• Home
  • “ਪ੍ਰੈੱਸ ਰੂਮ”ਕਿਤਾਬ ਨੂੰ ਮੋਹਨ ਲਾਲ ਫਿਲੌਰੀਆ ਦੀ ਅਗਵਾਈ ਚ ਲੇਖਕਾਂ ਨੇ ਕੀਤਾ ਲੋਕ ਅਰਪਣ

“ਪ੍ਰੈੱਸ ਰੂਮ”ਕਿਤਾਬ ਨੂੰ ਮੋਹਨ ਲਾਲ ਫਿਲੌਰੀਆ ਦੀ ਅਗਵਾਈ ਚ ਲੇਖਕਾਂ ਨੇ ਕੀਤਾ ਲੋਕ ਅਰਪਣ

ਜਲੰਧਰ, 28 ਅਪ੍ਰੈਲ , ਪੰਜਾਬੀ ਸਾਹਿਤ ਸਭਾ ਜਲੰਧਰ ਵਲੋਂ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਕਿਤਾਬ ਪ੍ਰੈਸ ਰੂਮ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਮੋਹਨ ਲਾਲ ਫਿਲੋਰੀਆ, ਨਿਰੰਜਨ ਸਿੰਘ ਸਾਥੀ,ਹਰਮੀਤ ਸਿੰਘ ਅਟਵਾਲ, ਡਾਕਟਰ ਸੰਗਤ ਰਾਮ ਅਤੇ ਚਰਨ ਸੀਚੇਵਾਲ ਆਦਿ ਪੰਜਾਬੀ ਸਾਹਿਤ ਦੀਆਂ ਨਾਮਵਰ ਹਸਤੀਆਂ ਵਲੋਂ ਲੋਕ ਅਰਪਣ ਕੀਤੀ ਗਈ । ਇਸ ਮੌਕੇ ਮੋਹਨ ਲਾਲ ਫਿਲੋਰੀਆ ਨੇ ਕਿਹਾ ਕਿ ਇਸ ਕਿਤਾਬ ਨਾਲ ਪੰਜਾਬ ਦੀ ਸਮੁੱਚੀ ਪ੍ਰੈਸ ਅਤੇ ਸਿਆਸਤ ਬਾਰੇ ਬਹੁਤ ਕੁਝ ਪਤਾ ਚਲਦਾ ਹੈ । ਕਿਤਾਬ ਦੇਸ਼ ਦੇ ਮੀਡੀਆ ਨੂੰ ਵੀ ਸਮੇਂ ਸਿਰ ਜਾਗਣ ਦਾ ਹੋਕਾ ਦਿੰਦੀ ਹੈ । ਸੂਬੇ ਅੰਦਰ ਹਿੰਦੀ ਅਖਬਾਰਾਂ ਦਾ ਵਧਣਾ ਫੁਲਣਾ ਪੰਜਾਬੀ ਅਖਬਾਰਾਂ ਲਈ ਚਿੰਤਾ ਦਾ ਵਿਸ਼ਾ ਹੈ ।
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਪੰਜਾਬੀ ਮੀਡੀਆ ਦੇ 150 ਸਾਲਾ ਇਤਿਹਾਸ ਚ ਕਰੀਬ 14 ਕਿਤਾਬਾਂ ਆਈਆਂ, ਪਰ ਮੀਡੀਆ ਦੇ ਵਿਵਹਾਰ ਨੂੰ ਲੈਕੇ ਇਹ ਇਕ ਨਿਵੇਕਲੀ ਪੁਸਤਕ ਹੈ । ਇਹ ਪੁਸਤਕ ਨਵੇਂ ਪੱਤਰਕਾਰਾਂ ਲਈ ਖਾਸ ਕਰਕੇ ਪੱਤਰਕਾਰੀ ਕੋਰਸ ਲਈ ਬਹੁਤ ਲਾਹੇਵੰਦ ਸਾਬਤ ਹੋਏਗੀ ।
ਨਿਰੰਜਨ ਸਿੰਘ ਸਾਥੀ ਨੇ ਕਿਹਾ ਕਿ ਪੰਜਾਬੀ ਦੀਆਂ ਬਹੁਤ ਸਾਰੀਆਂ ਅਖਬਾਰਾਂ ਨੇ ਸਮਾਜ ਚ ਯੋਗਦਾਨ ਪਾਇਆ ਹੈ । ਉਹਨਾਂ ਅਖਬਾਰਾਂ ਦੇ ਵਿਕਾਸ ਤੇ ਵੀ ਬਹੁਤ ਕੁਝ ਲਿਖਣ ਦੀ ਲੋੜ ਹੈ ।
ਇਸ ਮੌਕੇ ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਨੇ ਕਿਹਾ ਕਿ ਇਹ ਕਿਤਾਬ ਸਿਰਫ ਪੱਤਰਕਾਰਾਂ ਨੂੰ ਹੀ ਸਾਰਿਆਂ ਨੂੰ ਪੜਨੀ ਚਾਹੀਦੀ ਹੈ । ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਕਿਤਾਬ ਤੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ ।
ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ । ਜਿਸ ਵਿਚ ਚਰਨ ਸੀਚੇਵਾਲ, ਸੰਗਤ ਰਾਮ, ਜਸਪਾਲ ਜ਼ੀਰਵੀ, ਜਗਦੀਸ਼ ਰਾਣਾ ਅਤੇ ਪ੍ਰਦੀਪ ਥਿੰਦ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨਿਆ ।