• Home
  • ਪੰਜਾਬ ਸਰਕਾਰ ਨੇ ਕਰਜ਼ਾ ਮੁਆਫ਼ੀ ਨਾਲ ਡੁਬਦੀ ਕਿਸਾਨੀ ਦੀ ਬਾਂਹ ਫੜੀ:-ਪਰਨੀਤ ਕੌਰ

ਪੰਜਾਬ ਸਰਕਾਰ ਨੇ ਕਰਜ਼ਾ ਮੁਆਫ਼ੀ ਨਾਲ ਡੁਬਦੀ ਕਿਸਾਨੀ ਦੀ ਬਾਂਹ ਫੜੀ:-ਪਰਨੀਤ ਕੌਰ

ਡੇਰਾਬਸੀ/ਜੀਰਕਪੁਰ/ਪਟਿਆਲਾ, 29 ਅਪ੍ਰੈਲ -ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਅੱਜ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਦਿਆਂ ਹਲਕਾ ਡੇਰਾਬਸੀ ਦੇ ਪਿੰਡਾਂ ਵਿੱਚ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ।ਡੇਰਾਬਸੀ ਹਲਕੇ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਦੀਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਈ ਇਸ ਇਕੱਤਰਤਾ ਦੌਰਾਨ ਪਿੰਡ ਬੇਹੜਾ, ਜਿਥੇ ਪਹਿਲਾਂ ਕਦੇ ਕਾਂਗਰਸ ਪਾਰਟੀ ਦਾ ਬੂਥ ਵੀ ਨਹੀਂ ਸੀ ਲੱਗਦਾ, ਦੇ ਸਰਪੰਚ ਗੁਲਾਬ ਸਿੰਘ ਅਤੇ ਵਸਨੀਕਾਂ ਨੇ ਇਕਮੁੱਠਤਾ ਦਾ ਸਬੂਤ ਦਿੰਦਿਆਂ ਪਰਨੀਤ ਕੌਰ ਦੇ ਹੱਕ 'ਚ ਸਮਰਥਨ ਦੇਣ ਦਾ ਐਲਾਨ ਕੀਤਾ। ਜਦੋਂਕਿ ਪਿੰਡ ਜਿਉਲੀ, ਜੋ ਕਿ ਪੰਜਾਬ ਦਾ ਹਰਿਆਣਾ ਦੀ ਹੱਦ ਦੇ ਨਾਲ ਲੱਗਦਾ ਆਖਰੀ ਪਿੰਡ ਹੈ, ਦੇ ਸਰਪੰਚ ਜਗਜੀਤ ਕੌਰ ਅਤੇ ਵਸਨੀਕਾਂ ਨੇ ਵੀ ਪਰਨੀਤ ਕੌਰ ਦੇ ਹੱਕ 'ਚ ਡੱਟਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਥ ਕਾਂਗਰਸ ਆਗੂ ਸ੍ਰੀ ਉਦੇਵੀਰ ਸਿੰਘ ਢਿੱਲੋਂ ਵੀ ਮੌਜੂਦ ਸਨ।ਪਿੰਡ ਬੇਹੜਾ ਵਿਖੇ, ਜਿਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਸ਼ੁਰੂ ਕੀਤੀ ਕਰਜ਼ਾ ਰਾਹਤ ਸਕੀਮ ਦੇ 61 ਲਾਭਪਾਤਰੀ ਕਿਸਾਨ ਹਨ, ਵਿਖੇ ਪਿੰਡ ਵਾਲਿਆਂ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਡੁਬਦੀ ਕਿਸਾਨੀ ਦੀ ਬਾਂਹ ਫੜੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਡੱਕਾ ਨਹੀਂ ਤੋੜਿਆ ਜਦੋਂ ਉਨ੍ਹਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ ਕਿਸਾਨਾਂ ਨੂੰ ਵਿਸਾਰ ਕੇ ਕੇਵਲ ਵੱਡੇ ਘਰਾਣਿਆਂ ਦੀ ਹੀ ਭਲਾਈ ਕੀਤੀ।ਪਰਨੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਭਲਾਈ ਅਤੇ ਚੰਗੇ ਭਵਿੱਖ ਲਈ ਕਾਂਗਰਸ ਪਾਰਟੀ ਨੂੰ ਵੋਟ ਦਿੱਤੀ ਜਾਵੇ ਤਾਂ ਕਿ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕ ਹਿਤੂ ਸਰਕਾਰ ਬਣ ਸਕੇ। ਪਰਨੀਤ ਕੌਰ ਨੇ ਇਸ ਦੌਰਾਨ ਪਿੰਡ ਗੁਲਾਬਗੜ੍ਹ, ਮੁਕੰਦਪੁਰ, ਮੁਬਾਰਕਪੁਰ ਆਦਿ ਪਿੰਡਾਂ 'ਚ ਦੌਰਾ ਕਰਦਿਆਂ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਜਿਉਲੀ, ਅਮਰੀਕ ਸਿੰਘ ਮਲਿਕਪੁਰ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਕੁਲਵੰਤ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਨੈਬ ਸਿੰਘ ਅਤੇ ਬਲਕਾਰ ਸਿੰਘ ਮੈਂਬਰ ਬਲਾਕ ਸੰਮਤੀ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪਰਨੀਤ ਕੌਰ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ।