• Home
  • ਨਵਾਂ ਸ਼ਹਿਰ ਨੇ ਸਵੱਛਤਾ ਸਰਵੇਖਣ 2019 ਚ ਦੋਹਰੇ ਐਵਾਰਡ ਹਾਸਲ ਕੀਤੇ-ਉੱਤਰੀ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਤੇ ‘ਗਾਰਬੇਜ ਫ੍ਰੀ ਸਿਟੀ’ ਐਲਾਨਿਆ

ਨਵਾਂ ਸ਼ਹਿਰ ਨੇ ਸਵੱਛਤਾ ਸਰਵੇਖਣ 2019 ਚ ਦੋਹਰੇ ਐਵਾਰਡ ਹਾਸਲ ਕੀਤੇ-ਉੱਤਰੀ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਤੇ ‘ਗਾਰਬੇਜ ਫ੍ਰੀ ਸਿਟੀ’ ਐਲਾਨਿਆ

ਨਵਾਂਸ਼ਹਿਰ, -ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਮੰਤਰਾਲਾ, ਭਾਰਤ ਸਰਕਾਰ ਵੱਲੋਂ 31 ਜਨਵਰੀ 2019 ਨੂੰ ਮੁਕੰਮਲ ਕੀਤੇ ਗਏ ਸਵੱਛਤਾ ਸਰਵੇਖਣ-2019 ’ਚੋਂ ਨਗਰ ਕੌਂਸਲ ਨਵਾਂਸ਼ਹਿਰ ਨੇ ਉਤਰੀ ਭਾਰਤ ਦੇ ਸਭ ਤੋਂ ਸਾਫ਼  ਸ਼ਹਿਰ ਅਤੇ ‘ਗਾਰਬੇਜ ਫ੍ਰੀ ਸਿਟੀ’ ਦਾ ਦੋਹਰਾ ਐਵਾਰਡ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ।ਇਹ ਦੋਵੇਂ ਐਵਾਰਡ ਅੱਜ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ  ਵੱਲੋਂ ਦਿੱਤੇ ਗਏ। ਨਵਾਂਸ਼ਹਿਰ ਦੀ ਤਰਫ਼ੋਂ ਇਹ ਐਵਾਰਡ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਹਾਸਲ ਕੀਤੇ।ਇਹ ਐਵਾਰਡ ਇੱਕ ਲੱਖ ਤੋਂ ਘਟ ਗਿਣਤੀ ਵਾਲੀ ਸਥਾਨਕ ਸਰਕਾਰ ਸੰਸਥਾਵਾਂ ਦੀ ਸ਼੍ਰੇਣੀ ਵਿਚ ਹਾਸਲ ਹੋਇਆ ਹੈ। ਡਿਪਟੀ ਕਮਿਸ਼ਨਰ ਸ੍ਰੀ ਬਬਲਾਨੀ ਨੇ ਦੱਸਿਆ ਕਿ ਸ਼ਹਿਰ ਨੂੰਉੱਤਰੀ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਤੇ ‘ਗਾਰਬੇਜ ਫ੍ਰੀ ਸਿਟੀ’ ਵਜੋਂ ਹਾਸਲ ਹੋਇਆ ਪੁਰਸਕਾਰ ਉੱਤਰੀ ਭਾਰਤ ’ਚੋਂ ਇੱਕੋ-ਇੱਕ ਨਗਰ ਕੌਂਸਲ ਦੇ ਹਿੱਸੇ ਹੀ ਆਇਆ ਹੈ ਜੋ ਕਿ ਨਗਰ ਕੌਂਸਲ ਵੱਲੋਂ ਆਪਣੇ ਯਤਨਾਂ ਅਤੇ ਵਸੀਲਿਆਂ ਨਾਲ ਆਰੰਭੀ ਕੂੜੇ ਤੋਂ ਖਾਦ ਬਣਾਉਣ ਦੀ ਯੋਜਨਾ ਸਦਕਾ ਹੀ ਸੰਭਵ ਹੋਇਆ ਹੈ। ਸ੍ਰੀ ਬਬਲਾਨੀ ਨੇ ਨਵਾਂਸ਼ਹਿਰ ਵੱਲੋਂ ਸਵੱਛਤਾ ਸਰਵੇਖਣ-2019 ’ਚ ਇਤਿਹਾਸ ਰਚੇ ਜਾਣ ’ਤੇ ਆਖਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਜਿਸ ਤਰ੍ਹਾਂ ਪੂਰੀ ਮੇਹਨਤ ਤੇ ਲਗਨ ਨਾਲ ਤਿਆਰੀ ਕੀਤੀ ਜਾ ਰਹੀ ਸੀ, ਉਸ ਦਾ ਫ਼ਲ ਮਿਲਣਾ ਯਕੀਨੀ ਸੀ। ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਸਮੂਹ ਕੌਂਸਲਰਾਂ, ਅਧਿਕਾਰੀਆਂ ਅਤੇ ਸਫ਼ਾਈ ਸੇਵਕਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ‘ਗਾਰਬੇਜ ਫ੍ਰੀ ਸਿਟੀ’ ਦਾ ਮਾਣਮੱਤਾ ਐਵਾਰਡ ਮਿਲਣਾ ਸਮੁੱਚੇ ਸ਼ਹਿਰ ਵਾਸੀਆਂ ਲਈ ਬੜੀ ਗੌਰਵਮਈ ਪ੍ਰਾਪਤੀ ਹੈ। ਉਨ੍ਹਾਂ ਨੇ ਨਵਾਂਸ਼ਹਿਰ ਦੇ ਲੋਕਾਂ ਨੂੰ ਵੀ ਨਗਰ ਕੌਂਸਲ ਨੂੰ ਸਫ਼ਾਈ ਰੱਖਣ ਅਤੇ ਇਸ ਮੁਕਾਮ ਤੇ ਪੁੱਜਣ ਚ ਦਿੱਤੇ ਸਹਿਯੋਗ ਲਈ ਵਧਾਈ ਦਿੱਤੀ। ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਸਨਮਾਨ ਨੂੰ ਸ਼ਹਿਰ ਦੇ ਸਮੁੱਚੇ ਸਫ਼ਾਈ ਸੇਵਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਜੇਕਰ ਸਫ਼ਾਈ ਸੇਵਕਾਂ ਵੱਲੋਂ ਸ਼ਹਿਰ ਨੂੰ ਸਾਫ਼-ਸੁੱਥਰਾ ਅਤੇ ਕੂੜਾ ਰਹਿਤ ਸ਼ਹਿਰ ਬਣਾਉਣ ’ਚ ਦਿਨ-ਰਾਤ ਸਹਿਯੋਗ ਨਾ ਦਿੱਤਾ ਗਿਆ ਹੁੰਦਾ ਤਾਂ ਨਵਾਂਸ਼ਹਿਰ ਨੂੰ ਇਹ ਮਾਣ ਹਾਸਲ ਨਹੀਂ ਸੀ ਹੋਣਾ। ਉਨ੍ਹਾਂ ਨਗਰ ਕੌਂਸਲ ਦੀ ਸਮੁੱਚੀ ਟੀਮ ਅਤੇ ਆਪਣੇ ਸਾਥੀ ਕੌਂਸਲਰਾਂ ਵੱਲੋਂ ਨਵਾਂਸ਼ਹਿਰ ਨੂੰ ਸਵੱਛਤਾ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚਾਉਣ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਅਨੁਸਾਰ ਸ਼ਹਿਰ ’ਚੋਂ ਰੋਜ਼ਾਨਾ 14 ਟਨ ਕੂੜੇ ਨੂੰ ਸਿੱਧਾ ਘਰਾਂ ਤੋਂ ਹੀ ਇਕੱਤਰ ਕੀਤਾ ਜਾਂਦਾ ਹੈ ਅਤੇ ਸ਼ਹਿਰ ’ਚ ਇਸ ਮੌਕੇ ਕੋਈ ਵੀ ਸੈਕੰਡਰੀ ਪੁਆਇੰਟ ਨਹੀਂ। ਇਸੇ ਤਰ੍ਹਾਂ ਕੂੜੇ ਦੀ ਅਲਹਿਦਗੀ ਵੀ ਘਰਾਂ ਤੋਂ ਹੀ ਸੁੱਕੇ ਤੇ ਗਿੱਲੇ ਕੂੜੇ ਦੇ ਰੂਪ ’ਚ ਕਰ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਕੂੜੇ ਤੋਂ ਖਾਦ ਬਣਾਉਣ ਦੇ ਨਿਵੇਕਲੇ ਪ੍ਰਾਜੈਕਟ ਤਹਿਤ 100 ਤੋਂ ਵਧੇਰੇ ਪਿੱਟਸ ਬਣਾਈਆਂ ਗਈਆਂ ਹਨ ਅਤੇ ਤਿਆਰ ਕੀਤੀ ਜਾ ਰਹੀ ਦੇਸੀ ਖਾਦ ਤਜਰਬੇ ਦੇ ਆਧਾਰ ’ਤੇ ਵਰਤਣ ਲਈ ਦਿੱਤੀ ਜਾ ਰਹੀ ਹੈ। ਐਮ ਐਲ ਏ ਅੰਗਦ ਸਿੰਘ ਜੋ ਕਿ ਨਗਰ ਕੌਂਸਲ ਨਵਾਂਸ਼ਹਿਰ ਨੂੰ ਸਾਫ਼-ਸੁੱਥਰਾ ਸ਼ਹਿਰ ਬਣਾਉਣ ਲਈ ਲੰਬੇ ਸਮੇਂ ਤੋਂ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ, ਨੇ ਨਵਾਂਸ਼ਹਿਰ ਨੂੰ ਮਿਲੇ ਇਸ ਸਨਮਾਨ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਾਰਾ ਕੁੱਝ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ, ਕੌਂਸਲਰਾਂ ਅਤੇ ਅਧਿਕਾਰੀਆਂ ਦੇ ਟੀਮ ਵਰਕ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕ-ਇੱਕ ਟੀਚਾ ਨਵਾਂਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਦਾ ਸੀ, ਜਿਸ ਵਿੱਚ ਉਹ ਸਫ਼ਲ ਹੋਏ ਹਨ।        ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਸਾਲ 2018 ਦੀ ਸਵੱਛਤਾ ਰੈਂਕਿੰਗ ’ਚ ਉੱਤਰੀ ਭਾਰਤ ’ਚੋਂ ਪੰਜਵੇਂ ਅਤੇ ਪੰਜਾਬ ’ਚੋਂ ਤੀਸਰੇ ਸਥਾਨ ’ਤੇ ਰਿਹਾ ਸੀ ਅਤੇ ਉਦੋਂ ਤੋਂ ਹੀ ਨਗਰ ਕੌਂਸਲ ਵੱਲੋਂ ਉੱਤਰੀ ਭਾਰਤ ’ਚੋਂ ਪਹਿਲੇ ਸਥਾਨ ’ਤੇ ਆਉਣ ਲਈ ਪੂਰੀ ਮੇਹਨਤ ਕੀਤੀ ਜਾ ਰਹੀ ਸੀ।ਫੋਟੋ ਕੈਪਸ਼ਨ- ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ  ਰਾਜ ਮੰਤਰੀ ਹਰਦੀਪ ਸਿੰਘ ਪੁਰੀ ਪਾਸੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਐਵਾਰਡ ਹਾਸਲ ਕਰਦੇ ਹੋਏ।