• Home
  • ਐਡਵੋਕੇਟ ਜਨਰਲ ਦੇ ਦਫ਼ਤਰ ਵੱਲੋਂ ਕੇਰਲਾ ਰਾਹਤ ਕਾਰਜਾਂ ਲਈ 31 ਲੱਖ ਰੁਪਏ ਦਾ ਯੋਗਦਾਨ-ਰਾਹਤ ਰਾਸ਼ੀ ਦਾ ਚੈੱਕ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ

ਐਡਵੋਕੇਟ ਜਨਰਲ ਦੇ ਦਫ਼ਤਰ ਵੱਲੋਂ ਕੇਰਲਾ ਰਾਹਤ ਕਾਰਜਾਂ ਲਈ 31 ਲੱਖ ਰੁਪਏ ਦਾ ਯੋਗਦਾਨ-ਰਾਹਤ ਰਾਸ਼ੀ ਦਾ ਚੈੱਕ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ

ਚੰਡੀਗੜ੍ਹ, - (ਖ਼ਬਰ ਵਾਲੇ ਬਿਊਰੋ )-
ਕੇਰਲਾ ਦੇ ਹੜ੍ਹ ਰਾਹਤ ਕਾਰਜਾਂ ਲਈ ਮਦਦ ਜੁਟਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਅਪੀਲ 'ਤੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਦਫ਼ਤਰ ਨੇ ਕੇਰਲਾ ਦੇ ਮੁੱਖ ਮੰਤਰੀ ਰਾਹਤ ਫੰਡ ਲਈ 31 ਲੱਖ ਰੁਪਏ ਦਾ ਯੋਗਦਾਨ ਪਾਇਆ।
ਐਡਵੋਕੇਟ ਜਨਰਲ ਦਫ਼ਤਰ ਦੇ ਲਾਅ ਅਫ਼ਸਰਾਂ ਅਤੇ ਹੋਰ ਸਟਾਫ ਦੀ ਤਰਫੋਂ ਇਸ ਰਾਸ਼ੀ ਦਾ ਚੈੱਕ ਅੱਜ ਦੁਪਹਿਰ ਇੱਥੇ ਪੰਜਾਬ ਭਵਨ ਵਿਖੇ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਦਸ ਕਰੋੜ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਸੀ ਜਿਸ ਵਿੱਚ ਮੁੱਖ ਮੰਤਰੀ ਰਾਹਤ ਫੰਡ ਤੋਂ ਪੰਜ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ 150 ਮੀਟਰਕ ਟਨ ਦੀ ਰਾਹਤ ਸਮੱਗਰੀ ਚਾਰ ਜਹਾਜ਼ਾਂ ਰਾਹੀਂ ਭੇਜੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਬਾਕੀਆਂ ਨੂੰ ਵੀ ਕੇਰਲਾ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਕਿਉਂ ਜੋ ਕੇਰਲਾ ਵਾਸੀ ਮਾਰੂ ਹੜ੍ਹਾਂ ਕਾਰਨ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਈ.ਏ.ਐਸ. ਅਧਿਕਾਰੀ ਬਸੰਤ ਗਰਗ ਨਾਲ ਅਧਿਕਾਰੀਆਂ ਦੀ ਇਕ ਟੀਮ ਤਿਰੁਵਨੰਤਪੁਰਮ ਵਿਖੇ ਪਹਿਲਾਂ ਹੀ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਰਾਹਤ ਕਾਰਜਾਂ ਬਾਰੇ ਕੇਰਲਾ ਸਰਕਾਰ ਨਾਲ ਤਾਲਮੇਲ ਬਿਠਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਕੇਰਲਾ ਪ੍ਰਸ਼ਾਸਨ ਦੀ ਮੰਗ 'ਤੇ ਹੋਰ ਰਾਹਤ ਸਮੱਗਰੀ ਵੀ ਭੇਜੀ ਜਾਵੇਗੀ। ਕੇਰਲਾ ਹੜ੍ਹ ਰਾਹਤ ਕਾਰਜਾਂ ਲਈ ਪੰਜਾਬ ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੀ ਇਕ-ਇਕ ਮਹੀਨੇ ਦੀ ਤਨਖ਼ਾਹ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਆਈ.ਏ.ਐਸ. ਐਸੋਸੀਏਸ਼ਨ ਨੇ ਵੀ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ।