• Home
  • ਡੀ.ਜੇ. ਲਾਈਟ ਐਂਡ ਸਾਉਂਡ ਸੱਭਿਆਚਾਰਕ ਐਸੋਸੀਏਸ਼ਨ ਪੰਜਾਬ ਵੱਲੋਂ ਢੀਂਡਸਾ ਦੀ ਹਮਾਇਤ ਦਾ ਐਲਾਨ

ਡੀ.ਜੇ. ਲਾਈਟ ਐਂਡ ਸਾਉਂਡ ਸੱਭਿਆਚਾਰਕ ਐਸੋਸੀਏਸ਼ਨ ਪੰਜਾਬ ਵੱਲੋਂ ਢੀਂਡਸਾ ਦੀ ਹਮਾਇਤ ਦਾ ਐਲਾਨ

ਸੰਗਰੂਰ, 8 ਮਈ - ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਡੀ.ਜੇ. ਲਾਈਟ ਐਂਡ ਸਾਉਂਡ ਸੱਭਿਆਚਾਰ ਐਸੋਸੀਏਸ਼ਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਸਰਪ੍ਰਸਤ ਵਿਜੈ ਸਾਹਨੀ ਅਤੇ ਸੂਬਾ ਪ੍ਰਧਾਨ ਪ੍ਰਕਾਸ਼ ਚੰਦ ਕਾਲਾ ਦੀ ਅਗਵਾਈ ਹੇਠ ਸ. ਢੀਂਡਸਾ ਦੀ ਰਿਹਾਇਸ਼ ਵਿਖੇ ਪਹੁੰਚ ਕੇ ਉਨ੍ਹਾਂ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਪ੍ਰਕਾਸ਼ ਚੰਦ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਸਮੂਹ ਐਸੋਸੀਏਸ਼ਨ ਨੇ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਿਛਲੇ ਸਮੇਂ ਦੌਰਾਨ ਲੋਕਾਂ ਦੀ ਭਲਾਈ ਲਈ ਕਰਵਾਏ ਗਏ ਕੰਮਾਂ ਅਤੇ ਉਨ੍ਹਾਂ ਦੀ ਲੋਕ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਚੋਣਾਂ ਵਿਚ ਸ. ਢੀਂਡਸਾ ਦੀ ਹਮਾਇਤ ਕਰਨ ਦਾ ਮਨ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮਿਊਜਿਕ ਕੰਪਨੀਆਂ ਵੱਲੋਂ ਡੀ.ਜੇ. ਅਤੇ ਸਾਉਂਡ ਸਿਸਟਮ ਨਾਲ ਜੁੜੇ ਲੋਕਾਂ ਨੂੰ ਕਾਪੀ ਰਾਈਟ ਐਕਟ ਦਾ ਡਰਾਵਾ ਦੇ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਸ. ਢੀਂਡਸਾ ਨੇ ਇਸ ਮਸਲੇ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਵਾਇਆ, ਜਿਸ ਕਾਰਨ ਅੱਜ ਪੰਜਾਬ ਦੇ ਸਮੂਹ ਡੀ.ਜੇ. ਅਤੇ ਲਾਈਟ ਸਾਉਂਡ ਕਾਰੋਬਾਰ ਨਾਲ ਜੁੜੇ ਲੋਕ ਸੁੱਖ ਦੀ ਰੋਟੀ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਨਾਲ ਖੜ੍ਹਨ ਵਾਲੇ ਸ. ਢੀਂਡਸਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਦਿਨ ਰਾਤ ਮਿਹਨਤ ਕਰਨਗੇ। 
ਸਮਰੱਥਨ ਦੇਣ ਲਈ ਪਹੁੰਚੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਸ. ਢੀਂਡਸਾ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਹਰ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ, ਉਨ੍ਹਾਂ ਨੂੰ ਆਪਣਾ ਰੁਜਗਾਰ ਚਲਾਉਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹਲਕੇ ਦੇ ਸਰਵਪੱਖੀ ਵਿਕਾਸ ਲਈ ਸਾਰਿਆਂ ਨੂੰ ਡੱਟ ਕੇ ਚੋਣ ਮੁਹਿੰਮ ਵਿਚ ਭਾਗ ਲੈਣ ਲਈ ਅਪੀਲ ਵੀ ਕੀਤੀ। ਇਸ ਮੌਕੇ ਸਮਰੱਥਨ ਦੇਣ ਲਈ ਪਹੁੰਚੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿਚ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਬਰਨਾਲਾ, ਪਾਲੀ ਪ੍ਰਧਾਨ ਦਿੜ੍ਹਬਾ, ਸੰਦੀਪ ਸਿੰਘ ਪ੍ਰਧਾਨ ਧੂਰੀ, ਸ਼ੇਰੂ ਜੁਆਇੰਟ ਸੈਕਟਰੀ ਜ਼ਿਲ੍ਹਾ ਸੰਗਰੂਰ, ਤਰਸੇਮ ਕਾਲਾ ਪ੍ਰਧਾਨ ਸੁਨਾਮ, ਕਾਲਾ ਪ੍ਰਧਾਨ ਲਹਿਰਾ, ਹਾਂਡਾ ਪ੍ਰਧਾਨ ਚੀਮਾਂ, ਰਵੀ ਜੁਆਇੰਟ ਸੈਕਟਰੀ ਜ਼ਿਲ੍ਹਾ ਬਰਨਾਲਾ, ਨਿਰਭੈ ਸਿੰਘ ਪ੍ਰਧਾਨ ਸ਼ੇਰਪੁਰ, ਗੁਰਮੀਤ ਸਿੰਘ ਪ੍ਰਧਾਨ ਮਹਿਲ ਕਲਾਂ, ਤਰਸੇਮ ਪ੍ਰਧਾਨ ਖਨੌਰੀ, ਰਾਹੁਲ ਪ੍ਰਧਾਨ ਮਾਲੇਰਕੋਟਲਾ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।