• Home
  • ਸਲੇਮਪੁਰੀ ਦੀ ਚੂੰਢੀ- ਡਾ:ਅੰਬੇਦਕਰ ਨੂੰ ਸਮਰਪਿਤ!

ਸਲੇਮਪੁਰੀ ਦੀ ਚੂੰਢੀ- ਡਾ:ਅੰਬੇਦਕਰ ਨੂੰ ਸਮਰਪਿਤ!

ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਬੀ.ਆਰ.ਅੰਬੇਦਕਰ ਦਾ ਜਨਮ ਦਿਹਾੜਾ ਹੈ। ਡਾ: ਅਬੇਦਕਰ ਨੂੰ ਨਵ-ਭਾਰਤ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਮ ਤੌਰ ਤੇ ਉਨਾਂ ਨੂੰ ਸ਼ਰਾਰਤੀ ਤੇ ਚਲਾਕ ਲੋਕ ਕੇਵਲ ਦਲਿਤਾਂ ਨਾਲ ਜੋੜਕੇ ਪੇਸ਼ ਕਰਦੇ ਹਨ,ਜਦੋਂ ਕਿ ਸੱਚ ਇਹ ਹੈ ਕਿ ਉਹ ਦੇਸ਼ ਅਤੇ ਦੇਸ਼ ਦੇ ਹਰੇਕ ਵਿਅਕਤੀ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਸਨ,ਇਸ ਕਰਕੇ ਉਨਾ ਨੇ ਦੇਸ਼ ਦਾ ਸੰਵਿਧਾਨ ਬਣਾਉਣ ਤੋਂ ਪਹਿਲਾਂ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦਾ ਅਧਿਅਐਨ ਕਰਕੇ ਭਾਰਤੀ ਸੰਵਿਧਾਨ ਦੀ ਵਿਲੱਖਣ ਸਿਰਜਣਾ ਕੀਤੀ ,ਕਿਉਂਕਿ ਸੰਸਾਰ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀਆਂ ਆਰਥਿਕ ,ਸਮਾਜਿਕ ,ਧਾਰਮਿਕ ਅਤੇ ਭਾਸ਼ਾਈ ਪ੍ਸਥਿਤੀਆਂ ਬਿਲਕੁਲ ਭਿੰਨ ਸਨ,ਜੋ ਹੁਣ ਵੀ ਭਿੰਨ ਹਨ।ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਕੇਵਲ ਅਮੀਰ-ਗਰੀਬ ਦੀ ਲੜਾਈ ਹੈ,ਪਰ ਭਾਰਤ ਵਿਚ ਆਰਥਿਕ ਭਿੰਨਤਾ ਦੇ ਨਾਲ ਜਾਤ-ਪਾਤ ਤੇ ਊਚ-ਨੀਚਤਾ ਦੀ ਭਿੰਨਤਾ ਜਿਆਦਾ ਮਜ਼ਬੂਤੀ ਨਾਲ ਪਾਈ ਜਾ ਰਹੀ।

ਜੇ ਕੋਈ ਅਖੌਤੀ ਦਲਿਤ ਆਪਣੀ ਮਿਹਨਤ ਸਦਕਾ ਅਮੀਰਾਂ ਦੀ ਸੂਚੀ ਵਿੱਚ ਆ ਜਾਂਦਾ ਹੈ,ਤਾਂ ਵੀ ਜਾਤ-ਪਾਤ ਦਾ ਕੋਹੜ ਸਵਿਆਂ ਤੱਕ ਨਾਲ ਜਾਂਦਾ ਹੈ। ਦੇਸ਼ ਵਿਚ ਅਜੇ ਵੀ ਮਨੂ-ਸਿਮਰਤੀ ਵਿਧਾਨ ਲਾਗੂ ਹੋਣ ਕਰਕੇ ਇਥੇ ਦੇਸ਼ ਦੇ ਸ਼ਹੀਦਾਂ ਨਾਲ ਜਾਤ-ਪਾਤ ਦਾ ਵਿਤਕਰਾ ਜਾਰੀ ਹੈ,ਇਸੇ ਕਰਕੇ ਜਦੋਂ ਜੰਮੂ-ਕਸ਼ਮੀਰ ਵਿੱਚ ਕੁਝ ਮਹੀਨੇ ਪਹਿਲਾਂ ਸੀ.ਆਰ.ਪੀ.ਐਫ.ਦੇ 40 ਜਵਾਨ ਸ਼ਹੀਦ ਹੋ ਗਏ ਸਨ,ਵਿੱਚ ਇਕ ਸ਼ਹੀਦ ਦਾ ਅੰਤਿਮ ਸਸਕਾਰ ਉਸ ਦੇ ਪਿੱਤਰੀ ਪਿੰਡ ਦੇ ਲੋਕਾਂ ਨੇ ਰੋਕਿਆ ਸੀ,ਕਿਉਂਕਿ ਉਹ ਦਲਿਤ ਸੀ। ਮਨੂ-ਸਿਮਰਤੀ ਵਿਧਾਨ ਲਾਗੂ ਹੋਣ ਕਰਕੇ ਅਜਾਦੀ ਦੇ 72 ਸਾਲ ਬਾਦ ਵੀ ਦੇਸ਼ ਦਾ ਪ੍ਧਾਨ ਕੋਈ ਦਲਿਤ ਨਹੀਂ ਬਣ ਸਕਿਆ। ਦੇਸ਼ ਦੇ ਰਾਜਾਂ ਵਿਚ ਰਾਜਪਾਲ ,ਮੁੱਖ-ਮੰਤਰੀ,ਡੀ.ਜੀ.ਪੀ. ਮੁੱਖ-ਸਕੱਤਰ ,ਅਹਿਮ ਅਹੁਦਿਆਂ ਦੇ ਮੁਖੀ,ਵੱਡੇ ਤੇ ਕਮਾਈ ਵਾਲੇ ਜ਼ਿਲਿਆਂ ਦੇ ਡੀ.ਸੀ.ਤੇ ਪੁਲਿਸ ਮੁਖੀ ਲਗਾਉਣ ਤੋਂ ਪਹਿਲਾਂ ਵੀ ਉਸ ਦੀ ਜਾਤ ਤੇ ਧਰਮ ਵੇਖਿਆ ਜਾਂਦਾ ਹੈ।

ਅੱਜ ਦੇਸ਼ ਤੇ ਦੇਸ਼ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸੰਵਿਧਾਨ ਨੂੰ ਸੁਰੱਖਿਅਤ ਰੱਖਣਾ ਬਹੁਤ ਜਰੂਰੀ ਹੈ।ਭਾਰਤੀ ਸੰਵਿਧਾਨ ਘੱਟ-ਗਿਣਤੀ ਤੇ ਦਲਿਤਾਂ ਦੀ ਰੱਖਿਆ ਦੇ ਨਾਲ-ਨਾਲ ਸਮੁੱਚੇ ਦੇਸ਼ ਦੀ ਰਾਖੀ ਕਰਦਾ ਹੈ। ਦੇਸ਼ ਦੀਆਂ ਔਰਤਾਂ ਨੂੰ ਡਾ:ਅੰਬੇਦਕਰ ਦਾ ਰਿਣੀ ਹੋਣਾ ਚਾਹੀਦਾ,ਜਿਸ ਕਰਕੇ ਉਨਾਂ ਨੂੰ ਮਰਦਾਂ ਦੇ ਬਰਾਬਰ ਹੱਕ ਮਿਲੇ ਤੇ ਉਹ ਰਾਸ਼ਟਰਪਤੀ,ਪ੍ਧਾਨ-ਮੰਤਰੀ,ਮੁੱਖ-ਮੰਤਰੀ ,ਰਾਜਪਾਲ, ਡੀ.ਸੀ. ਬਣਨ ਲੱਗੀਆਂ ਹਨ,ਕਿਉਂਕਿ ਇਸ ਤੋਂ ਪਹਿਲਾਂ ਦੇਸ਼ ਵਿਚ ਪੂਰੀ ਤਰਾਂ ਮਨੂ-ਸਿਮਰਤੀ ਵਿਧਾਨ ਲਾਗੂ ਹੋਣ ਕਰਕੇ ਔਰਤ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਹੱਕਾਂ ਤੋਂ ਵੰਚਿਤ ਕੀਤਾ ਹੋਇਆ ਸੀ। ਡਾ:ਅੰਬੇਦਕਰ ਨੇ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਕੇ ਮਨੂ-ਸਿਮਰਤੀ ਵਿਧਾਨ ਨੂੰ ਖਤਮ ਕਰ ਦਿੱਤਾ ਸੀ,ਪਰ ਹੁਣ ਫਿਰ ਦੇਸ਼ ਵਿਚ ਭਾਰਤੀ ਸੰਵਿਧਾਨ ਦੀ ਥਾਂ ਮਨੂ-ਸਿਮਰਤੀ ਨੂੰ ਲਾਗੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ,ਜੋ ਦੇਸ਼ ਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਨਹੀਂ ਹੈ।ਅੱਜ ਡਾ: ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਦੇਸ਼ ਤੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਸੰਵਿਧਾਨ ਦੀ ਰੱਖਿਆ ਕੀਤੀ ਜਾਵੇ।

-ਸੁਖਦੇਵ ਸਲੇਮਪੁਰੀ
ਮੋਬਾਈਲ ਨੰ:9780620233