• Home
  • ਸਿਰ ਤੇ ਪੰਡਾਂ ਲੈ ਕੇ ਕਿਸਾਨ ਮੰਗਲਵਾਰ ਨੂੰ ਪੰਜਾਬ ਰਾਜ ਭਵਨ  ਵੱਲ ਕੂਚ ਕਰਨਗੇ

ਸਿਰ ਤੇ ਪੰਡਾਂ ਲੈ ਕੇ ਕਿਸਾਨ ਮੰਗਲਵਾਰ ਨੂੰ ਪੰਜਾਬ ਰਾਜ ਭਵਨ  ਵੱਲ ਕੂਚ ਕਰਨਗੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-
ਪੰਜਾਬ ਦੇ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ   ਦੀਆਂ ਸੜਕਾਂ ਤੇ ਕੂਚ ਕਰਨਗੇ । ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਪੁੱਜਣ ਵਾਲੇ ਇਨ੍ਹਾਂ ਕਿਸਾਨ ਕਾਰਕੁੰਨਾਂ ਅਤੇ ਆਗੂਆਂ ਦੀ ਮੰਗਲਵਾਰ ਨੂੰ ਦੁਪਹਿਰ ਸਾਢੇ ਬਾਰਾਂ ਵਜੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਹੋਣੀ ਤੈਅ ਹੋਈ ਹੈ । ਛੇ ਲੱਖ ਕਿਸਾਨਾਂ ਦੇ ਭਰੇ ਫਾਰਮ ਲੈ ਕੇ ਸਿਰ ਤੇ ਫਾਰਮਾਂ ਦੀਆਂ ਪੰਡਾਂ ਰੱਖ ਕੇ ਇਹ ਕਿਸਾਨ ਪੰਜਾਬ ਰਾਜ ਭਵਨ ਪੁੱਜਣਗੇ ।
ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਕਾਂਗਰਸ ਨੇ ਜਿਸ ਤਰ੍ਹਾਂ ਵੱਡੇ ਵੱਡੇ ਵਾਅਦੇ ਕਿਸਾਨਾਂ ਨਾਲ ਕੀਤੇ ਸਨ,  ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਨੂੰ ਪਾਬੰਦ ਕਰਨ । ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਤਮਾਮ ਬੈਂਕਾਂ ਵਪਾਰਿਕ , ਸਹਿਕਾਰੀ  ਬੈਂਕਾਂ ਦੇ ਅਤੇ ਸ਼ਾਹੂਕਾਰਾਂ ਦੇ ਕਰਜ਼ੇ ਅਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ । ਘਰ ਘਰ ਨੌਕਰੀ , ਸਮਾਰਟ ਫੋਨ ਦੇਣ ਦਾ ਵਾਅਦਾ ਅਤੇ ਹੋਰ ਕਈ ਵਾਅਦੇ ਕਾਂਗਰਸ ਨੇ ਕੀਤੇ ਸਨ  । ਕਿਸਾਨ ਇਹ ਵੀ ਮੰਗ ਕਰਨਗੇ ਕਿ ਭਵਿੱਖ ਵਿੱਚ ਕੋਈ ਵੀ ਪਾਰਟੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀ ਹੈ ਤਾਂ ਉਸ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਪਹਿਲਾਂ ਚੋਣ ਆਯੋਗ ਪਾਸੋਂ ਰਜਿਸਟਰ ਕਰਵਾਇਆ ਜਾਵੇ ਤਾਂ ਕਿ ਪਾਰਟੀ ਬਾਅਦ ਵਿੱਚ ਆਪਣੇ ਵਾਅਦਿਆਂ ਤੋਂ ਮੁਕਰ  ਨਾ  ਸਕੇ  ।