• Home
  • ਪੰਜਾਬੀ ਬੱਚਿਆਂ ਲਈ ਬਦੇਸ਼ਾਂ ਚ ਪੰਜਾਬ ਤੇ ਪੰਜਾਬੀਅਤ ਬਾਰੇ ਅੰਗਰੇਜ਼ੀ ਚ ਪੁਸਤਕਾਂ ਵੱਡੀ ਲੋੜ- ਭੱਠਲ

ਪੰਜਾਬੀ ਬੱਚਿਆਂ ਲਈ ਬਦੇਸ਼ਾਂ ਚ ਪੰਜਾਬ ਤੇ ਪੰਜਾਬੀਅਤ ਬਾਰੇ ਅੰਗਰੇਜ਼ੀ ਚ ਪੁਸਤਕਾਂ ਵੱਡੀ ਲੋੜ- ਭੱਠਲ

ਲੁਧਿਆਣਾ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ,ਸਭਿਆਚਾਰਕ ਸੱਥ ਬੇਕਰਜਫੀਲਡ(ਅਮਰੀਕਾ) ਦੇ ਪ੍ਰਧਾਨ ਤੇ ਅਗਾਂਹਵਧੂ ਸੋਚ ਧਾਰਾ ਦੇ ਸਮਾਜਿਕ ਆਗੂ ਅਜੀਤ ਸਿੰਘ ਭੱਠਲ ਨੇ ਆਪਣੀ ਇੱਕ ਮਹੀਨਾ ਲੰਮੀ ਭਾਰਤ ਫੇਰੀ ਉਪਰੰਤ ਵਾਪਸ ਅਮਰੀਕਾ ਪਰਤਦਿਆਂ ਲੁਧਿਆਣਾ ਚ ਕਿਹਾ ਹੈ ਕਿ ਹੁਣ ਬਦੇਸ਼ਾਂ ਚ ਜੰਮਪਲ ਬੱਚਿਆਂ ਲਈ ਪੰਜਾਬ ਤੇ ਪੰਜਾਬੀਅਤ ਨਾਲ ਸਬੰਧਿਤ ਸਾਹਿੱਤ, ਇਤਿਹਾਸ ਤੇ ਸਭਿਆਚਾਰ ਬਾਰੇ ਕਿਤਾਬਾਂ ਅੰਜਰੇਜ਼ੀ ਵਿੱਚ ਅਨੁਵਾਦ ਕਰਕੇ ਪਹੁੰਚਾਉਣ ਦੀ ਲੋੜ ਹੈ। ਵਿਗਿਆਨਕ ਤੇ ਨਵੀਨਤਮ ਤਕਨਾਲੋਜੀ ਵਿਧੀ ਦੀ ਵਰਤੋਂ ਨਾਲ ਸਿਰਫ਼ ਧਾਰਮਿਕ ਸਾਹਿੱਤ ਹੀ ਨਹੀਂ ਸਗੋਂ ਪੰਜਾਬ ਨਾਲ ਸਬੰਧਿਤ ਬੁਨਿਆਦੀ ਗਿਆਨ ਵੀ ਲਘੂ ਫ਼ਿਲਮਾਂ, ਈ ਬੁੱਕਸ ਤੇ ਹੋਰ ਮਾਧਿਅਮਾਂ ਨਾਲ ਤਿਆਰ ਕਰਨ ਦੀ ਲੋੜ ਹੈ।
ਸ: ਭੱਠਲ ਨੇ ਕਿਹਾ ਕਿ ਪੰਜਾਬੀ ਬੱਚਿਆਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸ: ਕਰਮ ਸਿੰਘ ਹਿਸਟੋਰੀਅਨ, ਪ੍ਰੋ: ਪੂਰਨ ਸਿੰਘ, ਭਾਈ ਵੀਰ ਸਿੰਘ ਤੇ ਹੋਰ ਕਈ ਲਿਖਾਰੀਆਂ ਦੀਆਂ ਲਿਖਤਾਂ ਪੜ੍ਹਨ ਦੀ ਇੱਛਾ ਹੈ ਪਰ ਇਹ ਬਹੁਤਾ ਸਾਹਿੱਤ ਗੁਰਮੁਖੀ ਲਿਪੀ ਵਿੱਚ ਹੋਣ ਕਾਰਨ ਉਨ੍ਹਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਾਹਿੱਤ ਦੀ ਪਹੁੰਚ ਅੰਗਰੇਜ਼ੀ ਰਾਹੀਂ ਸਮੁੱਚੇ ਵਿਸ਼ਵ ਤੀਕ ਕਰਨ ਦੀ ਲੋੜ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਬਦੇਸ਼ਾਂ ਚ ਬੈਠੇ ਸਮਰੱਥ ਪੰਜਾਬੀ ਇਹੋ ਜਹੇ ਪ੍ਰਾਜੈਕਟਾਂ ਨੂੰ ਆਰਥਿਕ ਸਹਾਰਾ ਦੇਣ ਤਾਂ ਅਕਾਡਮੀ ਦੇ ਵਰਤਮਾਨ ਅਹੁਦੇਦਾਰਾਂ ਕੋਲੋਂ ਇਹ ਸੇਵਾ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿਆਪਣੇ ਪ੍ਰਧਾਨਗੀ ਕਾਲ ਵੇਲੇ ਉਨ੍ਹਾਂ ਸ਼ਾਹ ਮੁਹੰਮਦ ਰਚਿਤ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਅੰਗਰੇਜ਼ੀ ਚ ਅਨੁਵਾਦ ਕਰਾਇਆ ਸੀ ਪਰ ਸਾਧਨਾਂ ਦੀ ਕਮੀ ਕਾਰਨ ਛਪ ਨਹੀਂ ਸਕਿਆ।
ਸ: ਭੱਠਲ ਨੇ ਇਹ ਸੇਵਾ ਆਪਣੇ ਜ਼ਿੰਮੇ ਲੈਂਦਿਆਂ ਤੁਰੰਤ ਕਿਹਾ ਕਿ ਆਪਣੇ ਪੁਰਖਿਆਂ ਦੀ ਯਾਦ ਵਿੱਚ ਇਹ ਪ੍ਰਕਾਸ਼ਨਾ ਛਪਵਾ ਕੇ ਮੈਨੂੰ ਖੁਸ਼ੀ ਹੋਵੇਗੀ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਮੈਮੋਰੀਅਲ ਟਰਸਟ ਦੇ ਟਰਸਟੀ ਕਰਮਜੀਤ ਸਿੰਘ ਨਾਰੰਗਵਾਲ ਨੇ ਸ: ਅਜੀਤ ਸਿੰਘ ਭੱਠਲ ਨੂੰ ਭਾਈ ਸਾਹਿਬ ਦੀ ਪੁਸਤਕ ਜੇਲ੍ਹ ਚਿੱਠੀਆਂ ਭੇਂਟ ਕਰਦਿਆਂ ਕਿਹਾ ਕਿ ਉਹ ਭਾਈ ਸਾਹਿਬ ਦੀਆਂ ਰਚਨਾਵਾਂ ਅਨੁਵਾਦ ਕਰਨ ਦਾ ਸੁਨੇਹਾ ਟਰਸਟ ਤੀਕ ਪਹੁੰਚਾਉਣਗੇ।
ਇਸ ਮੌਕੇ ਜਗਜੀਵਨ ਸਿੰਘ ਮੋਹੀ ਵੀ ਹਾਜ਼ਰ ਸਨ।