• Home
  • ਨਿਵੇਕਲਾ ਉਪਰਾਲਾ: -ਸਿੱਖ ਨਸਲਕੁਸ਼ੀ-84 ਨੂੰ ਸਮਰਪਿਤ ਖੂਨਦਾਨ ਕੈਂਪ – ਕੈਨੇਡਾ ‘ਚ ਹੁਣ ਤੱਕ 1 ਲੱਖ 30 ਹਜ਼ਾਰ ਜਾਨਾਂ ਬਚਾ ਚੁੱਕਾ ਹੈ 

ਨਿਵੇਕਲਾ ਉਪਰਾਲਾ: -ਸਿੱਖ ਨਸਲਕੁਸ਼ੀ-84 ਨੂੰ ਸਮਰਪਿਤ ਖੂਨਦਾਨ ਕੈਂਪ – ਕੈਨੇਡਾ ‘ਚ ਹੁਣ ਤੱਕ 1 ਲੱਖ 30 ਹਜ਼ਾਰ ਜਾਨਾਂ ਬਚਾ ਚੁੱਕਾ ਹੈ 

ਮੌਤ ਦੇ ਹਨ੍ਹੇਰੇ ਨੂੰ ਜ਼ਿੰਦਗੀ ਦੀ ਰੌਸ਼ਨੀ ਵਿਚ ਤਬਦੀਲ ਕਰਨ ਦੀ ਸਿੱਖ ਕੌਮ ਦੀ ਇਹ ਲਹਿਰ ਇਸ ਵਰ੍ਹੇ ਦੁਨੀਆ ਵਿਚ ਫੈਲੇਗੀ

ਕੈਨੇਡਾ ਤੋਂ ਜਗਰੂਪ ਜਰਖੜ ਦੀ ਵਿਸ਼ੇਸ਼ ਰਿਪੋਰਟ
ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਅਤੇ ਸਰਬੱਤ ਦੇ ਭਲੇ ਦਾ ਇਕ ਸਿਧਾਂਤ ਦਿੱਤਾ ਹੈ ਕਿ ਨਾ ਜੁਲਮ ਕਰਨਾ ਹੈ ਨਾ ਹੀ ਸਹਿਣਾ ਹੈ। ਪਰ ਦੂਸਰੇ ਪਾਸੇ ਵ੍ਰਿਪਵਾਦ, ਮਨੁੱਖਤਾ ਦਾ ਘਾਣ ਕਰਨ ਵਾਲੀ ਉਹ ਨਸਲਵਾਦੀ ਸੋਚ ਵੀ ਹੈ ਜੋ ਪਿਛਲੇ 5 ਹਜ਼ਾਰ ਸਾਲਾਂ ਤੋਂ ਭਾਰਤੀ ਉਪਮਹਾਂਦੀਪ ਅੰਦਰ ਮੂਲ ਨਿਵਾਸੀਆਂ, ਬੋਧੀਆਂ, ਦਲਿਤਾਂ, ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਦਾ ਸੋਸ਼ਣ ਤੇ ਉਨ੍ਹਾਂ ਦਾ ਕਤਲੇਆਮ ਕਰਦੀ ਆ ਰਹੀ ਹੈ। ਉਕਤਾ ਅਜਿਹਾ ਵਰਤਾਰਾ ਹੀ 1984 ‘ਚ ਸਿੱਖ ਕੌਮ ਨਾ ਵਾਪਰਿਆ। ਜੋ ਕਿ ਨਾ ਤਾਂ ਉਹ ਦੰਗੇ ਸੀ, ਨਾ ਅੱਤਵਾਦ ਸੀ, ਨਾ ਕਤਲੋਗਾਰਤ ਸਗੋਂ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਯੋਜਨਾ ਸੀ। ਸਾਡੈ ਤਿੰਨ ਦਹਾਕੇ ਦੇ ਸਮੇਂ ਬਾਅਦ ਵੀ ਸਿੱਖ ਕੌਮ ਦੀ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਇਨਸਾਫ ਮਿਲਿਆ, ਸਗੋਂ ਰਾਜਸੀ ਨੇਤਾਵਾਂ ਵੱਲੋਂ ਵਾਰ-ਵਾਰ ਇਹੀ ਕਿਹਾ ਜਾ ਰਿਹਾ ਹੈ ਕਿ 1984 ਦੇ ਜ਼ਖਮਾਂ ਨੂੰ ਭੁੱਲ ਜਾਉ, ਪਰ ਭੁੱਲੇ ਤਾਂ ਅਸੀਂ ਅਜੇ ਮੁਗਲ ਰਾਜ ਵਿਚ ਕੀਤੀ ਸਿੱਖ ਨਸਲਕੁਸ਼ੀ ਵੀ ਨਹੀਂ ਤੇ 1947 ਦੇ ਜ਼ਖਮ ਵੀ ਅਜੇ ਸਾਡੇ ਭਰੇ ਨਹੀਂ। ਫਿਰ 1984 ਸਿੱਖ ਕਤਲੇਆਮ ਅਤੇ ਸਿੱਖ ਨਸਲਕੁਸ਼ੀ ਨੂੰ ਕਿਵੇਂ ਭੁੱਲ ਜਾਈਏ। ਇਸੇ ਕੜੀ ਤਹਿਤ ਕੈਨੇਡਾ ਵਿਚ ਵਸਦੇ ਸਿੱਖਾਂ ਵੱਲੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ 1999 ਵਿਚ ਉਸ ਵੇਲੇ ਦੀ ਭਾਰਤ ਸਰਕਾਰ ਵੱਲੋਂ ਕੀਤੀ 1984 ਦੀ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸਮਰਪਿਤ ‘Blood Donation by Sikh Nation’ ਸਿੱਖ ਕੌਮ ਵੱਲੋਂ ਵਿਸ਼ਵ ਪੱਧਰ ‘ਤੇ ਖੁਨ ਦਾਨ ਕੈਂਪ ਸ਼ੂਰੂ ਕੀਤਾ ਗਿਆ। ਜਿਸਦਾ ਮਕਸਦ ਮੌਤ ਦੇ ਹਨ੍ਹੇਰੇ ਨੂੰ ਜ਼ਿੰਦਗੀ ਦੀ ਰੌਸ਼ਨੀ ਵਿਚ ਤਬਦੀਲ ਕਰਨ ਨਾਲ ਹੀ ‘ਭੈ ਕਹੂੰ ਕਉ ਦੇਤ ਨਾਹਿ, ਨਹਿ ਭੈ ਮਾਨਤ ਆਨ’’ ਦੇ ਸਿਧਾਂਤ ਅਨੁਸਾਰ ਇਕ ਭੈਅ ਰਹਿਤ ਸੁਤੰਤਰ ਸਮਾਜ ਦੀ ਸਿਰਜਣਾ ਹੈ। ਇਸ ਖੂਨਦਾਨ ਕੈਂਪ ਦੀ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ, ਸਰ੍ਹੀ ਤੋਂ ਹੋਈ। ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਮਨੁੱਖਤਾ ਦੇ ਇਸ ਭਲੇ ਕਾਰਜ ਨੂੰ ਕੈਨੇਡੀਅਨ ਪਾਰਲੀਮੈਂਟ ਵਿਚ ਪੇਸ਼ ਕੀਤਾ। ਜਿਸਦੀ ਕੈਨੇਡੀਅਨ ਸਰਕਾਰ ਨੇ ਸ਼ਲਾਘਾ ਕਰਦਿਆਂ ਸਿੱਖ ਕੌਮ ਨੂੰ ਸਨਮਾਨਿਤ, ਵਧਾਈ ਅਤੇ ਹਰ ਸਹਾਇਤਾ ਦਾ ਭਰੋਸਾ ਦਿੱਤਾ।
ਇੱਕ ਜ਼ਿੰਮੇਵਾਰ ਕੌਮ ਵਜੋਂ ਸਿੱਖ ਇਸ ਮੁਹਿੰਮ ਤਹਿਤ ਹਰ ਸਾਲ ਦੁਨੀਆ ਭਰ ਵਿਚ ਖੂਨਦਾਨ ਕੈਂਪਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਜਾਨਾਂ ਬਚਾਉਂਦੇ ਹਨ। ਵੱਡੀ ਗਿਣਤੀ 'ਚ ਸਿੱਖ ਪਰਿਵਾਰ ਖੂਨ ਦਾਨ ਕਰਦੇ ਹਨ। ਇਹ ਕੈਂਪ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਲੱਗਦੇ ਹਨ। ਇਨ੍ਹਾਂ ਕੈਂਪਾਂ ਦਾ ਫੈਲਾਅ ਸਰ੍ਹੀ ਤੋਂ ਸ਼ੁਰੂ ਹੋ ਕੇ ਵੈਨਕੂਵਰ, ਵਿਕਟੋਰਅਿਾ, ਐਬਟਸਫੋਰਡ, ਕੈਲਗਿਰੀ, ਕੈਮਲੂਮ, ਕਲੋਨਾ, ਅਡਮਿੰਟਨ , ਟਰਾਂਟੋ, ਆਦਿ ਪੂਰੇ ਕੈਨੇਡਾ ਦੇ ਵੱਡੇ ਸ਼ਹਿਗਰਾਂ ਤਕ ਫੈਲਦਾ ਹੋਇਆ ਹੁਣ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਅਮਰੀਕਾ ਤੇ ਪੂਰੇ ਯੂਰਪ ਤੱਕ ਫੈਲ ਰਿਹਾ ਹੈ। ਕੈਨੇਡੀਅਨ ਬਲੱਡ ਸਰਵਿਸਜ਼ ਤੇ ਮੌਜੂਦਾ ਅੰਕੜਿਆਂ ਮੁਤਾਬਕ ਸਿੱਖ ਕੌਮ ਵੱਲੋਂ ਲਗਾਏ ਜਾ ਰਹੇ ਇਹ ਖੂਨਦਾਨ ਕੈਂਪ ਪਿਛਲੇ ਵਰ੍ਹੇ ਤੱਕ 1 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਬਚਾ ਚੁੱਕੇ ਹਨ। ਸਿੱਖ ਕੌਮ ਵੱਲੋਂ ਅਰੰਭੇ ਇਸ ਉਪਰਾਲੇ ਦਾ ਪ੍ਰਚਾਰ ਕੈਨਡੀਅਨ ਬਲੱਡ ਸਰਵਿਸਜ਼ ਵੱਲੋਂ ਪੂਰੀ ਦੂਨੀਆ ਵਿਚ ਕੀਤਾ ਜਾ ਰਿਹਾ ਹੈ। ਜਿਸ ਨਾਲ ਸਿੱਖ ਕੌਮ ਵੱਲੋਂ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਇਸ ਕਾਜ ਦੀ ਪੂਰੀ ਦੁਨਅਿਾ ਵਿਚ ਸ਼ਲਾਘਾ ਹੋ ਰਹੀ ਹੈ।ਸਿੱਖ ਕੌਮ ਵੱਲੋਂ ਇਹ ਜੀਵਨਦਾਨ ਕਰਕੇ ਕਾਤਲ ਸੋਚ ਵਿਰੁੱਧ ਦ੍ਰਿੜਤਾ ਅਤੇ ਨਿਡਰਤਾ ਨਾਲ ਅਵਾਜ਼ ਬੁਲੰਦ ਕਰਨ ਵਾਲੀ ਇਹ ਇਕ ਨਿਵੇਕਲੀ ਲੋਕ ਲਹਿਰ ਦੁਨੀਆ 'ਚ ਫੈਲ ਰਹੀ ਹੈ।
-1984 ਸਿੱਖ ਕਤਲੇਆਮ ਨੂੰ ਯਾਦ ਰੱਖਣਾ ਜਰੂਰੀ ਕਿਉਂ ?
1984 ਸਿੱਖ ਨਸਲਕੁਸ਼ੀ ਵਰਗੇ ਵਹਿਸ਼ੀਆਨਾ ਕਾਰਨਾਮੇ ਨੂੰ ਭੁੱਲਣਾ ਭਵਿੱਖ ਵਿਚ ਅਜਿਹੀਆਂ ਹੋਰ ਨਸਲਕੁਸ਼ੀਆਂ ਨੂੰ ਰਾਹ ਪੱਧਰਾ ਕਰਨ ਦੇ ਬਰਾਬਰ ਹੋਵੇਗਾ। ਸਮੁੱਚੀ ਮਾਨਵਤਾ ਨੂੰ ਕਿਸੇ ਹੋਰ ਨਸਲਕੁਸ਼ੀ ਤੋਂ ਬਚਾਉਣ ਲਈ ਇਹ ਬੇਹੱਦ ਜਰੂਰੀ ਹੈ ਕਿ 1984 ਸਿੱਖ ਕੌਮ ਉੱਪਰ ਝੁੱਲੇ ਅਜਿਹੇ ਕਹਿਰਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਵੇ ਤਾਂ ਕਿ ਕਾਤਲਾਨਾ ਬਿਰਤੀ ਅਤੇ ਉਸਦੀਆਂ ਸਹਿਯੋਗੀ ਤਾਕਤਾਂ ਵਿਰੁੱਧ ਇੱਕ ਨਿਰੰਤਰ ਚੇਤਨਾ ਬਣੀ ਰਹੇ। ਇੱਕ ਮਜਬੂਤ ਅਤੇ ਸੁਚਾਰੂ ਲੋਕ ਲਹਿਰ ਹੀ ਸਮਾਜ ਦੇ ਹਰ ਅੰਗ ਨੂੰ ਸੁਰੱਖਿਅਤ ਅਤੇ ਭੈਅ ਰਹਿਤ ਜ਼ਿੰਦਗੀ ਦੇ ਸਕਦੀ ਹੈ। ਇਸ ਕਰਕੇ 1984 ਦੇ ਸਿੱਖ ਕਤਲੇਆਮ ਨੂੰ ਯਾਦ ਰੱਖਣਾ ਜਰੂਰੀ ਹੈ।
-ਇਸ ਖੂਨਦਾਨ ਕੈਂਪ ਵਿਚ ਕੌਣ-ਕੌਣ ਸ਼ਾਮਿਲ ਹੋ ਸਕਦਾ ਹੈ ?
ਹਰ ਉਹ ਵਿਅਕਤੀ ਜੋ ਜ਼ਿੰਦਗੀ ਲੈਣ ਵਿਚ ਨਹੀਂ ਸਗੋਂ ਜ਼ਿੰਦਗੀਆਂ ਬਚਾਉਣ ਵਿਚ ਯਕੀਨ ਰੱਖਦਾ ਹੋਵੇ, ਨਸਲਕੁਸ਼ੀ ਵਿਰੁੱਧ ਇਸ ਮੁਹਿੰਮ ਵਿਚ ਸ਼ਾਮਿਲ ਹੋ ਸਕਦਾ ਹੈ। ਉਹ ਭਾਵੇਂ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ ਪਰ ਇਨਸਾਨੀਅਤ ਦੀ ਕਦਰ ਕਰਨ ਵਾਲਾ ਹੋਵੇ। ਇਸੇ ਕਰਕੇ ਗੋਰੇ ਅਤੇ ਹੋਰ ਕੌਮਾਂ ਦੇ ਲੋਕ ਵੀ ਆਪਣਾ ਯੌਗਦਾਨ ਪਾ ਰਹੇ ਨੇ।
-ਸਿੱਖ ਕੌਮ ਵੱਲੋਂ ਸ਼ੁਰੂ ਕੀਤੀ ਖੂਨਦਾਨ ਕੈਂਪ ਲਹਿਰ ਦੇ ਆਖ਼ਰ ਸਿਧਾਂਤ ਕੀ ਹਨ ?
ਇਸ ਮੁਹਿੰਮ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਮੁੱਚੀ ਸਿੱਖ ਕੌਮ ਵੱਲੋਂ ਚਲਾਇਆ ਜਾ ਰਿਹਾ ਹੈ , ਨਾ ਕਿ ਕਿਸੇ ਵਿਅਕਤੀ ਵਿਸ਼ੇਸ਼, ਜਥੇਬੰਦੀ ਜਾਂ ਸੰਸਥਾ ਵੱਲੋਂ। ਕਾਤਲਾਨਾ ਬਿਰਤੀ ਅਤੇ ਉਸਦੀਆਂ ਸਹਿਯੋਗਿੀ ਤਾਕਤਾਂ ਤੋਂ ਬਿਨਾਂ ਇਹ ਮੁਹਿੰਮ ਕਿਸੇ ਦੀ ਵੀ ਵਿਰੋਧੀ ਨਹੀਂ ਹੈ। ਇਹ ਮੁਹਿੰਮ ਵਿਅਕਤੀਵਿਸ਼ੇਸ਼ ਸੰਸਥਾ, ਰਾਜਨੀਤਿਕ, ਧਾਰਮਿਕ ਸਮਾਜਿਕ ਜਥੇਬੰਦੀ ਦੀ ਪ੍ਰੌੜਤਾ ਨਹੀਂ ਕਰੇਗੀ। ਇਸ ਮੁਹਿੰਮ ‘ਚ ਲੋਕਾਂ ਤੋਂ ਮਾਈਕ ਮਦਦ ਨਹੀਂ ਲਈ ਜਾਂਦੀ। ਮੁਹਿੰਮ ਦੇ ਖਰਚਿਆਂ ਨੂੰ ਸੇਵਾਦਾਰਾਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾਂਦਾ ਹੈ। ਇਸ ਮੁਹਿੰਮ ‘ਚ ਸਮਾਜ ਨੂੰ ਸਮਰਪਿਤ ਸੇਵਾਦਾਰੀ ਸਦਭਾਵਨਾ ਅਤੇ ਅਨੁਸ਼ਾਸਨ ਨੂੰ ਸਿਰਮੌਰ ਮੰਨਿਆ ਗਿਆ ਹੈ।
- ਆਖਰ ਕੀ ਮਕਸਦ ਹੈ ਇਸ ਲਹਿਰ ਦਾ ?
1984 ਸਿੱਖ ਕਤਲੇਆਮ ਦੇ ਸਮਰਪਿਤ ਸ਼ਹੀਦਾਂ ਨੂੰ ਇਸ ਖੂਨਦਾਨ ਲਹਿਰ ਦਾ ਮੁੱਖ ਮਕਸਦ 1984 ਦੀ ਸਿੱਖ ਨਸਲਕੁਸ਼ੀ ਦੇ ਸੱਚ ਨੂੰ ਦੁਨੀਆ ਭਰ ਵਿਚ ਜੱਗ ਜਾਹਰ ਕਰਨਾ ਹੈ। ਸੰਸਾਰ ਪੱਧਰ ‘ਤੇ ਹੋ ਰਹੀਆਂ ਨਸਲਕੁਸ਼ੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ। ਸਿੱਖ ਕੌਮ ਦੀ ਨਸਲਕੁਸ਼ੀ ਨੂੰ ਲੋਕਾਂ ਦੀ ਸੋਚ ਵਿਚ ਹਮੇਸ਼ਾਂ ਲਈ ਵਸਾਉਣਾ ਤੇ ਕਾਤਲਾਨਾ ਬਿਰਤੀ ਅਤੇ ਉਸਦੀਆਂ ਸਹਿਯੋਗੀ ਤਾਕਤਾਂ ਵਿਰੁੱਧ ਇਕ ਸੰਗਠਤ ਅਤੇ ਉਸਾਰੂ ਲਹਿਰ ਪੈਦਾ ਕਰਨਾ। ਸਮਾਜ ਅੰਦਰ ਸਾਂਝੀਵਾਲਤਾ, ਬਰਾਬਰਤਾ, ਜੀੳ ਅਤੇ ਜਿਊਣ ਦੇਵੋ ਦੇ ਅਹਿਸਾਸ ਨੂੰ ਬੁਲੰਦ ਕਰਨਾ, ਮਨੁੱਖੀ ਹੱਕਾਂ ਦੀ ਰਾਖੀ ਲਈ ਸਿੱਖ ਕਦਰਾਂ ਕੀਮਤਾਂ ਅਨੁਸਾਰ ਯਤਨਸ਼ੀਲ ਹੋਣਾ। ਆਮ ਵਿਅਕਤੀ ਅੰਦਰ ਆਤਮਵਿਸ਼ਵਾਸ਼ ਪੈਦਾ ਕਰਨਾ ਹੈ।
ਸਿੱਖ ਕੌਮ ਵੱਲੋਂ ਸ਼ੁਰੂ ਕੀਤੀ ਗਈ ਖੂਨਦਾਨ ਦੀ ਇਹ ਲਹਿਰ ਵਾਕਿਆ ਹੀ ਇਕ ਵਿਸ਼ਵ ਪੱਧਰ ‘ਤੇ ਇਕ ਨਵੀਂ ਚੇਤਨਾ ਪੈਦਾ ਕਰੇਗੀ। ਕਿਉਂਕਿ ਅੱਜ ਦਾ ਵਕਤ ਜ਼ਾਲਮ ਅਤੇ ਕਾਤਲਾਨਾ ਬਿਰਤੀਆਂ ਵਿਰੁੱਧ ਹਥਿਆਰ ਚੁੱਕਣ ਦਾ ਨਹੀਂ, ਸਗੋਂ ਸਾਡੇ ਗੁਰੂ ਸਾਹਿਬਾਨ ਵੱਲੋਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਿੱਤੇ ਸਿਧਾਂਤਾਂ 'ਤੇ ਚੱਲ ਕੇ ਇਕ ਅਜਿਹੀ ਪਹਿਲਕਦਮੀ ਕਰਕੇ ਸਮਾਜ ਅੰਦਰ ‘ ਮਾਨਸੁ ਕੀ ਜਾਤ’ ਦੇ ਆਸੇ ਅਨੁਸਾਰ ਜੀਵਨ ਦਾਨ ਦੇ ਜਜ਼ਬੇ ਨੂੰ ਉਭਾਰ ਕੇ ਨਸਲਕੁਸ਼ੀ ਦਾ ਅੰਤ ਕਰਨਾ ਹੈ। ਜੇਕਰ ਅਸੀਂ 1984 ਦੇ ਸੱਚ ਨੂੰ ਅਜਿਹੇ ਤਰੀਕੇ ਜੱਗ ਜਾਹਰ ਕਰਾਂਗੇ ਤਾਂ ਇਕ ਦਿਨ ਜਰੂਰ ਸਾਨੂੰ ਇਨਸਾਫ ਤਾਂ ਮਿਲੇਗਾ ਹੀ ਅਤੇ ਦੁਨੀਆ ‘ਚ ਨਸਲਕੁਸ਼ੀ ਕਰਨ ਵਾਲੀ ਜਮਾਤ ਵਿਰੁੱਧ ਅਸੀਂ ਇਕ ਨਵੀਂ ਜਾਗਰਤੀ ਪੈਦਾ ਕਰਨ ਦੀ ਇਕ ਗਵਾਹੀ ਬਣਾਂਗੇ। ਪਰਮਾਤਮਾ ਸਿੱਖ ਕੌਮ ਦੇ ਅਰੰਭੇ ਇਸ ਉਪਰਾਲੇ ਨੂੰ ਆਪਣੀ ਮੰਜ਼ਿਲ ‘ਤੇ ਲੈ ਕੇ ਜਾਵੇ। ਰੱਬ ਰਾਖਾ