• Home
  • ਕੈਬਨਿਟ ਸਬ ਕਮੇਟੀ ਮੁਖੀ ਦਾ ਵੱਡਾ ਬਿਆਨ :-ਪੰਜਾਬ ਸਰਕਾਰ 27 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰੇਗੀ- ਬ੍ਰਹਮ ਮਹਿੰਦਰਾ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੀਆਂ ਨਰਸਾਂ ਦਾ ਹਾਲਚਾਲ ਪੁੱਛਿਆ

ਕੈਬਨਿਟ ਸਬ ਕਮੇਟੀ ਮੁਖੀ ਦਾ ਵੱਡਾ ਬਿਆਨ :-ਪੰਜਾਬ ਸਰਕਾਰ 27 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰੇਗੀ- ਬ੍ਰਹਮ ਮਹਿੰਦਰਾ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੀਆਂ ਨਰਸਾਂ ਦਾ ਹਾਲਚਾਲ ਪੁੱਛਿਆ

ਪਟਿਆਲਾ, 1 ਮਾਰਚ:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਮੁਤਾਬਕ ਰਾਜ 'ਚ ਕੰਮ ਕਰਦੇ 27000 ਕੱਚੇ ਮੁਲਾਜਮਾਂ ਨੂੰ ਜਲਦ ਹੀ ਪੱਕਾ ਕਰਨ ਜਾ ਰਹੀ ਹੈ। ਸਰਕਾਰੀ ਰਜਿੰਦਰਾ ਹਸਪਤਾਲ ਪੁੱਜੇ ਸ੍ਰੀ ਬ੍ਰਹਮ ਮਹਿੰਦਰਾ ਨਾਲ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਵੀ ਮੌਜੂਦ ਸਨ, ਜਿਨ੍ਹਾਂ ਨੇ ਇਥੇ ਐਮਰਜੈਂਸੀ 'ਚ ਇਲਾਜ ਲਈ ਦਾਖਲ ਨਰਸਾਂ ਅਤੇ ਹੋਰ ਸਟਾਫ਼ ਦਾ ਹਾਲ-ਚਾਲ ਜਾਣਿਆ ਤੇ ਕਿਹਾ ਕਿ ਇਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ।ਇਸ ਦੌਰਾਨ ਮੈਡੀਕਲ ਕਾਲਜ ਵਿਖੇ ਹੜਤਾਲੀ ਅਮਲੇ ਨਾਲ ਮੀਟਿੰਗ ਕਰਨ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਵਿਸ਼ਵਾਸ਼ ਦੁਆਇਆ ਕਿ ਪੰਜਾਬ ਸਰਕਾਰ ਦੀ ਨੀਅਤ ਸਾਫ਼ ਅਤੇ ਉੱਚੀ-ਸੁੱਚੀ ਸੋਚ ਦੇ ਚਲਦਿਆਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਹੜਤਾਲੀ ਨਰਸਾਂ ਦੀ 3 ਅਹਿਮ ਮੰਗਾਂ ਮੰਨ ਕੇ ਨੋਟੀਫਿਕੇਸਨ ਵੀ ਜਾਰੀ ਕਰ ਦਿਤਾ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਦਾ ਠੇਕਾ ਅਧਾਰਤ ਨਰਸਾਂ ਤੇ ਹੋਰ ਸਟਾਫ਼ ਦੇ 33 ਫ਼ੀਸਦੀ ਵਾਧੇ ਦਾ ਸਾਲ 2015-2016 ਦਾ ਬਕਾਇਆ ਦੇਣਾ, ਠੇਕਾ ਅਧਾਰਤ ਨਰਸਾਂ ਦੀ ਪ੍ਰਸੂਤੀ ਛੁੱਟੀ 3 ਮਹੀਨੇ ਤੋਂ ਵਧਾ ਕੇ 6 ਮਹੀਨੇ ਕਰਨੀ, ਹਸਪਤਾਲ 'ਚ ਮੁਫ਼ਤ ਦਵਾਈਆਂ ਤੇ ਪਰਚੀ ਫ਼ੀਸ ਤੋਂ ਛੋਟ ਅਤੇ ਐਚ.ਆਰ.ਏ. ਨੂੰ 20 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨਾ ਵੀ ਸ਼ਾਮਲ ਸੀ। ਸ੍ਰੀ ਮਹਿੰਦਰਾ ਨੇ ਕਿਹਾ ਕਿ ਨਰਸਾਂ ਤੇ ਹੋਰ ਅਮਲੇ ਦੀਆਂ ਮੰਗਾਂ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ 'ਚ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਨਰਸਾਂ ਦੇ ਫੱਟੜ ਹੋਣ ਵਾਲੀ ਘਟਨਾਂ ਦਾ ਬੇਹੱਦ ਅਫ਼ਸੋਸ ਹੈ ਪਰੰਤੂ ਇਹ ਘਟਨਾਂ ਟਾਲੀ ਜਾ ਸਕਦੀ ਸੀ, ਕਿਉਂਕਿ ਇਸ ਮਸਲੇ ਨੂੂੰ ਹੱਲ ਕਰਨ ਲਈ ਇਨ੍ਹਾਂ ਦੇ ਵਫ਼ਦ ਨਾਲ ਉਨ੍ਹਾਂ ਦੀ ਗੱਲਬਾਤ ਦੋਸਤਾਨਾ ਮਾਹੌਲ 'ਚ ਜਾਰੀ ਸੀ, ਜਿਸ ਨੂੰ ਪੂਰਾ ਹੋਣ ਦਿੱਤਾ ਜਾਣਾ ਚਾਹੀਦਾ ਸੀ।ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਮਗਰੋਂ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਮੇਤ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਸ਼ਮੂਲੀਅਤ ਵਾਲੀ ਉਚ ਤਾਕਤੀ ਕਮੇਟੀ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ ਮੁੱਖ ਸਕੱਤਰ ਨੂੰ ਸਾਰੇ ਵਿਭਾਗਾਂ ਤੋਂ ਸੂਚਨਾ ਲੈ ਕੇ ਅਗਲੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਖ਼ੁਦ ਇਨ੍ਹਾਂ ਨਰਸਾਂ ਸਮੇਤ ਕੱਚੇ ਕਾਮਿਆਂ, ਠੇਕਾ ਅਤੇ ਐਡਹਾਕ ਮੁਲਾਜਮਾਂ ਦੇ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹਨ, ਜਿਸ ਲਈ ਇੱਕ ਨਵਾਂ ਐਕਟ ਬਣਾ ਕੇ ਇਨ੍ਹਾਂ ਨੂੰ ਪੱਕੇ ਕਰਨ ਲਈ ਕਾਰਵਾਈ ਜਾਰੀ ਹੈ।ਇੱਕ ਸਵਾਲ ਦੇ ਜਵਾਬ 'ਚ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੱਲ੍ਹ ਦੀ ਕੈਬਨਿਟ ਮੀਟਿੰਗ 'ਚ ਉਹ ਮੁੱਖ ਮੰਤਰੀ ਨੂੰ ਤਾਜਾ ਹਾਲਾਤ ਬਾਰੇ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪੂਰੇ ਮਾਮਲੇ 'ਚ ਭੂਮਿਕਾ ਪੂਰੀ ਉਸਾਰੂ ਰਹੀ ਹੈ ਅਤੇ ਸਭ ਨੇ ਇਨ੍ਹਾਂ ਨੂੰ ਸੱਟ ਫੇਟ ਤੋਂ ਬਚਾਉਣ ਲਈ ਪੂਰੇ ਅਗਾਊਂ ਪ੍ਰਬੰਧ ਕਰਕੇ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਆਪਣੀ ਜਿੱਦ 'ਤੇ ਅੜੇ ਰਹੇ, ਪਰ ਫੇਰ ਵੀ ਸਰਕਾਰ ਇਨ੍ਹਾਂ ਦੇ ਮਸਲੇ ਨੂੰ ਹਮਦਰਦੀ ਅਤੇ ਪੂਰੀ ਗੰਭੀਰਤਾ ਨਾਲ ਵਿਚਾਰ ਰਹੀ ਹੈ। ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਦੌਰੇ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਦੇ ਸਕੱਤਰ ਸ੍ਰੀ ਸੰਤ ਬਾਂਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਏ.ਡੀ.ਸੀ. (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਤਿੰਦਰਪਾਲ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।