• Home
  • ਤਾਏ ਦੀ ਧੀ ਚੱਲੀ ..! ਹਰਮੇਲ ਟੌਹੜਾ ਕੱਲ੍ਹ ਬਾਦਲ ਦਲ ਚ ਸ਼ਾਮਲ ਹੋਣਗੇ ?

ਤਾਏ ਦੀ ਧੀ ਚੱਲੀ ..! ਹਰਮੇਲ ਟੌਹੜਾ ਕੱਲ੍ਹ ਬਾਦਲ ਦਲ ਚ ਸ਼ਾਮਲ ਹੋਣਗੇ ?

ਪਟਿਆਲਾ:- ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ ..! ਅਖਾਣ ਅਨੁਸਾਰ ਅੱਜ ਪੁਰਾਣੇ ਫੈਡਰੇਸ਼ਨ ਆਗੂ ਅਤੇ ਦੋ ਵਾਰ ਕਾਂਗਰਸ ਦੇ ਐਮਪੀ ਰਹਿਣ ਵਾਲੇ ਜਗਮੀਤ ਸਿੰਘ ਬਰਾੜ ਵੱਲੋਂ ਅਕਾਲੀ ਦਲ ਜੁਆਇਨ ਕਰਨ ਤੋਂ ਬਾਅਦ ਅਕਾਲੀ ਦਲ ਦੇ ਆਗੂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਕੱਲ੍ਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਬਾਦਲ ਦਲ ਚ ਸ਼ਾਮਿਲ ਹੋ ਜਾਣਗੇ ।ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਹਰਮੇਲ ਸਿੰਘ ਟੌਹੜਾ ਨਾਲ ਰਾਬਤਾ ਬਣਾਇਆ ਹੋਇਆ ਸੀ ।
ਦੱਸਣਯੋਗ ਹੈ ਕਿ ਹਰਮੇਲ ਸਿੰਘ ਟੌਹੜਾ 1997 ਚ ਬਾਦਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਹੇ ਹਨ ,ਜਦੋਂ ਜਥੇ ਗੁਰਚਰਨ ਸਿੰਘ ਟੌਹੜਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲੈ ਕਲੇਸ਼ ਪਿਆ ਸੀ ਤਾਂ ਅਖੀਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਛੋਟੇ ਸਪੁੱਤਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਤੇ ਸਾਲ 1999 ਚ ਕਿਸਾਨ ਭਵਨ ਚੰਡੀਗੜ੍ਹ ਵਿਖੇ ਟੌਹੜਾ ਧੜੇ ਦੇ ਅਸਤੀਫ਼ੇ ਦੇਣ ਵਾਲੇ ਪੰਜ ਮੰਤਰੀਆਂ ਵਿੱਚ ਸ਼ਾਮਲ ਸਨ ।
ਭਾਵੇਂ ਬਾਅਦ ਚ ਜਥੇਦਾਰ ਟੌਹੜਾ ਨੇ ਕੁਝ ਸਮੇਂ ਬਾਅਦ ਫਿਰ ਪ੍ਰਕਾਸ਼ ਸਿੰਘ ਬਾਦਲ ਨਾਲ ਹੱਥ ਮਿਲਾ ਲਿਆ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਦੇ ਖੇਮੇ ਨੂੰ ਖਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਅਸਤੀਫ਼ੇ ਦੇਣ ਵਾਲੇ ਮੰਤਰੀਆਂ ਚੋਂ ਇੰਦਰਜੀਤ ਸਿੰਘ ਜ਼ੀਰਾ ਤੇ ਰਣਜੀਤ ਸਿੰਘ ਛਜਲਵੱਡੀ ਹੋਰੀ ਤਾਂ ਅਕਾਲੀ ਦਲ ਤੋਂ ਕਿਨਾਰਾ ਹੀ ਕਰ ਗਏ ,ਜਦਕਿ ਮਹੇਸ਼ ਇੰਦਰ ਸਿੰਘ ਗਰੇਵਾਲ ਬਾਦਲ ਰੰਗ ਚ ਰੰਗਿਆ ਗਿਆ ਤੇ ਜਥੇਦਾਰ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੂੰ ਸਰਗਰਮ ਰਾਜਨੀਤੀ ਤੋਂ ਲਾਂਭੇ ਕਰ ਦਿੱਤਾ ਸੀ । ਜਿਸ ਕਾਰਨ ਉਹ ਨਵੀਂ ਧਿਰ ਵਜੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਭਰੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸਨ।

ਹੁਣ ਇਹ ਦੇਖਣਾ ਹੋਵੇਗਾ ਕਿ ਹਰਮੇਲ ਸਿੰਘ ਟੌਹੜਾ ਮਲਾਹ ਬਣ ਕੇ ਪੰਥਕ ਸੰਕਟ ਚੋਂ ਲੰਘ ਰਹੇ ਬਾਦਲ ਦਲ ਦੀ ਬੇੜੀ ਪਾਰ ਲਾ ਸਕੇਗਾ ।