• Home
  • ਏਸ਼ੀਆਈ ਖੇਡਾਂ ਚ ਪੰਜਾਬ ਦਾ ਨਾਂ ਵੀ “ਸੋਨ ਤਗਮਾ” ਜਿੱਤਣ ਵਾਲਿਆਂ ਚ ਹੋਇਆ ਸ਼ਾਮਿਲ ,ਮਾਨਸਾ ਦੇ ਖਿਡਾਰੀਆਂ ਘਰਾਂ ਚ ਪ੍ਰਸ਼ਾਸਨ ਸਮੇਤ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਭੀੜ

ਏਸ਼ੀਆਈ ਖੇਡਾਂ ਚ ਪੰਜਾਬ ਦਾ ਨਾਂ ਵੀ “ਸੋਨ ਤਗਮਾ” ਜਿੱਤਣ ਵਾਲਿਆਂ ਚ ਹੋਇਆ ਸ਼ਾਮਿਲ ,ਮਾਨਸਾ ਦੇ ਖਿਡਾਰੀਆਂ ਘਰਾਂ ਚ ਪ੍ਰਸ਼ਾਸਨ ਸਮੇਤ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਭੀੜ

ਮਾਨਸਾ (ਖਬਰ ਵਾਲੇ ਬਿਊਰੋ) : ਮਾਨਸਾ ਜ਼ਿਲ੍ਹੇ ਦੇ ਦਲੇਲ ਵਾਲਾ ਅਤੇ ਕਿਸ਼ਨਗੜ੍ਹ ਫਰਵਾਹੀ ਦੇ 2 ਨੌਜਵਾਨਾਂ ਸਵਰਨ ਸਿੰਘ ਅਤੇ ਸੁਖਮੀਤ ਸਿੰਘ ਵੱਲੋਂ 18ਵੀਂ ਏਸ਼ੀਆਈ ਖੇਡਾਂ ਵਿੱਚ ਸੋਨ ਤਮਗੇ ਜਿੱਤਣ 'ਤੇ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੋਹਾਂ ਪਿੰਡਾਂ ਵਿੱਚ ਨਿੱਜੀ ਤੌਰ 'ਤੇ ਜਾ ਕੇ ਜੇਤੂ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਸਹਾਇਕ ਕਮਿਸ਼ਨਰ ਨੇ ਪਰਿਵਾਰਕ ਮੈਂਬਰਾਂ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਦੋਵਾਂ ਪਰਿਵਾਰਾਂ ਨੂੰ ਆਪਣੇ ਦਫ਼ਤਰ ਵਿਖੇ ਸੱਦਾ ਦਿੱਤਾ ਅਤੇ ਚਾਹ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ, ਪੰਜਾਬ ਸੂਬੇ ਅਤੇ ਦੇਸ਼ ਵਾਸੀਆਂ ਲਈ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ ਕਿ ਏਸ਼ੀਅਨ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ ਜ਼ਿਲ੍ਹੇ ਦੇ 2 ਰੋਇੰਗ ਖਿਡਾਰੀਆਂ ਸ਼੍ਰੀ ਸਵਰਨ ਸਿੰਘ ਵਿਰਕ (ਦਲੇਲ ਵਾਲਾ) ਅਤੇ ਸ਼੍ਰੀ ਸੁਖਮੀਤ ਸਿੰਘ (ਕਿਸ਼ਨਗੜ੍ਹ ਫਰਵਾਹੀ) ਨੇ ਸੋਨ ਤਮਗਾ ਦੇਸ਼ ਦੀ ਝੋਲੀ ਵਿੱਚ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਖਿਡਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜਿਸ ਕਾਰਨ ਉਨ੍ਹਾਂ ਨੇ ਕਈ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਰੋਇੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਉਮੀਦ ਜਿਤਾਈ ਕਿ ਦੋਵਾਂ ਖਿਡਾਰੀਆਂ ਤੋਂ ਜ਼ਿਲ੍ਹੇ ਦੇ ਨੌਜਵਾਨ ਪ੍ਰੇਰਣਾ ਲੈ ਕੇ ਆਪਣਾ ਭਵਿੱਖ ਰੁਸ਼ਨਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦਾ ਨਾਮ ਵਿਸ਼ਵ ਦੇ ਨਕਸ਼ੇ 'ਤੇ ਉਕੇਰਨ ਵਾਲੇ ਦੋਵਾਂ ਖਿਡਾਰੀਆਂ ਦਾ ਮਾਨਸਾ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਭਾਰਤ ਪਰਤਣ 'ਤੇ ਪ੍ਰਧਾਨ ਮੰਤਰੀ ਵੱਲੋਂ ਰਾਤ ਦਾ ਖਾਣਾ ਦਿੱਤਾ ਜਾਵੇਗਾ।
ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨੁੱਖ ਵਿੱਚ ਇੱਛਾ ਸ਼ਕਤੀ ਹੋਵੇ ਅਤੇ ਪੂਰੀ ਲਗਨ ਅਤੇ ਉਹ ਮਿਹਨਤ ਨਾਲ ਕਿਸੇ ਉਦੇਸ਼ ਵੱਲ ਤੁਰ ਪਵੇ ਤਾਂ ਮੰਜ਼ਿਲ ਨੂੰ ਸਰ ਕਰਨ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਸਕਦੀ। ਉਨ੍ਹਾਂ ਨੇ ਦੋਵਾਂ ਪਰਿਵਾਰਾਂ ਨੂੰ ਇਨ੍ਹਾਂ ਖਿਡਾਰੀਆਂ ਦੀ ਇਸ ਸਫ਼ਲਤਾ 'ਤੇ ਵਧਾਈ ਦਿੱਤੀ।
ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਬਿਕਰਮਜੀਤ ਸਿੰਘ ਮੋਫ਼ਰ ਨੇ ਵੀ ਦੋਹਾਂ ਪਿੰਡਾਂ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।