• Home
  • ਕਣਕ ਨਾਲ ਗੱਲਾਂ ਕਰਦਿਆਂ

ਕਣਕ ਨਾਲ ਗੱਲਾਂ ਕਰਦਿਆਂ

ਨਾਲ਼ ਪੋਟਿਆਂ ਦੇ ਮਿਣ-ਮਿਣ ਪਾਲ਼ੀਏ, ਕੀਤੀਏ ਜਵਾਨ ਕਣਕੇ।
ਨਿਗ੍ਹਾ ਤੇਰੇ ਉੱਤੇ ਬੁਰੀ ਸਾਰੇ ਜੱਗ ਦੀ ਮੇਰੀਏ ਰਕਾਨ ਕਣਕੇ।

ਕੂੜਾ ਸ਼ਾਹ ਵੀ ਬੰਨੇ ਉੱਤੇ ਗੇੜੇ ਰਹੇ ਮਾਰਦਾ।
ਬੱਲੀਆਂ ਨੂੰ ਨੰਗੀਆਂ ਨਿਗਾਹਾਂ ਨਾਲ ਤਾੜਦਾ।
ਲਾਲ ਵਹੀ ਉੱਤੇ ਰਾਤ-ਦਿਨ ਧੁਖਦਾ ਅੰਗੂਠੇ ਦਾ ਨਿਸ਼ਾਨ ਕਣਕੇ।
ਨਿਗ੍ਹਾ ਤੇਰੇ ਉੱਤੇ ਬੁਰੀ ਸਾਰੇ ਜੱਗ ਦੀ, ਮੇਰੀਏ ਰਕਾਨ ਕਣਕੇ

ਫੱਟ ਡੂੰਘੇ ਹੋ ਗਏ ਨੇ ਸਮੇਂ ਦੀਆਂ ਮਾਰਾਂ ਦੇ।
ਰਲ਼ ਗਿਆ ਜਾਪੇ ਰੱਬ ਨਾਲ਼ ਸਰਕਾਰਾਂ ਦੇ।
ਸਾਡੇ ਪੈਲੀਆਂ ਦੇ ਪਿੰਡੇ ਉੱਤੇ ਚੁੱਭਦੇ ਝੂਠ ਦੇ ਬਿਆਨ ਕਣਕੇ।
ਨਿਗ੍ਹਾ ਤੇਰੇ ਉੱਤੇ ਬੁਰੀ ਸਾਰੇ ਜੱਗ ਦੀ, ਮੇਰੀਏ ਰਕਾਨ ਕਣਕੇ।

ਸ਼ਹਿਰੀਆਂ ਨੂੰ ਚਾਹੀਦੀ ਵਿਸਾਖ ਵਿਚ ਠੰਡ ਨੀ।
ਭਾਰੀ ਹੁੰਦੀ ਜਾਵੇ ਸਾਡੇ ਕਰਜ਼ੇ ਦੀ ਪੰਡ ਨੀ।
ਰੱਜੇ ਢਿੱਡਾਂ ਨੇ ਪਤਾ ਨਹੀਂ ਕਦੋਂ ਮੰਨਣਾ ਤੇਰਾ ਅਹਿਸਾਨ ਕਣਕੇ।
ਨਿਗ੍ਹਾ ਤੇਰੇ ਉੱਤੇ ਬੁਰੀ ਸਾਰੇ ਜੱਗ ਦੀ, ਮੇਰੀਏ ਰਕਾਨ ਕਣਕੇ

ਨਿੱਕੀ ਜਹੀ ਟੱਬਰੀ ਤੇ ਨਿੱਕੀਆਂ ਇੱਛਾਵਾਂ ਨੀ।
ਚੜ੍ਹ-ਚੜ੍ਹ ਆਉਂਦੀਆਂ ਨੇ ਕਾਲੀਆਂ ਘਟਾਵਾਂ ਨੀ।
ਅਜੇ ਮੌਸਮ ਦੀ ਬੁੱਕਲ ਚ ਲੁਕੇ ਕਿੰਨੇ ਝੱਖੜ ਤੂਫ਼ਾਨ ਕਣਕੇ।
ਨਿਗ੍ਹਾ ਤੇਰੇ ਉੱਤੇ ਬੁਰੀ ਸਾਰੇ ਜੱਗ ਦੀ, ਮੇਰੀਏ ਰਕਾਨ ਕਣਕੇ

ਜਗਵਿੰਦਰ ਜੋਧਾ(ਡਾ:)
ਸੰਚਾਰ ਕੇਂਦਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ
94654-64502