• Home
  • ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ ਸਰਵੇਖਣ ਸ਼ੁਰੂ-ਦਰਜਨ ਦੇ ਕਰੀਬ ਕਿਸਾਨਾਂ ਦੀ ਸਾਰੀ ਜ਼ਮੀਨ ਘੇਰੇ ‘ਚ ਆਉਣ ਦੇ ਆਸਾਰ

ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ ਸਰਵੇਖਣ ਸ਼ੁਰੂ-ਦਰਜਨ ਦੇ ਕਰੀਬ ਕਿਸਾਨਾਂ ਦੀ ਸਾਰੀ ਜ਼ਮੀਨ ਘੇਰੇ ‘ਚ ਆਉਣ ਦੇ ਆਸਾਰ

ਗੁਰੂਸਰ ਸੁਧਾਰ / ਗਿੱਲ
ਮੌਸਮ ‘ਚ ਇਕਦਮ ਆਈ ਤਬਦੀਲੀ ਤੋਂ ਬਾਅਦ ਪਿੰਡ ਐਤੀਆਣਾ ਦੇ ਕਿਸਾਨਾਂ ਦਾ ਪਾਰਾ ਵੀ ਚੜ੍ਹਨਾ ਸ਼ੁਰੂ ਹੋ ਗਿਆ ਹੈ, ਕਿਉਂਕਿ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਬਣਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਪਹਿਲ ਤੋਂ ਬਾਅਦ ਮਾਲ ਵਿਭਾਗ ਨੇ ਕਰੀਬ 168 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਜਦੋਂ ਪੱਕੇ ਨਿਸ਼ਾਨ ਲਾ ਦਿੱਤੇ ਹਨ ਜਿਸ ਕਰ ਕੇ ਕਿਸਾਨਾਂ ਦੇ ਮੱਥੇ ਦੀਆਂ ਤਿਊੜੀਆਂ ਡੂੰਘੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਵਾਈ ਅੱਡੇ ਦੀ ਮਾਰ ਹੇਠ ਆਉਣ ਵਾਲੇ ਕਰੀਬ 165 ਕਿਸਾਨ ਪਰਿਵਾਰਾਂ ਦੀ ਨੀਂਦ ਉੱਡ ਗਈ ਹੈ ਅਤੇ ਉਹ ਸਰਕਾਰ ਵੱਲੋਂ ਮਿਲਣ ਵਾਲੇ ਮੁਆਵਜ਼ੇ ਦੀਆਂ ਕਨਸੋਆਂ ਲੈਣ ਲੱਗੇ ਹਨ, ਪਰ ਹਾਲੇ ਤੱਕ ਇਸ ਸਬੰਧੀ ਕੋਈ ਸਰਕਾਰੀ ਅਧਿਕਾਰੀ ਮੂੰਹ ਨਹੀਂ ਖੋਲ੍ਹ ਰਿਹਾ ਹੈ।

ਗਲਾਡਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਨੁੱਖੀ ਵਿਗਿਆਨ ਵਿਭਾਗ ਦੀ ਚਾਰ ਮੈਂਬਰੀ ਟੀਮ ਨੇ ਲੋਕਾਂ ਦੇ ਸਰੋਕਾਰ ਜਾਣਨ ਲਈ ਅੱਜ ਤੋਂ 4-5 ਦਿਨਾਂ ਲਈ ਪਿੰਡ ਐਤੀਆਣਾ ਵਿਚ ਡੇਰੇ ਲਾ ਲਏ ਹਨ। ਡਾਕਟਰ ਅਮਨਜੋਤ ਸਿੰਘ ਅਤੇ ਸਚਿਨ ਪੂਨੀਆ ਦੀ ਅਗਵਾਈ ਵਾਲੀ ਟੀਮ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ ਲਈ ਮਾਰ ਹੇਠ ਆਉਣ ਵਾਲੇ ਸਾਰੇ ਪਰਿਵਾਰਾਂ ਤੋਂ ਬਾਰੀਕੀ ਨਾਲ ਪੁੱਛ-ਪੜਤਾਲ ਕਰ ਕੇ ਇਸ ਦੀ ਰਿਪੋਰਟ ਸਰਕਾਰ ਦੇ ਹਵਾਲੇ ਕਰੇਗੀ। ਇਸ ਤੋਂ ਬਾਅਦ ਹੀ ਸਬੰਧਿਤ ਵਿਭਾਗ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਦੇ ਮੁਆਵਜ਼ੇ ਬਾਰੇ ਗੱਲਬਾਤ ਸ਼ੁਰੂ ਕਰੇਗਾ। ਭੂਮੀ ਗ੍ਰਹਿਣ ਅਤੇ ਪੁਨਰਵਾਸ ਕਾਨੂੰਨ 2013 ਅਧੀਨ ਉਚਿੱਤ ਮੁਆਵਜ਼ਾ ਅਤੇ ਪਾਰਦਰਸ਼ਤਾ ਦੇ ਹੱਕ ਤਹਿਤ ਘੱਟੋ-ਘੱਟ 70 ਪ੍ਰਤੀਸ਼ਤ ਜ਼ਮੀਨ ਮਾਲਕਾਂ ਦੀ ਸਹਿਮਤੀ ਨਾਲ ਹੀ ਜ਼ਮੀਨ ਗ੍ਰਹਿਣ ਕੀਤੀ ਜਾ ਸਕਦੀ ਹੈ। ਇਸੇ ਸਿਲਸਿਲੇ ਵਿਚ ਕਿਸਾਨ ਪਰਿਵਾਰਾਂ ਦੇ ਆਰਥਿਕ ਅਤੇ ਸਮਾਜਿਕ ਸਰੋਕਾਰਾਂ ਦਾ ਸਰਵੇਖਣ ਸ਼ੁਰੂ ਕੀਤਾ ਗਿਆ ਹੈ। 16 ਪੰਨਿਆਂ ਦੇ ਇਸ ਪ੍ਰਸ਼ਨ-ਉਤਰ ਪ੍ਰੋਫਾਰਮੇ ਵਿਚ ਬਹੁਤ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਹਵਾਈ ਅੱਡੇ ਦੇ ਵਿਸਥਾਰ ਲਈ ਮੁੱਢਲੇ ਪੜਾਅ ‘ਤੇ ਗ੍ਰਹਿਣ ਕੀਤੇ ਹਾਣ ਵਾਲੀ 168 ਏਕੜ ਜ਼ਮੀਨ ਵਿਚ ਕੁੱਝ ਪਰਿਵਾਰਾਂ ਦੀ ਭਾਵੇਂ ਮਾਮੂਲੀ ਜ਼ਮੀਨ ਹੀ ਆ ਰਹੀ ਹੈ ਪਰ ਦਰਜਨ ਦੇ ਕਰੀਬ ਪਰਿਵਾਰਾਂ ਦੀ ਪੂਰੀ ਜ਼ਮੀਨ ਹੀ ਇਸ ਦੇ ਘੇਰੇ ਵਿਚ ਆਉਣ ਵਾਲੀ ਹੈ। ਜਿਨ੍ਹਾਂ ਵਿਚ ਗੁਰਦੀਪ ਸਿੰਘ ਪੰਚ, ਬਲਵੰਤ ਸਿੰਘ ਰਾਜਾ, ਜੰਗ ਸਿੰਘ, ਹਰਚੰਦ ਸਿੰਘ ਅਤੇ ਲਾਲ ਸਿੰਘ ਸਮੇਤ ਹੋਰ ਪਰਿਵਾਰ ਵੀ ਸ਼ਾਮਲ ਹਨ। ਪਰ ਸੋਹਣ ਸਿੰਘ ਖੰਘੂੜਾ ਦੇ ਪਰਿਵਾਰ ਦੀ 35-40 ਏਕੜ ਜ਼ਮੀਨ ਗ੍ਰਹਿਣ ਕੀਤੀ ਜਾਣ ਵਾਲੀ ਹੈ ਜਦਕਿ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਦੀ ਵੀ ਕਾਫ਼ੀ ਜ਼ਮੀਨ ਮਾਰ ਹੇਠ ਆਉਣ ਵਾਲੀ ਹੈ। ਕਲਕੱਤਾ ਵਿਚ ਟਰਾਂਸਪੋਰਟ ਦੇ ਕਾਰੋਬਾਰੀ ਸੋਹਣ ਸਿੰਘ ਖੰਘੂੜਾ ਨੇ ਕਿਹਾ ਕਿ 1980-81 ਵਿਚ ਭਾਰਤੀ ਹਵਾਈ ਸੈਨਾ ਦੇ ਅੱਡੇ ਦੇ ਵਿਸਥਾਰ ਸਮੇਂ ਵੀ ਉਨ੍ਹਾਂ ਦੇ ਪਰਿਵਾਰ ਦੀ ਸਭ ਤੋਂ ਵੱਧ ਜ਼ਮੀਨ ਗ੍ਰਹਿਣ ਕੀਤੀ ਗਈ ਸੀ ਅਤੇ ਮੁਆਵਜ਼ਾ ਵੀ ਨਿਗੂਣਾ ਮਿਲਿਆ ਸੀ, ਦੋ ਵਾਰ ਮੁਕੱਦਮੇਬਾਜ਼ੀ ਦੇ ਬਾਵਜੂਦ ਬਹੁਤਾ ਕੁੱਝ ਪੱਲੇ ਨਹੀਂ ਪਿਆ। ਪਰ ਇਸ ਵਾਰ ਵੀ ਉਨ੍ਹਾਂ ਦੇ ਪਰਿਵਾਰ ਦੀ ਹੀ ਸਭ ਤੋਂ ਵੱਧ ਜ਼ਮੀਨ ਮਾਰ ਹੇਠ ਆਈ ਹੈ, ਉਨ੍ਹਾਂ ਕਿਹਾ ਕਿ ਉਹ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦੇ ਪੂਰੇ ਹਮਾਇਤੀ ਹਨ ਅਤੇ ਇਲਾਕੇ ਦੇ ਵਿਕਾਸ ਦੇ ਵੀ ਚਾਹਵਾਨ ਹਨ ਪਰ ਉਚਿੱਤ ਮੁਆਵਜ਼ਾ ਨਾ ਮਿਲਣ ਦੀ ਸੂਰਤ ਵਿਚ ਉਹ ਹੋਰ ਕਿਸਾਨਾਂ ਵਾਂਗ ਵਿਰੋਧ ਕਰਨ ਲਈ ਮਜਬੂਰ ਹੋਣਗੇ। ਸਰਵੇਖਣ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਮੁਆਵਜ਼ੇ ਦੀ ਰਕਮ ਤਹਿ ਕਰਨਾ ਉਨ੍ਹਾਂ ਦੇ ਕਾਰਜ ਖੇਤਰ ਤੋਂ ਬਾਹਰ ਹੈ ਅਤੇ ਉਨ੍ਹਾਂ ਕੇਵਲ ਸਰਵੇਖਣ ਰਿਪੋਰਟ ਗਲਾਡਾ ਅਤੇ ਪੰਜਾਬ ਯੂਨੀਵਰਸਿਟੀ ਸਾਹਮਣੇ ਪੇਸ਼ ਕਰਨੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਲ ਵਿਭਾਗ ਭਾਵੇਂ ਜਿੰਨੀ ਵਾਰ ਮਰਜ਼ੀ ਨਿਸ਼ਾਨਦੇਹੀ ਕਰੇ ਪਰ ਮੁਆਵਜ਼ੇ ਬਾਰੇ ਅੰਤਿਮ ਫ਼ੈਸਲਾ ਇਸ ਸਰਵੇਖਣ ਰਿਪੋਰਟ ਅਤੇ ਮਾਰ ਹੇਠ ਆਉਣ ਵਾਲੇ ਕਿਸਾਨਾਂ ਨਾਲ ਗੱਲਬਾਤ ਅਤੇ ਸੌਦੇਬਾਜ਼ੀ ਤੋਂ ਬਾਅਦ ਹੀ ਤਹਿ ਹੋਵੇਗੀ। ਐਤੀਆਣਾ ਦੇ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਕਿਸਾਨਾਂ ਦੇ ਹਿਤਾਂ ਨਾਲ ਖਿਲਵਾੜ ਨਹੀਂ ਹੋਣ ਦੇਣਗੇ।