• Home
  • ਇੱਜ਼ਤ ਬਚਾਉਣ ਲਈ ਵਹਿਸ਼ੀ ਨਾਲ ਭਿੜੀ ਵਿਧਵਾ, ਜਾਨ ਬਚਾ ਕੇ ਭਜਿਆ

ਇੱਜ਼ਤ ਬਚਾਉਣ ਲਈ ਵਹਿਸ਼ੀ ਨਾਲ ਭਿੜੀ ਵਿਧਵਾ, ਜਾਨ ਬਚਾ ਕੇ ਭਜਿਆ

ਮੋਗਾ, (ਖ਼ਬਰ ਵਾਲੇ ਬਿਊਰੋ): ਇਕ ਵਹਿਸ਼ੀ ਦਰਿੰਦੇ ਨੂੰ ਉਸ ਵੇਲੇ ਆਪਣੀ ਹਵਸ਼ ਮਿਟਾਉਣ ਦੀ ਚਾਹਤ ਮਹਿੰਗੀ ਪੈ ਗਈ ਜਦੋਂ ਪੀੜਤ ਮਹਿਲਾ ਨੇ ਦੋਸ਼ੀ ਦਾ ਡਟ ਕੇ ਸਾਹਮਣਾ ਕੀਤਾ ਤੇ ਉਸ ਦੇ ਮੂੰਹ 'ਤੇ ਤਾਬੜਤੋੜ ਥੱਪੜਾਂ ਦਾ ਮੀਂਹ ਵਰ•ਾ ਦਿਤਾ। ਕੜਿੱਕੇ 'ਚ ਫਸੇ ਜਨੂੰਨੀ ਨੇ ਭੱਜਣ 'ਚ ਹੀ ਆਪਣੀ ਭਲਾਈ ਸਮਝੀ ਪਰ ਜਾਂਦਾ ਹੋਇਆ ਪੀੜਤ ਔਰਤ ਤੇ ਉਸ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਜ਼ਰੂਰ ਦੇ ਗਿਆ। ਥਾਣਾ ਬਾਘਾਪੁਰਾਣਾ ਦੀ ਏਐਸਆਈ ਬਲਵਿੰਦਰ ਕੌਰ ਨੇ ਜਾਣਕਾਰੀ ਦਿਤੀ ਕਿ ਨੇੜਲੇ ਪਿੰਡ ਦੀ ਵਸਨੀਕ ਇਹ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਔਰਤ ਆਪਣੇ ਘਰ 'ਚ ਹੀ ਪ੍ਰਚੂਨ ਦੀ ਦੁਕਾਨ ਚਲਾ ਕੇ ਗੁਜ਼ਾਰਾ ਕਰ ਰਹੀ ਹੈ। ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਗੁਰਪ੍ਰੀਤ ਸਿੰਘ ਉਰਫ਼ ਟੋਨੀ ਨੇ ਉਸ ਦੇ ਘਰ ਅੰਦਰ ਜਾ ਕੇ ਗ਼ਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਤੇ ਜ਼ਬਰਦਸਤੀ 'ਤੇ ਉਤਰ ਆਇਆ। ਉਸ ਦੀ ਹਿੰਮਤ ਵਧਦੀ ਦੇਖ ਵਿਧਵਾ ਔਰਤ ਨੇ ਉਸ ਦੇ ਮੂੰਹ 'ਤੇ ਥੱਪੜਾਂ ਦੀ ਬਰਸਾਤ ਕਰ ਦਿਤੀ ਜਿਸ 'ਤੇ ਉਹ ਉਥੋਂ ਭੱਜ ਨਿਕਲਿਆ ਪਰ ਜਾਂਦਾ ਹੋਇਆ ਵਿਧਵਾ ਔਰਤ ਨੂੰ ਧਮਕੀ ਦੇ ਗਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਵਿਰੁਧ ਧਾਰਾ 452, 354, 323 ਅਤੇ 506 ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।