• Home
  • ਕਰਨ ਸਿੰਘ ਵੱਲੋਂ “ਯੂ ਟਰਨ” ਸ਼ੱਕੀ ? ਸੁਖਬੀਰ ਬਾਦਲ ਨੇ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰੀ ਲਈ ਕਿਉਂ ਦਿੱਤਾ ਜਵਾਬ? -ਪੜ੍ਹੋ ਨਿਰੰਕਾਰੀਆਂ ਦੇ ਸਬੰਧਾਂ ਦਾ ਖੁਲਾਸਾ

ਕਰਨ ਸਿੰਘ ਵੱਲੋਂ “ਯੂ ਟਰਨ” ਸ਼ੱਕੀ ? ਸੁਖਬੀਰ ਬਾਦਲ ਨੇ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰੀ ਲਈ ਕਿਉਂ ਦਿੱਤਾ ਜਵਾਬ? -ਪੜ੍ਹੋ ਨਿਰੰਕਾਰੀਆਂ ਦੇ ਸਬੰਧਾਂ ਦਾ ਖੁਲਾਸਾ

ਚੰਡੀਗੜ੍ਹ: ਪਿਛਲੇ ਦਿਨੀਂ ਆਰ ਟੀ ਏ ਹੁਸ਼ਿਆਰਪੁਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰੀ ਤੇ ਹੱਕ ਜਿਤਾਉਣ ਵਾਲੇ ਕਰਨ ਸਿੰਘ ਵੱਲੋਂ ਕੁਝ ਦਿਨ ਫ਼ਤਹਿਗੜ੍ਹ ਹਲਕੇ ਚ ਅਕਾਲੀ ਆਗੂਆਂ ਨਾਲ ਮੀਟਿੰਗਾ ਕਰਨ ਤੋਂ ਬਾਅਦ ਵਾਪਿਸ ਸਰਕਾਰੀ ਨੌਕਰੀ ਤੇ ਪਰਤਣ ਦੀ ਮਾਰੀ ਗਈ "ਯੂ ਟਰਨ" ਨੇ ਰਾਜਸੀ ਹਲਕਿਆਂ ਨੂੰ ਇੱਕ ਵਾਰ ਅਚੰਭੇ ਚ ਪਾ ਦਿੱਤਾ ਹੈ।
ਭਾਵੇਂ ਕਿ ਕਰਨ ਸਿੰਘ ਵੱਲੋਂ ਇਸ ਦਾ ਕਾਰਨ ਅਸਤੀਫ਼ੇ ਚ ਉਸ ਦੇ ਤਕਨੀਕੀ ਨੁਕਸ ਦਾ ਹੋਣਾ ਦੱਸ ਰਹੇ ਹਨ।

ਪਰ ਅਸਲ ਕਹਾਣੀ ਕੁਝ ਹੋਰ ਹੀ ਹੈ । ਸੂਤਰਾਂ ਅਨੁਸਾਰ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਤਿਹਗੜ੍ਹ ਸਾਹਿਬ (ਰਿਜਰਵ) ਤੋਂ ਉਮੀਦਵਾਰੀ ਲਈ ਮਰਹੂਮ ਅਕਾਲੀ ਆਗੂ ਅਜੈਬ ਸਿੰਘ ਸੰਧੂ ਅਤੇ ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਦੇ ਸਪੁੱਤਰ ਹਰਮੋਹਨ ਸਿੰਘ ਸੰਧੂ ਨੂੰ ਐਸ ਐਸ ਪੀ ਦੇ ਅਹੁਦੇ ਤੋਂ ਅਸਤੀਫਾ ਦਿਵਾਇਆ ਸੀ । ਪਰ ਬਾਅਦ ਵਿੱਚ ਸੁਖਬੀਰ ਬਾਦਲ ਵੱਲੋ ਸੰਕਟ ਸਮੇਂ ਅਕਾਲੀ ਦਲ ਦਾ ਪ੍ਰਭਾਵ ਬਣਾਉਣ ਲਈ ਇੱਕ ਹੋਰ ਅਧਿਕਾਰੀ ਕਰਨ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਹੀ ਉਮੀਦਵਾਰੀ ਲਈ ਨੌਕਰੀ ਤੋਂ ਅਸਤੀਫਾ ਦਵਾਇਆ। ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਬਾਦਲ ਦੇ ਕਾਰਪੋਰੇਟ ਸਲਾਹਕਾਰਾਂ ਵੱਲੋਂ ਦਿੱਤੀ ਗਈ ਸਲਾਹ ਤੋਂ ਬਾਅਦ ਹੀ ਕਰਨ ਸਿੰਘ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਸੀ ਕਿਓ ਕਿ ਕਰਨ ਸਿੰਘ ਦੀ ਟਿਕਟ ਨਿਰੰਕਾਰੀ ਮਿਸ਼ਨ ਦੇ ਗੁਪਤ ਕੋਟੇ ਚੋਂ ਸੀ ਅਤੇ ਦੂਸਰਾ ਕਾਂਗਰਸ ਦੇ ਇਸੇ ਹਲਕੇ ਤੋਂ ਉਮੀਦਵਾਰੀ ਦਾ ਦਾਅਵਾ ਰੱਖਦੇ ਡਾ ਅਮਰ ਸਿੰਘ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਦੇ ਮੁਕਾਬਲੇ ਕਰਨ ਸਿੰਘ ਹੀ ਕਾਟ ਦੇ ਸਕਦਾ ਸੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਡਾਕਟਰ ਅਮਰ ਸਿੰਘ ਵਾਲੀ ਹੀ ਬਰਾਦਰੀ ਨਾਲ ਸਬੰਧਿਤ ਸੀ ।

। ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਚੋਂ ਕਿਸੇ ਨੇ ਇਹ ਸਲਾਹ ਦਿੱਤੀ ਕਿ ਜੇਕਰ ਦੌਰਾਨ ਨਿਰੰਕਾਰੀ ਮਿਸ਼ਨ ਦਾ ਮੁੱਦਾ ਮੀਡੀਆ ਨੇ ਚੁੱਕ ਲਿਆ ਤਾਂ ਹਾਲਾਤ ਹੋਰ ਪਤਲੇ ਹੋ ਜਾਣਗੇ ।ਦੱਸਿਆ ਜਾਂਦਾ ਹੈ ਕਿ ਅਜਿਹੇ ਮਾਮਲਿਆਂ ਚ ਹੁਣ ਫੂਕ -ਫੂਕ ਕੇ ਪੈਰ ਧਰ ਰਹੇ ਸੁਖਬੀਰ ਸਿੰਘ ਬਾਦਲ ਨੇ ਕਰਨ ਸਿੰਘ ਨੂੰ ਚੋਣ ਲੜਾਉਣ ਤੋਂ ਨਾ ਕਰ ਦਿੱਤੀ ਤਾਂ ਕਿ ਬਾਦਲ ਦਲ ਇਕ ਹੋਰ ਨਵੇਂ ਵਿਵਾਦ ਵਿਚ ਨਾ ਫਸ ਜਾਵੇ ।

ਭਾਵੇਂ ਕਿ ਪਹਿਲਾਂ ਹੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਮੰਗਾਉਣਾ ਆਦਿ ਮਾਮਲਿਆਂ ਚ ਘਿਰਿਆ ਹੋਇਆ ਹੈ । ਪਰ ਨਿਰੰਕਾਰੀ ਨਰੰਜਨ ਸਿੰਘ ਦੇ ਚਚੇਰੇ ਭਰਾ ਕਰਨ ਸਿੰਘ ਨੂੰ ਉਮੀਦਵਾਰ ਬਣਾਉਣ ਤੇ ਅਕਾਲੀ ਦਲ ਵਿਰੁੱਧ ਨਿਰੰਕਾਰੀਆਂ ਨੂੰ ਪੰਥਕ ਪਾਰਟੀ ਅਕਾਲੀ ਦਲ ਦੀ ਟਿਕਟ ਦੇਣ ਦਾ ਮੁੱਦਾ ਜ਼ਰੂਰ ਭੱਖਣਾ ਸੀ ।
ਕੌਣ ਹੈ ਕਰਨ ਸਿੰਘ ! ਕੀ ਹੈ ਨਿਰੰਕਾਰੀਆਂ ਨਾਲ ਸੰਬੰਧ ?
ਆਮ ਲੋਕ ਕਰਨ ਸਿੰਘ ਨੂੰ ਇਸ ਲਈ ਜ਼ਿਆਦਾ ਜਾਣਦੇ ਹਨ ਕਿ ਉਹ ਲਗਾਤਾਰ ਕਈ ਸਾਲ ਬਾਦਲ ਰਾਜ ਦੇ ਕਾਰਜਕਾਲ ਦੌਰਾਨ ਮੁਹਾਲੀ ਦੇ ਡੀਟੀਓ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਹਲਕਾ ਸ਼ੁਤਰਾਣਾ ਤੋਂ ਅਕਾਲੀ ਦਲ ਦੀ ਵਿਧਾਇਕਾ ਵਨਿੰਦਰ ਕੌਰ ਲੂੰਬਾ ਸੀ ।
ਡੂੰਘਾਈ ਨਾਲ ਇਨ੍ਹਾਂ ਦੇ ਪਰਿਵਾਰ ਦੇ ਪਿਛੋਕੜ ਤੇ ਝਾਤੀ ਮਾਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਕਰਨ ਸਿੰਘ ਦੇ ਪਿਤਾ ਭਾਗ ਸਿੰਘ 1957 ਚ ਉਸ ਸਮੇਂ ਰਾਏਕੋਟ ਹਲਕੇ ਤੋਂ ਵਿਧਾਇਕ ਰਹੇ ਹਨ ,ਜਦੋਂ ਪੰਜਾਬ ਚ ਅਕਾਲੀ ਦਲ ਤੇ ਕਾਂਗਰਸ ਦੀ ਗੂੜੀ ਸਾਂਝ ਸੀ । ਭਾਗ ਸਿੰਘ ਦੇ ਵੱਡੇ ਭਰਾ ਦਲੀਪ ਸਿੰਘ ਦੇ ਸਪੁੱਤਰ ਨਿਰੰਜਨ ਸਿੰਘ ਸਾਬਕਾ ਆਈ ਏ ਐੱਸ ਹਨ, ਜਿਹੜੇ ਕਿ ਨਿਰੰਕਾਰੀ ਮਿਸ਼ਨ ਦੇ ਉੱਤਰੀ ਭਾਰਤ ਦੇ ਮਾਮਲਿਆਂ ਨੂੰ ਦੇਖਦੇ ਹਨ ।

1981 ਚ ਕਾਂਗਰਸ ਦੀ ਸਰਕਾਰ ਦੌਰਾਨ ਬੇਅੰਤ ਸਿੰਘ ਦੇ ਮਾਲ ਮੰਤਰੀ ਹੁੰਦਿਆਂ ਨਿਰੰਕਾਰੀ ਨਿਰੰਜਨ ਸਿੰਘ ਰੈਵੀਨਿਊ ਵਿਭਾਗ ਦੇ ਸਕੱਤਰ ਸਨ ,ਉਸ ਸਮੇਂ ਉਸ ਤੇ ਖਾੜਕੂਆਂ ਨੇ ਚੰਡੀਗੜ੍ਹ ਵਿਖੇ ਉਸ ਸਮੇਂ ਉਸ ਤੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਦਫਤਰ ਦੀਆਂ ਪੌੜੀਆਂ ਚੜ੍ਹ ਰਿਹਾ ਸੀ । ਇਸ ਸਮੇਂ ਨਿਰੰਜਨ ਸਿੰਘ ਦਾ ਛੋਟਾ ਭਰਾ ਸੁਰਿੰਦਰ ਸਿੰਘ ਜੋ ਕਿ ਯੂ ਪੀ ਐੱਸ ਸੀ ਦੀ ਪ੍ਰੀਖਿਆ ਅਜੇ ਦੇ ਕੇ ਹੀ ਹਟਿਆ ਸੀ , ਜਿਸ ਦੀ ਹਮਲਾਵਰਾਂ ਨਾਲ ਹੱਥੋਂ ਪਾਈ ਹੋਣ ਤੋਂ ਬਾਅਦ ਹਮਲਾਵਰਾਂ ਨੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਨਿਰੰਜਨ ਸਿੰਘ ਨੂੰ ਵੱਡੀ ਸੁਰੱਖਿਆ ਛੱਤਰੀ ਵੀ ਮਿਲੀ ਰਹੀ । 1998 ਸਾਲ ਚ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਨਾਲ ਮੀਟਿੰਗ ਕਰਕੇ ਨਿਰੰਕਾਰੀ ਮਿਸ਼ਨ ਦੀ ਅਕਾਲੀ ਦਲ ਨੂੰ ਹਮਾਇਤ ਦਿਵਾਉਣ ਲਈ ਨਰੰਜਨ ਸਿੰਘ ਵਿਚੋਲਾ ਬਣਿਆ ਕਿਉਂਕਿ ਨਰੰਜਨ ਸਿੰਘ ਇਹ ਚਾਹੁੰਦਾ ਸੀ ਕਿ ਨਿਰੰਕਾਰੀ ਮਿਸ਼ਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵਾਪਸ ਲਿਆ ਜਾਵੇ ।ਜਿਸ ਤੋਂ ਬਾਅਦ ਜਥੇਦਾਰ ਟੌਹੜਾ ਨੇ ਅਕਾਲ ਤਖ਼ਤ ਦੇ ਮਾਮਲੇ ਤੇ ਕੋਰੀ ਨਾਂਹ ਵੀ ਕਰ ਦਿੱਤੀ ਸੀ ।ਅਤੇ ਫਿਰ ਲੋਕ ਸਭਾ ਚੋਣਾਂ ਦੌਰਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਟਿਆਲਾ ਵਿਖੇ ਨਿਰੰਕਾਰੀ ਭਵਨ ਚ ਲਿਜਾਣ ਵਾਲਾ ਵੀ ਨਿਰੰਜਨ ਸਿੰਘ ਹੀ ਸੀ । ਉਸ ਸਮੇਂ ਅਕਾਲੀ ਦਲ ਦੀ ਸਰਕਾਰ ਆਉਣ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਨਿਰੰਜਨ ਸਿੰਘ ਨੂੰ ਮਾਣ ਤਾਣ ਵਾਲੇ ਅਹੁਦਿਆਂ ਤੇ ਰੱਖਿਆ । ਸੇਵਾ ਮੁਕਤ ਹੋਣ ਤੋਂ ਬਾਅਦ ਪਹਿਲਾਂ ਨਿਰੰਜਨ ਸਿੰਘ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਵੀ ਸਥਾਪਤ ਕੀਤਾ ਗਿਆ ਤੇ ਉਸ ਤੋਂ ਬਾਅਦ ਨਿਰੰਕਾਰੀ ਨਿਰੰਜਨ ਸਿੰਘ ਨੇ ਜਿੱਥੇ ਨਿਰੰਕਾਰੀ ਮਿਸ਼ਨ ਦੀ ਉੱਤਰੀ ਭਾਰਤ ਦੇ ਮਾਮਲਿਆਂ ਦੀ ਵਾਗਡੋਰ ਸੰਭਾਲੀ ਹੋਈ ਹੈ ਉੱਥੇ ਹੀ ਪ੍ਰਚਾਰਕ ਵੀ ਹੈ । ਸੂਤਰਾਂ ਅਨੁਸਾਰ ਵੱਖ ਵੱਖ ਸੂਬਿਆਂ ਚ ਰਾਜਨੀਤਿਕ ਪਾਰਟੀਆਂ ਨਾਲ ਨਿਰੰਕਾਰੀ ਮਿਸ਼ਨ ਦੀਆਂ ਮੀਟਿੰਗਾਂ ਕਰਨ ਚ ਨਿਰੰਜਨ ਸਿੰਘ ਹੀ ਕੜੀ ਬਣਦਾ ਹੈ । ਨਿਰੰਜਨ ਸਿੰਘ ਦੀ ਪਤਨੀ ਜੋਗਿੰਦਰ ਕੌਰ ਵੀ ਨਿਰੰਕਾਰੀ ਮਿਸ਼ਨ ਚ ਮੋਹਰੀ ਰੋਲ ਹੋ ਕੇ ਰੋਲ ਦਾ ਕਰਦੇ ਹਨ ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਅਕਾਲੀ ਸਰਕਾਰ ਚ ਨਿਰੰਜਨ ਸਿੰਘ ਨੇ ਹੀ ਕਰਨ ਸਿੰਘ ਦੀ ਪਤਨੀ ਵਨਿੰਦਰ ਕੌਰ ਲੂੰਬਾ ਨੂੰ ਅਕਾਲੀ ਦਲ ਦੀ ਟਿਕਟ ਦਿਵਾਈ ਸੀ ।