• Home
  • ਸਲਮਾਨ ਖ਼ਾਨ ਦੀ ਮਾਤਾ ਨੇ ਕਿਸ ਨੂੰ ਦਿੱਤਾ ਅਸ਼ੀਰਵਾਦ-ਪੜੋ

ਸਲਮਾਨ ਖ਼ਾਨ ਦੀ ਮਾਤਾ ਨੇ ਕਿਸ ਨੂੰ ਦਿੱਤਾ ਅਸ਼ੀਰਵਾਦ-ਪੜੋ

ਮੁੰਬਈ, (ਖ਼ਬਰ ਵਾਲੇ ਬਿਊਰੋ):ਸੋਨੀ ਟੀਵੀ 'ਤੇ ਕਾਮੇਡੀ ਸਰਕਸ ਤੋਂ ਪਹਿਲਾਂ ਚੱਲ ਰਿਹਾ ਗੀਤਾਂ ਦੇ ਵਣਜਾਰਿਆਂ ਦਾ ਚੱਲ ਰਿਹਾ ਸ਼ੋਅ 'ਇੰਡੀਅਨ ਆਇਡਲ' ਪੂਰੇ ਜਨੂੰਨ 'ਤੇ ਹੈ। ਇਸ ਸ਼ੋਅ 'ਚ ਸ਼ਾਮਲ ਸਾਰੇ ਮੁਕਾਬਲੇਬਾਜ਼ਾਂ ਦੀ ਆਵਾਜ਼ ਕਮਾਲ ਦੀ ਹੈ ਤੇ ਇਹ ਛੋਟੇ ਕਲਾਕਾਰ ਜਦੋਂ ਪੁਰਾਣੇ ਤੇ ਦਿੱਗਜ਼ ਕਲਾਕਾਰਾਂ ਦੇ ਗੀਤ ਗਾਉਂਦੇ ਹਨ ਤਾਂ ਇਹ ਲਗਦਾ ਹੈ ਕਿ ਪੁਰਾਣੇ ਕਲਾਕਾਰ ਹੀ ਪ੍ਰਤੱਖ ਰੂਪ 'ਚ ਸਾਹਮਣੇ ਆ ਗਏ ਹਨ। ਮਹਿਜ਼ 15 ਸਾਲਾਂ ਦੀ ਨਿਲੰਜਨਾ ਜਦੋਂ ਲਤਾ, ਅਨੁਰਾਧਾ ਪੌਡਵਾਲ ਵਰਗੀਆਂ ਮਹਾਨ ਹਸਤੀਆਂ ਦੇ ਗੀਤ ਗਾਉਂਦੀ ਹੈ ਤਾਂ ਸਾਰੇ ਪਾਸਿਉਂ ਵਾਹ ਵਾਹ ਮਿਲਦੀ ਹੈ। ਠੁਮਰੀ ਦਾ ਬਾਦਸ਼ਾਹ ਸੋਮਿਊ ਵੀ ਕਮਾਲ ਕਰ ਰਿਹਾ ਹੈ। ਜਗਰਾਤਾ ਕਲਾਕਾਰ ਨਿਤਨ ਤਾਂ ਭਾਂਤ ਭਾਂਤ ਦੇ ਗੀਤ ਗਾ ਕੇ ਸਭ ਦੇ ਦਿਲ ਜਿੱਤ ਰਿਹਾ ਹੈ।
ਹਰੇਕ ਸ਼ਨੀਵਾਰ ਤੇ ਐਤਵਾਰ 8 ਤੋਂ 10 ਵਜੇ ਤਕ ਚੱਲਣ ਵਾਲੇ ਇਸ ਪ੍ਰ੍ਰੋਗਰਾਮ 'ਚ ਅਕਸਰ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਪਹੁੰਚਦੀਆਂ ਹਨ। ਭਾਵੇਂ ਇਹ ਹਸਤੀਆਂ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਲਈ ਹੀ ਆਉਂਦੀਆਂ ਹਨ ਪਰ ਇਹ ਵੀ ਕਲਾਕਾਰਾਂ ਵਲੋਂ ਪੇਸ਼ ਕਲਾ ਦੇ ਮੁਜ਼ਾਹਰੇ ਨੂੰ ਸੁਣ ਕੇ ਮੂੰਹ 'ਚ ਉਂਗਲੀ ਪਾਉਣ ਤੋਂ ਰੁਕ ਨਹੀਂ ਸਕਦੀਆਂ।

ਪਿਛਲੇ ਸ਼ਨੀਵਾਰ 'ਇੰਡੀਅਨ ਆਇਡਲ' ਦੇ ਸੈਟ 'ਤੇ ਵਿਸ਼ੇਸ਼ ਤੌਰ 'ਤੇ ਸਲਮਾਨ ਖ਼ਾਨ ਆਏ ਜਿਨਾਂ ਦੀ ਫਿਲਮ 'ਲਵ ਯਾਤਰੀ' ਆਉਣ ਵਾਲੀ ਹੈ। ਉਨਾਂ ਆਉਂਦਿਆਂ ਹੀ ਇਥੇ ਸ਼ਾਮਲ ਕਲਾਕਾਰ ਨੂੰ ਆਪਣੀ ਮਾਂ ਦਾ ਸੰਦੇਸ਼ ਦਿੱਤਾ ਤੇ ਕਿਹਾ ਕਿ ਮਾਂ ਨੇ ਕਿਹਾ ਹੈ ਕਿ ਉਹ ਸਭ ਤੋਂ ਸੋਹਣਾ ਗਾਉਂਦਾ ਹੈ। ਇਹ ਕਲਾਕਾਰ ਸੀ 'ਸਲਮਾਨ ਅਲੀ'--ਸਲਮਾਨ ਅਲੀ ਇੰਡੀਅਨ ਆਇਡਲ ਦਾ ਉਹ ਨਗੀਨਾ ਹੈ ਜਿਹੜਾ ਸਾਰੇ ਕਲਾਕਾਰਾਂ ਤੋਂ ਹਟਵਾਂ ਹੈ। ਉਹ ਉਸਤਾਦ ਨੁਸਰਤ ਅਲੀ ਫਤਿਹ ਖ਼ਾਂ ਨੂੰ ਇੰਨੀ ਸਹਿਜ਼ਤਾ ਨਾਲ ਗਾਉਂਦਾ ਹੈ ਕਿ ਸ਼ਰੋਤੇ ਅਸ਼ ਅਸ਼ ਕਰ ਉਠਦੇ ਹਨ। ਉਹ ਜਦੋਂ ਆਪਣੇ ਗੀਤਾਂ 'ਚ ਪੰਜਾਬੀ ਤੜਕਾ ਲਾਉਂਦਾ ਹੈ ਤਾਂ ਪ੍ਰੋਗਰਾਮ ਨੂੰ ਚਾਰ ਚੰਨ ਲੱਗ ਜਾਂਦੇ ਹਨ।
ਸਲਮਾਨ ਅਲੀ ਨੂੰ ਸਲਮਾਨ ਖ਼ਾਨ ਦੀ ਮਾਂ ਦਾ ਆਸ਼ੀਰਵਾਦ ਕੀ ਮਿਲਿਆ, ਉਸ ਨੇ ਸਟੇਜ 'ਤੇ ਧਮਾਲ ਪਾ ਦਿੱਤੀ ਤੇ ਸਲਮਾਨ ਖ਼ਾਨ ਸਮੇਤ ਤਿੰਨੇ ਜੱਜ ਕੁਰਸੀਆਂ ਤੋਂ ਉਠ ਕੇ ਉਸ ਨੂੰ ਸਾਬਾਸ਼ ਦੇਣ ਗਏ।