• Home
  • ਬੁਪਰੋਫਿਨ ਦਾ ਨਿਰਮਾਣ ਕਰਨ ਵਾਲੀ ਵਿਸ਼ਵ ਦੀ ਵੱਡੀ ਕੰਪਨੀ ਮੌਜੂਦਾ ਯੂਨਿਟ ਦਾ ਵਿਸਥਾਰ ਕਰੇਗੀ, ਨਵਾਂ ਸਹਾਇਕ ਯੂਨਿਟ ਵੀ ਸਥਾਪਤ ਹੋਵੇਗਾ-347 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼

ਬੁਪਰੋਫਿਨ ਦਾ ਨਿਰਮਾਣ ਕਰਨ ਵਾਲੀ ਵਿਸ਼ਵ ਦੀ ਵੱਡੀ ਕੰਪਨੀ ਮੌਜੂਦਾ ਯੂਨਿਟ ਦਾ ਵਿਸਥਾਰ ਕਰੇਗੀ, ਨਵਾਂ ਸਹਾਇਕ ਯੂਨਿਟ ਵੀ ਸਥਾਪਤ ਹੋਵੇਗਾ-347 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼

ਚੰਡੀਗੜ੍ਹ, :ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲ ਲਿਮਟਡ (ਆਈ.ਓ.ਐਲ.ਓ.ਪੀ.) ਨੇ ਅੱਜ ਪਿੰਡ ਧੌਲਾ (ਬਰਨਾਲਾ) ਵਿਖੇ ਸਥਿਤ ਯੂਨਿਟ ਦਾ ਵਿਸਥਾਰ ਕਰਨ ਅਤੇ ਰਾਏਕੋਟ ਵਿਖੇ ਸਹਾਇਕ ਯੂਨਿਟ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਿਸ ਨਾਲ ਕੁੱਲ 347 ਕਰੋੜ ਦਾ ਨਿਵੇਸ਼ ਹੋਵੇਗਾ।

       ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਗੁਪਤਾ ਨੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਾਜੈਕਟਾਂ ਬਾਰੇ ਇਹ ਜਾਣਕਾਰੀ ਦਿੱਤੀ। ਇਹ ਕੰਪਨੀ ਵਿਸ਼ਵ ਵਿੱਚ ਬੁਪਰੋਫਿਨ ਦਾ ਸਭ ਤੋਂ ਵੱਧ ਨਿਰਮਾਣ ਕਰਦੀ ਹੈ ਜਿਸ ਦਾ 30 ਫੀਸਦੀ ਗਲੋਬਲ ਮਾਰਕੀਟ ਸ਼ੇਅਰ ਹੋਣ ਦੇ ਨਾਲ-ਨਾਲ ਵਿਸ਼ਵ ਵਿੱਚ ਈਸੋ-ਬੁਟਲ ਬੇਨਜ਼ੀਨ ਦੇ ਨਿਰਮਾਣ ਵਿੱਚ ਵਿਸ਼ਵ ਵਿੱਚ ਦੂਜਾ ਸਥਾਨ ਹੈ। ਇਹ ਕੰਪਨੀ ਬਰਨਾਲਾ ਵਿਖੇ 300 ਕਰੋੜ ਰੁਪਏ ਦਾ ਪੜਾਅਵਾਰ ਨਿਵੇਸ਼ ਕਰੇਗੀ। ਸ੍ਰੀ ਗੁਪਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਨਾਲ ਸਿੱਧੇ ਤੌਰ 'ਤੇ 800 ਲੋਕਾਂ ਅਤੇ ਅਸਿੱਧੇ ਤੌਰ 'ਤੇ 1000 ਲੋਕਾਂ ਨੂੰ ਰੋਜ਼ਗਾਰ ਹਾਸਲ ਹੋਵੇਗਾ।

       ਆਈ.ਓ.ਐਲ.ਓ.ਪੀ. ਵੱਲੋਂ ਆਪਣੇ ਸਹਾਇਕ ਯੂਨਿਟ (ਵਿਵਾਸ਼ੇਮ ਇੰਟਰਮੈਡੀਏਟਸ ਪ੍ਰਾਈਵੇਟ ਲਿਮਟਡ) ਰਾਹੀਂ ਹੋਰ 47 ਕਰੋੜ ਰੁਪਏ ਦੇ ਨਿਵੇਸ਼ ਨਾਲ ਉਦਯੋਗਿਕ ਫੋਕਲ ਪੁਆਇੰਟ, ਰਾਏਕੋਟ ਵਿਖੇ ਨਵੇਂ ਮੈਨੂਫੈਕਚਰਿੰਗ ਫੈਸਿਲਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ 150 ਲੋਕਾਂ ਨੂੰ ਸਿੱਧੇ ਅਤੇ 300 ਲੋਕਾਂ ਨੂੰ ਅਸਿੱਧੇ ਤੌਰ 'ਤੇ ਰੋਜ਼ਗਾਰ ਹਾਸਲ ਹੋਵੇਗਾ।

       ਸ੍ਰੀ ਗੁਪਤਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਨਅਤ ਨੂੰ 5 ਰੁਪਏ ਪ੍ਰਤੀ ਯੂਨਿਟ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਦਯੋਗ ਲਈ ਵਿਸ਼ੇਸ਼ ਰਿਆਇਤਾਂ ਦੇਣ ਲਈ ਨੀਤੀ ਲਿਆਉਣ ਸਮੇਤ ਸਨਅਤ ਦੀਆਂ ਅਹਿਮ ਮੰਗਾਂ ਪੂਰੀਆਂ ਕੀਤੀਆਂ ਅਤੇ ਸੂਬੇ ਵਿੱਚ ਕਿਰਤੀਆਂ ਅਤੇ ਉਨ੍ਹਾਂ ਦੇ ਉਦਯੋਗਾਂ ਨਾਲ ਰਿਸ਼ਤਿਆਂ ਨੂੰ ਸੁਖਾਵਾਂ ਬਣਾਉਣ ਨੂੰ ਯਕੀਨੀ ਬਣਾਇਆ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਵੰਨ ਸਟਾਪ ਆਫਿਸ (ਇਨਵੈਸਟ ਪੰਜਾਬ) ਦੀ ਸਹੂਲਤ ਦੀ ਸ਼ਲਾਘਾ ਕੀਤੀ ਜਿਸ ਨੇ ਆਈ.ਓ.ਐਲ.ਓ.ਪੀ. ਦੇ ਯੋਜਨਾ ਨੂੰ ਹਕੀਕਤ ਵਿੱਚ ਬਦਲਿਆ।

       ਆਈ.ਓ.ਐਲ.ਓ.ਪੀ. ਸਾਲ 1986 ਤੋਂ ਭਾਰਤ ਵਿੱਚ ਫਾਰਮਾਸਿਊਟੀਕਲ ਸੈਕਟਰ ਦੇ ਪ੍ਰਮੁੱਖ ਗਰੁੱਪਾਂ ਵਿੱਚ ਵਿੱਚੋਂ ਇਕ ਹੈ ਜਿਸ ਦਾ 700 ਕਰੋੜ ਦਾ ਸੰਯੁਕਤ ਨਿਵੇਸ਼ ਅਤੇ ਵਿੱਤੀ ਸਾਲ 2019 ਲਈ 1700 ਕਰੋੜ ਰੁਪਏ ਦੇ ਸਾਲਾਨਾ ਕਾਰੋਬਾਰ ਦਾ ਟੀਚਾ ਹੈ।