• Home
  • ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਦਿੱਲੀ ਵਾਲਿਆਂ ਤੋ ਕਾਰ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਖੋਹਣ ਦਾ ਭੇਦ ਬਣਿਆ- ਸੰਗਤਾਂ ਚ ਰੋਸ

ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਦਿੱਲੀ ਵਾਲਿਆਂ ਤੋ ਕਾਰ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਖੋਹਣ ਦਾ ਭੇਦ ਬਣਿਆ- ਸੰਗਤਾਂ ਚ ਰੋਸ

ਰਾਏਕੋਟ ( ਗਿੱਲ ):-ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਕਾਰ ਸੇਵਾ ਕਰ ਰਹੇ ਦਿੱਲੀ ਵਾਲੇ ਬਾਬਿਆਂ ਦੇ ਜੱਥੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਖੋਹੇ ਜਾਣ ਤੋਂ ਬਾਅਦ ਜਿੱਥੇ ਸਿੱਖ ਸੰਗਤ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ,ਉੱਥੇ ਅਜੇ ਤੱਕ ਇਹ ਬੁਝਾਰਤ ਬਣਿਆ ਹੋਇਆ ਹੈ ,ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਖੁਦ ਬੇਨਤੀ ਕਰਕੇ ਲਿਆਂਦੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਦੇ ਜਥੇ ਨੂੰ ਕਿਉਂ ਬਾਹਰਲਾ ਰਸਤਾ ਦਿਖਾ ਕੇ ਨਵੇਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਵਾਗਡੋਰ ਸਾਂਭੀ ।
ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਜੋ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਛੋਟੇ ਸਪੁੱਤਰ ਹਨ ਦੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਕਿਸ ਗੱਲ ਨੂੰ ਲੈ ਕੇ ਅਣਬਣ ਹੋਈ ਇਹ ਗੱਲ ਵੀ ਅਜੇ ਭੇਦ ਬਣੀ ਹੋਈ ਹੈ।
ਇਹ ਵੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਰ ਸੇਵਾ ਦੀ ਲੋਕਲ ਸੇਵਾ ਸੰਭਾਲ ਰਹੇ ਸੇਵਾਦਾਰ ਹਰੀ ਸਿੰਘ ਤੇ ਇਲਜ਼ਾਮਾ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਵਾਲਿਆਂ ਬਾਬਿਆਂ ਦੇ ਹੈੱਡਕੁਆਰਟਰ ਤੋਂ ਹਰੀ ਸਿੰਘ ਦੀ ਥਾਂ ਤੇ ਨਵਾਂ ਗੇਜਾ ਸਿੰਘ ਸੇਵਾਦਾਰ ਲਗਾਇਆ ਗਿਆ । ਪਰ ਕੁਝ ਦਿਨ ਬੀਤਣ ਤੋਂ ਬਾਦ ਜਦੋਂ ਸ਼੍ਰੋਮਣੀ ਕਮੇਟੀ ਨੇ ਇੱਕ ਹੋਰ ਕਾਰ ਸੇਵਾ ਵਾਲੇ ਬਾਬਿਆਂ ਦੀ ਐਂਟਰੀ ਗੁਰਦਆਰਾ ਸਾਹਿਬ ਚ ਕਰਵਾਈ ਤਾਂ ਬਿਨਾਂ ਕੋਈ ਵਿਰੋਧ ਕੀਤਿਆਂ ਦਿੱਲੀ ਵਾਲਿਆਂ ਦਾ ਕਾਰ ਸੇਵਾ ਵਾਲਾ ਜੱਥਾ ਸੇਵਾ ਛੱਡ ਕੇ ਚਲਾ ਗਿਆ ।ਭਾਵੇਂ ਗੁਰਦੁਆਰਾ ਸਾਹਿਬ,ਦੀਵਾਨ ਹਾਲ ਲੰਗਰ ਹਾਲ ਤੇ ਪਾਰਕ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੂਲ ਦੀ ਇਮਾਰਤ ਦੀ ਵੀ ਕਾਰ ਸੇਵਾ ਦਾ ਵੱਡਾ ਸਿਹਰਾ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਦੇ ਜਿੰਮੇ ਜਾਂਦਾ ਹੈ ,ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਖੋਹਣ ਦੀ ਘਟਨਾ ਦੀ ਸਿੱਖ ਹਲਕਿਆਂ ਚ ਨਿੰਦਾ ਕੀਤੀ ਜਾ ਰਹੀ ਹੈ ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਕਾਰ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਸ਼੍ਰੋਮਣੀ ਕਮੇਟੀ ਵਾਲੀ ਗੋਲਕ ਦਾ ਲੱਖਾਂ ਤੋਂ ਕਰੋੜਾਂ ਰੁਪਏ ਪ੍ਰਤੀ ਮਹੀਨਾ ਚੜਾਵੇ ਚ ਵਾਧਾ ਹੋਇਆ ਸੀ। ਜਦਕਿ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਆਪਣੀ ਵੱਖਰੀ ਗੋਲਕ ਲਗਾ ਕੇ ਰਵਾਇਤ ਅਨੁਸਾਰ ਹੀ ਇਮਾਰਤਾਂ ਦੀ ਸੇਵਾ ਕਰਵਾਈ ਗਈ ਹੈ ।ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਮਾਤਰ ਹਿੱਸਾ ਹੁੰਦਾ ਹੈ ।