• Home
  • ਡਰੱਗ ਇੰਸਪੈਕਟਰ ਨੇਹਾ ਦੇ ਕਤਲ ਦੀ ਜਾਂਚ ਮੁੱਖ ਮੰਤਰੀ ਨੇ ਵਿਜੀਲੈਂਸ ਨੂੰ ਸੌਂਪੀ -ਡੀ ਸੀ,ਐਸ ਐਸ ਪੀ ਤੋਂ ਲੈ ਕੇ ਮੁਨਸ਼ੀ ਤੱਕ ਹੋਵੇਗੀ ਪੁੱਛ ਗਿੱਛ :- ਪੜ੍ਹੋ ਮੁੱਖ ਮੰਤਰੀ ਦੇ ਹੁਕਮ

ਡਰੱਗ ਇੰਸਪੈਕਟਰ ਨੇਹਾ ਦੇ ਕਤਲ ਦੀ ਜਾਂਚ ਮੁੱਖ ਮੰਤਰੀ ਨੇ ਵਿਜੀਲੈਂਸ ਨੂੰ ਸੌਂਪੀ -ਡੀ ਸੀ,ਐਸ ਐਸ ਪੀ ਤੋਂ ਲੈ ਕੇ ਮੁਨਸ਼ੀ ਤੱਕ ਹੋਵੇਗੀ ਪੁੱਛ ਗਿੱਛ :- ਪੜ੍ਹੋ ਮੁੱਖ ਮੰਤਰੀ ਦੇ ਹੁਕਮ

ਚੰਡੀਗੜ, 9 ਅਪ੍ਰੈਲ;- ਖਰੜ ਦੇ ਲਾਇਸੰਸਿੰਗ ਅਥਾਰਟੀ ਜ਼ੋਨਲ ਨੇਹਾ ਸ਼ੋਰੀ ਦੇ ਪਰਿਵਾਰਕ ਮੈਂਬਰਾਂ ਦੀ ਬੇਨਤੀ ’ਤੇ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੇਹਾ ਸ਼ੋਰੀ ਕਤਲ ਦੀ ਪੜਤਾਲ ਵਿਜੀਲੈਂਸ ਬਿੳੂਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤੀ ਹੈ। ਪੀੜਤ ਪਰਿਵਾਰ ਨੇ ਅੱਜ ਮੁੱਖ ਮੰਤਰੀ ਨੂੰ ਉਨਾਂ ਦੀ ਸਰਕਾਰੀ ਰਿਹਾਇਸ਼ ’ਤੇ ਮਿਲ ਕੇ ਜਾਂਚ ਦਾ ਮਾਮਲਾ ਮੁਹਾਲੀ ਜ਼ਿਲੇ ਤੋਂ ਬਾਹਰ ਭੇਜਣ ਦੀ ਅਪੀਲ ਕੀਤੀ। ਉਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦਾ ਜ਼ਿੰਮਾ ਸੀਨੀਅਰ ਆਈ.ਪੀ.ਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤਾ ਜਿਨਾਂ ਕੋਲ ਕਤਲ ਕੇਸਾਂ ’ਚ ਸੀ.ਬੀ.ਆਈ. ਵਿੱਚ ਕੰਮ ਕਰਨ ਦਾ 14 ਸਾਲਾਂ ਦਾ ਤਜਰਬਾ ਹੈ। ਇਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਰੋਪੜ ਦੀ ਜ਼ਿਲਾ ਪੁਲੀਸ ਅਤੇ ਜ਼ਿਲਾ ਮੈਜਿਸਟ੍ਰੇਟ ਵੱਲੋਂ ਦੋਸ਼ੀ ਬਲਵਿੰਦਰ ਸਿੰਘ ਨੂੰ ਰਿਵਾਲਵਰ ਦਾ ਲਾਇਸੰਸ ਜਾਰੀ ਕਰਨ ਵਿੱਚ ਹੋਈ ਅਣਗਹਿਲੀ ਦੀ ਜਾਂਚ ਕਰਨ ਲਈ ਆਖਿਆ। ਇਸੇ ਤਰਾਂ ਮੁੱਖ ਸਕੱਤਰ ਰੋਪੜ ਦੇ ਹਥਿਆਰ ਡੀਲਰ ਵੱਲੋਂ ਦੋਸ਼ੀ ਨੂੰ ਵੇਚੇ ਹਥਿਆਰ ਦੀ ਜਾਂਚ ਵੀ ਕਰਨਗੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਧਿਕਾਰੀ/ਕਰਮਚਾਰੀ ਨੂੰ ਆਪਣੀ ਡਿੳੂਟੀ ਨਿਭਾਉਣ ਵਿੱਚ ਦਖਲ ਜਾਂ ਧਮਕਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨਾਂ ਨੇ ਨੇਹਾ ਦੇ ਪਰਿਵਾਰ ਨੂੰ ਨਿਆਂ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਨੇਹਾ ਸ਼ੋਰੀ ਦੇ ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਨੇਹਾ ਦਾ ਕਤਲ ਹੋਇਆ। ਪਰਿਵਾਰ ਨੇ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨਾਂ ਨੇ ਦੋਸ਼ੀ ਦੀ ਕਥਿਤ ਖੁਦਕੁਸ਼ੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਵੱਡੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਉਸ ਨੂੰ ਖਤਮ ਕੀਤੇ ਜਾਣ ’ਤੇ ਸ਼ੱਕ ਜ਼ਾਹਰ ਕੀਤਾ। ਇਸ ਸਾਲ 29 ਮਾਰਚ ਨੂੰ ਨੇਹਾ ਸ਼ੋਰੀ ਪਤਨੀ ਵਰੁਣ ਮੌਂਗਾ ਵਾਸੀ ਪੰਚਕੂਲਾ ਦਾ ਮੋਰਿੰਡਾ ਦੇ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀ ਪੀੜਤ ਦੇ ਦਫ਼ਤਰ ਵਿੱਚ ਗਿਆ ਅਤੇ ਦੋ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਜਦੋਂ ਉਹ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਲੋਕਾਂ ਵੱਲੋਂ ਘੇਰਨ ’ਤੇ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ।

ਸੂਤਰਾਂ ਦਾ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵੱਲੋਂ ਤਜਰਬੇਕਾਰ ਵੱਡੇ ਜਾਂਚ ਅਧਿਕਾਰੀ ਨੂੰ ਨੇਹਾ ਕਤਲ ਕਾਂਡ ਦੀ ਪੜਤਾਲ ਸੌਂਪਣ ਤੋਂ ਬਾਅਦ ਰੋਪੜ ਦੇ ਡਿਪਟੀ ਕਮਿਸ਼ਨਰ , ਐਸਐਸਪੀ ਤੋਂ ਲੈ ਕੇ ਡੀਐੱਸਪੀ ,ਐੱਸਐੱਚਓ ਤੇ ਥਾਣੇ ਦੇ ਮੁਨਸ਼ੀ ਤੋਂ ਵੀ ਵਿਜੀਲੈਂਸ ਪੁੱਛ ਗਿੱਛ ਕਰੇਗੀ, ਕਿਉਂਕਿ ਅਸਲਾ ਲਾਇਸੈਂਸ ਬਣਾਉਣ ਦੀ ਅਥਾਰਿਟੀ ਡਿਪਟੀ ਕਮਿਸ਼ਨਰ ਪਾਸ ਹੀ ਹੁੰਦੀ ਹੈ ।ਜਦਕਿ ਚਾਲ ਚੱਲਣ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸਿਫਾਰਸ ਐਸਐਸਪੀ ਨੇ ਕਰਨੀ ਹੁੰਦੀ ਹੈ । ਮਾਮਲਾ ਸ਼ੱਕੀ ਹੈ ਕਿਉਂਕਿ ਚੋਣ ਜ਼ਾਬਤਾ ਲਾਗੂ ਹੁਣ ਤੋਂ ਬਾਅਦ ਇੱਕ ਆਮ ਵਿਅਕਤੀ ਵੱਲੋਂ ਅਸਲਾ ਲਾਇਸੰਸ ਜਾਰੀ ਕਰਵਾਉਣਾ ਤੇ ਅਸਲਾ ਖਰੀਦਣਾ ਮੁਮਕਿਨ ਨਹੀਂ ।