• Home
  • 5178 ਅਧਿਆਪਕਾਂ ਦੀ ਅਪੀਲ-ਸਰਕਾਰ ਜੀ ਭੁੱਖੇ ਨਾ ਮਾਰੋ, ਪੂਰੀ ਤਨਖ਼ਾਹ ‘ਤੇ ਰੈਗੂਲਰ ਕਰੋ

5178 ਅਧਿਆਪਕਾਂ ਦੀ ਅਪੀਲ-ਸਰਕਾਰ ਜੀ ਭੁੱਖੇ ਨਾ ਮਾਰੋ, ਪੂਰੀ ਤਨਖ਼ਾਹ ‘ਤੇ ਰੈਗੂਲਰ ਕਰੋ

ਅਬੋਹਰ : ਅੱਜ ਸਥਾਨਕ ਨਹਿਰੂ ਪਾਰਕ ਵਿਖੇ 5178 ਮਾਸਟਰ ਕਾਡਰ ਯੂਨੀਅਨ ਦੀ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਅਬੋਹਰ ਗੌਰਵ ਗਗਨੇਜਾ* ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਮੂਹ ਬਲਾਕ ਦੇ ਅਧਿਆਪਕ ਵੱਡੀ ਗਿਣਤੀ ਚ ਸ਼ਾਮਿਲ ਹੋਏ। ਬਲਾਕ ਪ੍ਰਧਾਨ ਨੇ ਦੱਸਿਆ ਕਿ 22 ਨਵੰਬਰ ਨੂੰ ਸਾਂਝਾ ਅਧਿਆਪਕ ਮੋਰਚੇ ਦੀ ਸਿੱਖਿਆ ਮੰਤਰੀ ਨਾਲ ਅਤੇ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਸ ਤੋਂ 5178 ਅਧਿਆਪਕਾਂ ਨੂੰ ਕਾਫੀ ਉਮੀਦਾਂ ਹਨ ਅਤੇ ਸਮੂਹ ਅਧਿਆਪਕ ਸਰਕਾਰ ਤੋਂ ਨਵੰਬਰ 2017 ਤੋਂ ਪੂਰੀ ਤਨਖਾਹ ਤੇ ਰੈਗੂਲਰ ਕਰਨ ਦੀ ਪੁਰਜੋਰ ਮੰਗ ਕਰਦੇ ਹਨ
ਬਲਾਕ ਪ੍ਰਧਾਨ ਅਬੋਹਰ ਗੌਰਵ ਗਗਨੇਜਾ ਨੇ ਕਿਹਾ ਕਿ ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਅਹੁਦੇ ਦੇ ਅਧਿਆਪਕ ਭਰਤੀ ਕਰਨ ਲਈ 5178 ਪੇਂਡੂ ਸਹਿਯੋਗੀ ਅਧਿਆਪਕ (ਮਾਸਟਰ ਕਾਡਰ) ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਮੈਰਿਟ ਵਿੱਚ ਆਏ ਉਮੀਦਵਾਰਾਂ ਨੂੰ 2 ਸਾਲ ਦਾ ਸਮਾਂ ਬੀਤ ਜਾਣ ਉਪਰੰਤ ਨਵੰਬਰ 2014 ਵਿੱਚ, ਵੇਟਿੰਗ ਲਿਸਟ ਵਾਲੇ ਉਮੀਦਵਾਰਾਂ ਨੂੰ ਲਗਭਗ ਇੱਕ ਸਾਲ ਬਾਅਦ ਨਵੰਬਰ 2015 ਵਿੱਚ ਅਤੇ ਡਰਾਇੰਗ/ ਡੀ.ਪੀ.ਈ ਅਧਿਆਪਕਾਂ ਨੂੰ ਜੁਲਾਈ-ਅਗਸਤ 2016 ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਿਕ ਇਨ੍ਹਾਂ ਅਧਿਆਪਕਾਂ ਨੂੰ ਤਿੰਨ ਸਾਲ ਦੀ ਠੇਕਾ ਅਧਾਰਿਤ ਸੇਵਾ ਨਿਭਾਉਣ ਤੋਂ ਬਾਅਦ ਪੂਰੇ ਤਨਖਾਹ ਸਕੇਲ ਅਤੇ ਭੱਤਿਆਂ ਤੇ ਰੈਗੂਲਰ ਕੀਤਾ ਜਾਣਾ ਸੀ। ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ) ਮੁਹਾਲੀ ਵੱਲੋਂ ਅਕਤੂਬਰ 2017 ਵਿੱਚ 3 ਸਾਲ ਦੀ ਠੇਕਾ ਅਧਾਰਿਤ ਸੇਵਾ ਪੂਰੀ ਕਰ ਚੁੱਕੇ ਅਧਿਆਪਕਾਂ ਦੇ ਰੈਗੂਲਰ ਦੇ ਕੇਸ ਮੰਗੇ ਗਏ ਸਨ। ਪਰ ਇੱਕ ਸਾਲ ਬੀਤਣ ਉਪਰੰਤ ਵੀ ਇਨ੍ਹਾਂ ਅਧਿਆਪਕਾਂ ਦੇ ਰੈਗੂਲਰ ਦੇ ਆਰਡਰ ਜਾਰੀ ਨਹੀਂ ਕੀਤੇ ਗਏ ਅਤੇ ਨਾਂ ਹੀ ਵੇਟਿੰਗ ਵਾਲੇ ਅਧਿਆਪਕਾਂ ਦੇ ਕੇਸ ਮੰਗੇ ਗਏ ਹਨ।
5178 ਅਧਿਆਪਕ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੱਖ ਵੱਖ ਸਮੇਂ ਸਰਕਾਰ ਨਾਲ ਹੋਈਆਂ ਮੀਟਿੰਗਾ ਚ ਉਨ੍ਹਾਂ ਦੇ ਸਾਹਮਣੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਪ੍ਰੈਲ 2019 ਤੋਂ ਪੂਰੀ ਤਨਖਾਹ ਤੇ ਰੈਗੂਲਰ ਕਰਨ ਜਿਹੀਆਂ ਬੇਤੁਕੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ ਜੋ 5178 ਜਥੇਬੰਦੀ ਮੁੱਢ ਤੋਂ ਹੀ ਰੱਦ ਕਰਦੀ ਆ ਰਹੀ ਆ। ਅਧਿਆਪਕ ਆਗੂਆਂ ਨੇ ਸਮੂਹ 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੀ ਤਨਖਾਹ ਤੇ ਰੈਗੂਲਰ ਕਰਨ, ਵਿਕਟੇਮਾਈਜੇਸ਼ਨਾਂ, ਜਬਰੀ ਸਸਪੈਂਸ਼ਨਾਂ ਅਤੇ ਬਦਲੀਆਂ ਤੁਰੰਤ ਰੱਦ ਕਰਨ ਸਮੇਤ ਮੋਰਚੇ ਦੀਆਂ ਸਾਰੀਆਂ ਮੰਗਾਂ ਤੁਰੰਤ ਨਾ ਮੰਨਣ ਦੀ ਹਾਲਤ ਵਿੱਚ 5178 ਮਾਸਟਰ ਕਾਡਰ ਯੂਨੀਅਨ ਸਾਂਝਾ ਅਧਿਆਪਕ ਮੋਰਚੇ ਦੇ ਬੈਨਰ ਹੇਠ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮਲਕੀਤ ਸਿੰਘ, ਅਕਾਸ਼, ਅਨੁਜ ਕੁਮਾਰ, ਓਮ ਪ੍ਰਕਾਸ਼, ਸਤਪਾਲ, ਲਕਸ਼ਮੀ ਮੈਡਮ, ਸਮਿਤਾ ਸ਼ਰਮਾ, ਜਯੋਤੀ, ਪਰਵੀਨ ਕੁਮਾਰੀ, ਜਗਵਿੰਦਰ ਕੌਰ, ਸੁਨੀਤਾ ਰਾਣੀ, ਵੀਰ ਵਰਿੰਦਰ ਕੁਮਾਰੀ, ਸੁਮਨ ਬਾਲਾ ਮੈਂਬਰ ਹਾਜਰ ਸਨ।