• Home
  • ਵੀਂਆਂ ਬਣੀਆਂ ਪੰਚਾਇਤਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ’ਚ ਸਰਕਾਰ ਦਾ ਸਹਿਯੋਗ ਕਰਨ-ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ

ਵੀਂਆਂ ਬਣੀਆਂ ਪੰਚਾਇਤਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ’ਚ ਸਰਕਾਰ ਦਾ ਸਹਿਯੋਗ ਕਰਨ-ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ

ਨਵਾਂਸ਼ਹਿਰ, 11 ਜਨਵਰੀ-
ਪੰਜਾਬ ਦੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ, ਸਾਇੰਸ ਤੇ ਤਕਨਾਲੋਜੀ ਤੇ ਰੋਜ਼ਗਾਰ ਸਿਰਜਣ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਜ਼ਿਲ੍ਹੇ ਦੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਤੇ ਨਸ਼ਿਆਂ ਖਿਲਾਫ਼ ਸਹੁੰ ਚੁਕਵਾਈ। ਉਨ੍ਹਾਂ ਇਸ ਮੌਕੇ ਨਵੀਂਆਂ ਬਣੀਆਂ ਪੰਚਾਇਤਾਂ, ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਪਾਸੋਂ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਪ੍ਰੋਗਰਾਮ ’ਚ ਸਹਿਯੋਗ ਦੀ ਮੰਗ ਵੀ ਕੀਤੀ।
ਸਥਾਨਕ ਦਾਣਾ ਮੰਡੀ ਵਿਖੇ ਇਕੱਤਰ ਹੋਏ ਜ਼ਿਲ੍ਹੇ ਦੇ 3300 ਤੋਂ ਵਧੇਰੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਹੁੰ ਚੁਕਵਾਉਣ ਆਏ ਤਕਨੀਕੀ ਸਿਖਿਆ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਐਮ ਐਲ ਏ/ਐਮ ਪੀ ਬਣਨਾ ਤਾਂ ਸੌਖਾ ਹੁੰਦਾ ਹੈ ਪਰ ਪਿੰਡ ਦੀ ਪੰਚੀ ਤੇ ਸਰਪੰਚੀ ਦੀ ਚੋਣ ਲੜਨਾ ਤੇ ਜਿੱਤਣਾ ਬਹੁਤ ਔਖਾ ਹੁੰਦਾ ਹੈ ਕਿਉਂ ਜੋ ਲੋਕ ਕਿਰਦਾਰ, ਕੀਤੇ ਕੰਮਾਂ ਤੇ ਸਹਿਚਾਰ ਨੂੰ ਦੇਖ ਕੇ ਹੀ ਵੋਟ ਦਿੰਦੇ ਹਨ।
ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਆਖਿਆ ਕਿ ਵਿਧਾਇਕ ਬਣਨ ਤੋਂ ਪਹਿਲਾਂ ਤਿੰਨ ਵਾਰ ਮਿਉਂਸਪਲ ਕੌਂਸਲਰ ਤੇ ਇੱਕ ਵਾਰ ਨਗਰ ਕੌਂਸਲ ਪ੍ਰਧਾਨ ਰਹੇ ਹੋਣ ਕਾਰਨ ਉਨ੍ਹਾਂ ਨੂੰ ਇਸ ਸਥਾਨਕ ਪੱਧਰ ਦੀ ਚੋਣ ਦਾ ਨਿੱਜੀ ਤਜਰਬਾ ਹੈ ਅਤੇ ਇਸ ਗੱਲ ਦਾ ਮਾਣ ਵੀ ਕਿ ਹਰ ਵਾਰ ਜਿੱਤ ’ਚ ਵੋਟਾਂ ਦੀ ਲੀਡ ਵਧਦੀ ਗਈ। ਉਨ੍ਹਾਂ ਕਿਹਾ ਕਿ ਸਰਪੰਚ ਜਾਂ ਪੰਚ, ਸੰਮਤੀ ਮੈਂਬਰ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਤੋਂ ਬਾਅਦ ਹੁਣ ਤੁਹਾਡੇ ਸਿਰ ਆਪਣੇ ਪਿੰਡ ਦੇ ਵਿਕਾਸ ਦੀ ਵੱਡੀ ਜ਼ਿੰਮੇਂਵਾਰੀ ਆ ਪਈ ਹੈ। ਵੋਟਾਂ ਤੋਂ ਪਹਿਲਾਂ ਦੇ ਸ਼ਿਕਵਿਆਂ ਨੂੰ ਭੁੱਲ ਕੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਫ਼ੈਸਲੇ ਦਾ ਕੋਈ ਪਛਤਾਵਾ ਨਾ ਹੋਵੇ।
ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹਰ ਪਿੰਡ ਦੀ ਨੁਹਾਰ ਬਦਲਣ ਤੇ ਵਿਕਾਸ ਕਰਨ ਦੇ ਸੁਫ਼ਨੇ ਨੂੰ ਨਵੀਂਆਂ ਬਣੀਆਂ ਪੰਚਾਇਤਾਂ ਨੂੰ ਨਿਰਪੱਖਤਾ ਤੇ ਸਰਬ ਸਾਂਝੇ ਵਿਕਾਸ ਰਾਹੀਂ ਸਾਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਗਲੇ ਦੋ ਮਹੀਨਿਆਂ ’ਚ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਗੱਫੇ ਦਿੱਤੇ ਜਾਣਗੇ ਪਰ ਸਾਨੂੰ ਇਹ ਯਕੀਨੀ ਬਣਾਉਣ ਪਵੇਗਾ ਕਿ ਅਸੀਂ ਇਸ ਗਰਾਂਟ ਦੀ ਵਰਤੋਂ ਪਿੰਡ ਦੇ ਲੋਕਾਂ, ਹਲਕਾ ਵਿਧਾਇਕ ਅਤੇ ਸਰਕਾਰ ਦੀ ਸਲਾਹ ਮੁਤਾਬਕ ਸਰਬ ਸਾਂਝੇ ਕੰਮਾਂ ਲਈ ਕਰੀਏ।
ਤਕਨੀਕੀ ਸਿਖਿਆ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਦੇ ਨਿਰਪੱਖ ਤੇ ਭਿ੍ਰਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਦੇ ਮੁੱਖ ਮੰਤਰੀ ਦੇ ਉਦੇਸ਼ ਨੂੰ ਪੂਰਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਆਖਿਆ ਕਿ ਪੰਚਾਇਤਾਂ ਵੱਲੋਂ ਦਿੱਤੇ ਨਿਰਪੱਖ ਫ਼ੈਸਲੇ ਨਰੋਏ ਸਮਾਜ ਦੀ ਬੁਨਿਆਦ ਹਨ। ਸਮਾਜ ’ਚ ਨਿਘਾਰ ਪੰਚਾਇਤਾਂ ਦੇ ਗਲਤ ਫ਼ੈਸਲੇ ਨਾਲ ਆਉਂਦਾ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਸਮਾਜ ਨੂੰ ਨਰੋਆ ਬਣਾਉਣਾ ਹੈ ਤੇ ਭਾਈਚਾਰਕ ਸਾਂਝ ਨਾਲ ਸੂਬੇ ਤੇ ਦੇਸ਼ ’ਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਣਾ ਹੈ।
ਸਹੁੰ ਚੁੱਕ ਸਮਾਗਮ ’ਚ ਮਹਿਲਾਵਾਂ ਦੀ ਵੱਡੀ ਗਿਣਤੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਮਹਿਲਾਵਾਂ ਨੂੰ ਸਥਾਨਕ ਸੰਸਥਾਂਵਾਂ ਦੀਆਂ ਚੋਣਾਂ ’ਚ 50 ਫ਼ੀਸਦੀ ਰਾਖਵਾਂਕਰਨ ਦੇ ਫ਼ੈਸਲੇ ਨਾਲ ਭੈਣਾਂ ਤੇ ਮਾਂਵਾਂ ਨੂੰ ਅੱਧ ਦੀ ਪ੍ਰਤੀਨਿਧਤਾ ਮਿਲੀ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਇਸ ਪ੍ਰਤੀਨਿਧਤਾ ਦੇ ਅਧਿਕਾਰ ਬਾਅਦ ਪੰਚਾਇਤਾਂ ’ਚ ਆਪਣੇ ਪਰਿਵਾਰਾਂ ’ਤੇ ਨਿਰਭਰ ਨਾ ਰਹਿ ਕੇ ਖੁਦ ਫ਼ੈਸਲੇ ਲੈਣ ਲਈ ਆਖਿਆ। ਇਸ ਤੋਂ ਪਹਿਲਾਂ ਅਹੁਦੇ ਦੇ ਹਲਫ਼ ਤੋਂ ਬਾਅਦ ਨਸ਼ਿਆਂ ਸਬੰਧੀ ਸਹੁੰ ਚੱੁਕਵਾਉਣ ਮੌਕੇ ਉਨ੍ਹਾਂ ਨੇ ਪੰਚਾਇਤਾਂ ਨੂੰ ਪਿੰਡ ’ਚ ਨਸ਼ਾ ਕਰਨ ਵਾਲਿਆਂ ਦੀ ਸ਼ਨਾਖ਼ਤ ਕਰਨ ਤੇ ਉਨ੍ਹਾਂ ਦਾ ਓਟ ਸੈਂਟਰਾਂ ’ਚੋਂ ਇਲਾਜ ਕਰਵਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਨੂੰ ਸੁਧਾਰਨਾ ਸਾਡੀ ਜ਼ਿੰਮੇਂਵਾਰੀ ਹੈ। ਉਨ੍ਹਾਂ ਪੰਚਾਇਤਾਂ ਤੋਂ ਮੁੱਖ ਮੰਤਰੀ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਚਲਾਈ ਮੁਹਿੰਮ ’ਚ ਸਹਿਯੋਗ ਦੇ ਕੇ ਕਾਮਯਾਬ ਕਰਨ ਲਈ ਵੀ ਕਿਹਾ।
ਬਾਅਦ ’ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਡੇ ਪੱਧਰ ’ਤੇ ਪਿੰਡਾਂ ’ਚ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਜਲਦ ਹੀ ਗਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜੁਆਨਾਂ ਨੂੰ ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਫ਼ਰਵਰੀ ਮਹੀਨੇ ’ਚ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨੌਜੁਆਨਾਂ ਨੂੰ ਹੁਨਰ ਪ੍ਰਦਾਨ ਕਰਨ ਲਈ ਸਕਿੱਲ ਸੈਂਟਰਾਂ ਰਾਹੀਂ ਮੁਫ਼ਤ ਸਿਖਲਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਸ ਮੌਕੇ ਹਲਕਾ ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਸਵਾਗਤੀ ਭਾਸ਼ਨ ਦੌਰਾਨ ਜਿੱਥੇ ਸ੍ਰੀ ਚੰਨੀ ਨੂੰ ਜੀ ਆਇਆਂ ਆਖਿਆ ਉੱਥੇ ਨਵੀਂਆਂ ਪੰਚਾਇਤਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸਤਬੀਰ ਸਿੰਘ ਪੱਲੀ ਝਿੱਕੀ ਨੇ ਇਸ ਮੌਕੇ ਧੰਨਵਾਦੀ ਸੰਬੋਧਨ ਦੌਰਾਨ ਪੰਚਾਇਤਾਂ ਤੇ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਐਸ. ਟੀ. ਐਫ਼. ਦੇ ਆਈ. ਜੀ. ਆਰ. ਕੇ. ਜਾਇਸਵਾਲ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ. ਐਸ. ਪੀ. ਦੀਪਕ ਹਿਲੌਰੀ, ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਗੁਰਇਕਬਾਲ ਕੌਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਭੀਮਾ ਸਮੇਤ ਵੱਡੀ ਗਿਣਤੀ ’ਚ ਪ੍ਰਮੁੱਖ ਸਖਸ਼ੀਅਤਾਂ ਤੇ ਜ਼ਿਲ੍ਹੇ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਵਿਰਸਾ-ਏ-ਪੰਜਾਬ ਗਰੁੱਪ ਵੱਲੋਂ ਲੋਕ ਸਾਹਿਤ ਦੀਆਂ ਵੰਨਗੀਆਂ ਨਾਲ ਲੋਕਾਂ ਦਾ ਮਨੋਰੰਜਨ ਵੀ ਕੀਤਾ ਗਿਆ।
ਫ਼ੋਟੋ ਕੈਪਸ਼ਨ: ਨਵਾਂਸ਼ਹਿਰ ਵਿਖੇ ਜ਼ਿਲ੍ਹੇ ਦੇ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਤਕਨੀਕੀ ਸਿਖਿਆ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ।