• Home
  • ਦਿਨ ਦਿਹਾੜੇ ਲੜਕੀ ਦੇ ਬਾਜ਼ਾਰ ਚ ਗੋਲੀ ਮਾਰਨ ਵਾਲਾ ਕੌਣ ਸੀ ਨੌਜਵਾਨ :-ਪੜ੍ਹੋ ਪੁਲਿਸ ਦੇ ਲਾਈਵ ਐਕਸ਼ਨ ਦੀ ਕਹਾਣੀ

ਦਿਨ ਦਿਹਾੜੇ ਲੜਕੀ ਦੇ ਬਾਜ਼ਾਰ ਚ ਗੋਲੀ ਮਾਰਨ ਵਾਲਾ ਕੌਣ ਸੀ ਨੌਜਵਾਨ :-ਪੜ੍ਹੋ ਪੁਲਿਸ ਦੇ ਲਾਈਵ ਐਕਸ਼ਨ ਦੀ ਕਹਾਣੀ

ਮੁਲਾਂਪੁਰ ਦਾਖਾ / ਗਿੱਲ
ਅੱਜ ਸਿਖਰ ਦੁਪਿਹਰ ਜਦੋਂ ਲੁਧਿਆਣਾ ਦਿਹਾਤੀ ਪੁਲਿਸ ਆਪਣੀ ਪਿੱਠ ਥਾਪੜਨ ਲਈ ਪ੍ਰੈਸ ਕਾਨਫਰੰਸ ਦੀ ਤਿਆਰੀ ‘ਚ ਰੁੱਝੀ ਸੀ ਅਤੇ ਜਿਲ੍ਹਾ ਪੁਲਿਸ ਮੁੱਖੀ ਵਰਿੰਦਰ ਸਿੰਘ ਬਰਾੜ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਤਾਂ ਪਾਰਲੀਮਾਨੀ ਚੋਣਾਂ ਦੇ ਮੱਦੇਨਜ਼ਰ ਮੁਸਤੈਦ ਹੋਈ ਪੁਲਿਸ ਦੇ ਸੁਰਖਿਆ ਪ੍ਰਬੰਧਾਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਇੱਕ ਸਿਰ ਫਿਰੇ ਨੌਜਵਾਨ ਨੇ ਸ਼ਰੇ ਬਜ਼ਾਰ .32 ਬੋਰ ਦੇ ਰਿਵਾਲਵਰ ਨਾਲ ਇੱਕ ਲੜਕੀ ਨੂੰ ਘੇਰ ਕੇ ਗੋਲੀ ਮਾਰ ਦਿੱਤੀ। ਪ੍ਰਤੱਖ ਦਰਸ਼ੀਆਂ ਅਨੁਸਾਰ ਆਪਣੇ ਬਚਾਅ ਲਈ ਲੜਕੀ ਭੱਜ ਕੇ ਇੱਕ ਦੁਕਾਨ ਵਿੱਚ ਦਾਖਲ ਹੋ ਗਈ ਅਤੇ ਦੁਕਾਨਦਾਰ ਨੂੰ ਬਚਾ ਲਈ ਦੁਹਾਈ ਦਿੱਤੀ। ਭੂਤਰੇ ਨੌਜਵਾਨ ਨੇ ਦੁਕਾਨ ਵਿੱਚ ਦਾਖਲ ਹੋਣ ਲੱਗਿਆਂ ਇੱਕ ਹੋਰ ਗੋਲੀ ਚਲਾ ਦਿੱਤੀ।ਇਸ ਤੋਂ ਪਹਿਲਾਂ ਉਹ ਹੋਰ ਗੋਲੀ ਚਲਾਉਦਾ ਤਾਂ ਦੁਕਾਨਦਾਰ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਨੇ ਦਲੇਰੀ ਨਾਲ ਉਸ ਦੇ ਹੱਥ ਉਪਰ ਮਾਰਿਆ ਅਤੇ ਇਸ ਤਰ੍ਹਾਂ ਉਕਤ ਨੌਜਵਾਨ ਵੀ ਜਖਮੀ ਹੋ ਗਿਆ।

ਹੱਥ ਵਿੱਚ ਰਿਵਾਲਵਰ ਲਹਿਰਾਉਂਦਿਆਂ ਨੌਜਵਾਨ ਨੇ ਦੁਕਾਨਦਾਰ ਨੂੰ ਧਮਕੀਆਂ ਦਿੱਤੀਆਂ ਅਤੇ ਉਥੋਂ ਖਿੱਸਕ ਜਾਣ ਵਿੱਚ ਹੀ ਭਲਾਈ ਸਮਝੀ। ਰਾੲਕੋਟ ਰੋਡ ਵੱਲ ਜਾਂਦਿਆਂ ਉਹ ਲਿੱਟ ਮਾਰਕੀਟ ਦੇ ਬਾਥਰੂਮ ਵਿੱਚ ਲੁੱਕ ਗਿਆ। ਪੁਲਿਸ ਦੀ ਗਸ਼ਤੀ ਪਾਰਟੀ ਪਿੱਛਾ ਕਰਦੀ ਉਥੇ ਪਹੁੰਚ ਗਈ। ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਵੀ ਪੁਲਿਸ ਪਾਰਟੀ ਸਮੇਤ ਦੁਕਾਨਦਾਰ ਤੋਂ ਜਾਣਕਾਰੀ ਹਾਸਲ ਕਰਕੇ ਲਿੱਟ ਮਾਰਕੀਟ ਪਹੁੰਚ ਗਏ। ਉਨ੍ਹਾਂ ਖੁੱਦ ਦਲੇਰੀ ਨਾਲ ਉਕਤ ਨੌਜਵਾਨ ਨੂੰ ਹਥਿਆਰ ਸੁੱਟ ਕੇ ਆਤਮ ਸਮੱਰਪਣ ਲਈ ਕਿਹਾ ਪਰ ਜਦੋਂ ਉਹ ਬਾਥਰੂਮ ਦੇ ਅੰਦਰ ਹੀ ਲੁੱਕਿਆ ਰਿਹਾ ਤਾਂ ਹਵਾਲਦਾਰ ਜਸਵਿੰਦਰ ਸਿੰਘ ਨੇ ਦਲੇਰੀ ਨਾਲ ਦਰਵਾਜਾ ਤੋੜ ਸੁੱਟਿਆ ਅਤੇ ਜੱਫਾ ਮਾਰਕੇ ਰਿਵਾਲਵਰ ਸਮੇਤ ਬਾਹਰ ਕੱਢ ਲਿਆ। ਜਖਮੀ ਹਾਲਤ ਵਿੱਚ ਲੜਕੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਪਹਿਲਾਂ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਨੌਕਰੀ ਕਰਦੀ ਸੀ ਅਤੇ ਥੋੜਾ ਅਰਸਾ ਪਹਿਲਾਂ ਹੀ ਉਸ ਨੇ ਮੁਲਾਂਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਆਪਣੀ ਇੱਕ ਦੋਸਤ ਨਾਲ ਇਥੇ ਪੀ.ਜੀ ਵਿੱਚ ਰਹਿੰਦੀ ਸੀ। ਹਮਲਾਵਰ ਨੌਜਵਾਨ ਦੀ ਪਹਿਚਾਣ ਪਰਮਵੀਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਕਲਿਆਣ ਥਾਣਾ ਸੰਦੌੜ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਲੜਕੀ ਨਾਲ ਪਹਿਲਾਂ ਹਮਲਾਵਰ ਲੜਕੇ ਪੰਜਾਬ ਵੀ ਕੀਤਾ । ਪੁਲਿਸ ਅਨੁਸਾਰ ਪੀੜਤ ਲੜਕੀ ਦੇ ਬਿਆਨਾਂ ‘ਤੇ ਮੁਕੱਦਮਾਂ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ। ਖਰੜ ਤੋਂ ਬਾਅਦ ਦਿਨ ਦਿਹਾੜੇ ਵਾਪਰੇ ਇਸ ਗੋਲੀ ਕਾਂਡ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਵਿੱਚ ਲਿਆਦੀ ਹੈ।