ ਸਮਾਇਲਪੁਰ ਥਾਣਾ ਨਜੀਬਾਬਾਦ ਜ਼ਿਲ੍ਹਾ ਬਿਜਨੌਰ ਨੂੰ ਨਜੀਬਾਬਾਦ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰ ਲਿਆ ਹੈ। ਚੌਥੇ ਦੋਸ਼ੀ ਦੀਪਕ ਕੁਮਾਰ ਦੀ ਤਲਾਸ਼ ਲਈ ਪੁਲਿਸ ਪਾਰਟੀ ਲਾਈ ਗਈ ਹੈ, ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ. ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।