• Home
  • ਹਾਈ ਕੋਰਟ ਦੀ ਜੈ :-ਵੱਡੇ ਬਾਦਲ ਨੇ ਸੁਖਬੀਰ ਨੂੰ ਗੋਲਡ ਮੈਡਲ ਦੇਣ ਦੀ ਕੀਤੀ ਸਿਫਾਰਸ਼ – ਪਿਸਤੌਲ ਸਮੇਤ ਫੜੇ ਗਏ ਵਿਅਕਤੀ ਬਾਰੇ ਬੋਲੇ ਬਾਦਲ -ਪੜ੍ਹੋ!

ਹਾਈ ਕੋਰਟ ਦੀ ਜੈ :-ਵੱਡੇ ਬਾਦਲ ਨੇ ਸੁਖਬੀਰ ਨੂੰ ਗੋਲਡ ਮੈਡਲ ਦੇਣ ਦੀ ਕੀਤੀ ਸਿਫਾਰਸ਼ – ਪਿਸਤੌਲ ਸਮੇਤ ਫੜੇ ਗਏ ਵਿਅਕਤੀ ਬਾਰੇ ਬੋਲੇ ਬਾਦਲ -ਪੜ੍ਹੋ!

ਫਰੀਦਕੋਟ (ਖ਼ਬਰ ਵਾਲੇ ਬਿਊਰੋ )-ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਫ਼ਰੀਦਕੋਟ ਰੈਲੀ ਕਰਨ ਚ ਸਫਲ ਹੋਏ ਸ਼੍ਰੋਮਣੀ ਅਕਾਲੀ ਦਲ  ਵੱਲੋਂ ਅੱਜ ਦੀ ਰੈਲੀ ਨੂੰ ਸਫਲ ਕਰਨ ਲਈ  ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ,ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਤਿੰਨਾਂ ਜ਼ਿਲ੍ਹਿਆਂ ਦੇ ਹਲਕਾ ਇੰਚਾਰਜਾਂ ਨੂੰ ਵੱਧ ਤੋਂ ਵੱਧ ਇਕੱਠ  ਕਰਨ ਦੇ ਸਖ਼ਤ ਆਦੇਸ਼ ਦਿੱਤੇ ਹੋਏ ਸਨ । ਉੱਥੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਕਈ ਆਗੂਆਂ ਨੂੰ  ਤੇ ਸੰਭਾਵੀ ਉਮੀਦਵਾਰਾਂ ਨੂੰ 1000 -1000 ਵਰਕਰਾਂ  ਦੇ ਜੱਥੇ ਲਿਆਉਣ ਦੀ  ਵੀ ਟੈਲੀਫੋਨ ਰਾਹੀਂ ਹਦਾਇਤ  ਦਿੱਤੀ ਸੀ ਅਤੇ ਇਸ ਸਮੇਂ ਉਨ੍ਹਾਂ ਨੂੰ  ਪਾਰਟੀ ਦੇ ਵੱਕਾਰ ਦਾ ਸਵਾਲ  ਵੀ  ਕਿਹਾ ਗਿਆ ਸੀ।

ਅੱਜ ਦੀ ਰੈਲੀ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਬੁਲਾਰਿਆਂ ਨੇ ਰੈਲੀ ਕਰਵਾਉਣ ਦੀ ਆਗਿਆ ਦੇਣ ਤੇ ਹਾਈ ਕੋਰਟ ਦੀ ਜੈ ਜੈ ਕਾਰ ਕੀਤੀ , ਉੱਥੇ ਨਾਲ ਹੀ ਸਾਬਕਾ ਮੁੱਖ ਮੰਤਰੀ ਬਾਦਲ ਨੇ ਆਪਣੇ ਭਾਸ਼ਣ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਚ ਰਾਜ ਨੂੰ ਰਜਵਾੜਾ ਸ਼ਾਹੀ ਅਤੇ ਬਾਬਰ ਦੇ ਰਾਜ ਨਾਲ ਤੁਲਨਾ ਕੀਤੀ । ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਤੇ ਹਿੰਦੋਸਤਾਨ ਦੇ ਹੁਕਮਰਾਨਾਂ ਨੇ ਜਦੋਂ ਵੀ ਆਪਣੀ ਪਰਜਾ ਤੇ ਜ਼ੁਲਮ ਢਾਹਿਆ ਉਸ ਸਮੇਂ ਸਾਡੇ ਸਿੱਖ ਗੁਰੂਆਂ ਨੇ ਉਨ੍ਹਾਂ ਦੇ ਜ਼ੁਲਮਾਂ ਦਾ ਟਾਕਰਾ ਕੀਤਾ ਅਤੇ ਸ਼ਹਾਦਤਾਂ ਵੀ ਦਿੱਤੀਆਂ । ਪ੍ਰਕਾਸ਼ ਸਿੰਘ ਬਾਦਲ ਨੇ  ਆਪਣੇ ਭਾਸ਼ਣ ਦੌਰਾਨ ਰੈਲੀ ਤੋਂ ਪਹਿਲਾਂ ਪਿਸਤੌਲ ਸਮੇਤ ਫੜੇ ਗਏ ਵਿਅਕਤੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਵੀ ਪੰਜਾਬ ਚ ਅਮਨ ਸ਼ਾਂਤੀ ਚਾਹੁੰਦੇ ਹਾਂ, ਜੇਕਰ ਸੁਖਬੀਰ ਬਾਦਲ ਜਾਂ ਮੇਰੀ ਸ਼ਹਾਦਤ ਨਾਲ ਅਮਨ ਸ਼ਾਂਤੀ ਆਉਂਦੀ ਹੈ ਤਾਂ ਉਹ ਸ਼ਹਾਦਤ ਦੇਣ ਲਈ  ਤਿਆਰ ਹਨ ।

ਇਸ ਸਮੇਂ ਸਰਦਾਰ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਗੋਲਡ ਮੈਡਲ ਦੇਣ ਦੀ  ਸਿਫ਼ਾਰਸ਼ ਕਰਦਿਆਂ ਕਿਹਾ ਕਿ ਸੁਖਬੀਰ ਨੇ ਅੱਜ ਦੀ ਰੈਲੀ ਕਰਕੇ ਅਕਾਲੀ ਦਲ ਨੂੰ  ਭੰਡਣ ਵਾਲਿਆਂ ਦੇ ਮੂੰਹ ਤੇ ਚਪੇੜ ਮਾਰੀ ਹੈ ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਚ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਨ੍ਹਾਂ ਦੇ ਹਰ ਜਬਰ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਹਨ । ਇਸ ਸਮੇ ਸੁਖਬੀਰ  ਬਾਦਲ ਨੇ ਬਰਗਾੜੀ ਧਰਨੇ ਤੇ ਬੈਠੇ ਮੁਤਵਾਜ਼ੀ ਜਥੇਦਾਰਾਂ ਧਿਆਨ ਸਿੰਘ ਮੰਡ ਤੇ ਜਥੇਦਾਰ ਦਾਦੂਵਾਲ ਤੇ ਕਾਂਗਰਸ ਦੇ ਪ੍ਰਧਾਨ  ਜਾਖੜ ਨੂੰ ਵੀ  ਮੁੱਖ ਨਿਸ਼ਾਨਾ ਬਣਾਇਆ ।

ਰੈਲੀ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਤੌਰ ਤੇ ਆਪਣੀ ਭੜਾਸ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੀ ਕੱਢੀ ।ਆਪਣੇ ਭਾਸ਼ਣ ਦੌਰਾਨ ਉਨ੍ਹਾਂ ਸੁਨੀਲ ਜਾਖੜ ਨੂੰ ਮਾਮਾ ਤੇ ਨਵਜੋਤ ਸਿੱਧੂ ਨੂੰ ਭੱਦੀ ਸ਼ਬਦਾਵਲੀ ਰਾਹੀਂ ਸੰਬੋਧਨ ਕੀਤਾ ।

ਅੱਜ ਦੀ ਰੈਲੀ ਚ ਵੱਖ ਵੱਖ ਬੁਲਾਰਿਆਂ ਨੇ ਕਾਂਗਰਸ ਦੇ ਸਿੱਖਾਂ ਉੱਪਰ ਕੀਤੇ 1984 ਚ ਅੱਤਿਆਚਾਰਾਂ ਨੂੰ ਵੀ ਦੁਹਰਾਇਆ ।

ਰੈਲੀ ਚ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ,ਡਾਕਟਰ ਦਲਜੀਤ ਸਿੰਘ ਚੀਮਾ ' ਬੀਬੀ ਜਗੀਰ ਕੌਰ ,ਜਥੇਦਾਰ ਤੋਤਾ ਸਿੰਘ ', ਡਾ ਚਰਨਜੀਤ ਸਿੰਘ ਅਟਵਾਲ ,ਬਲਵਿੰਦਰ ਸਿੰਘ ਭੂੰਦੜ ,ਮਨਤਾਰ ਸਿੰਘ ਬਰਾੜ ,ਸਿਕੰਦਰ ਸਿੰਘ ਮਲੂਕਾ ,ਵਿਰਸਾ ਸਿੰਘ ਵਲਟੋਹਾ 'ਮਨਜਿੰਦਰ ਸਿੰਘ ਸਿਰਸਾ ,ਜਨਮੇਜਾ ਸਿੰਘ ਸੇਖੋਂ ਆਦਿ ਆਗੂ ਹਾਜ਼ਰ ਸਨ ।