• Home
  • ਇੱਕ ਸਾਡੀ ਕੁਰਬਾਨੀਆਂ ਵਾਲੀ ਕੰਧ, ਦੂਜੀ ਜਰਮਨੀ ਦੀ ਆਮ ਕੰਧ

ਇੱਕ ਸਾਡੀ ਕੁਰਬਾਨੀਆਂ ਵਾਲੀ ਕੰਧ, ਦੂਜੀ ਜਰਮਨੀ ਦੀ ਆਮ ਕੰਧ

ਜਰਮਨੀ ਦਾ ਵੱਡਾ ਸ਼ਹਿਰ ਨਿਊਰਿਨਬਰਗ ਜੋ ਦੂਸਰੇ ਵਿਸ਼ਵ ਯੁੱਧ ਦੌਰਾਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ ਉਸਦਾ ਬਹੁਤਾ ਹਿੱਸਾ ਮੁੜ ਤੋਂ ਉਸਾਰਿਆ ਗਿਆ ਸੀ। ਪਰ ਜੋ ਢਹਿ-ਢੇਰੀ ਹੋਏ ਉਥੋਂ ਦੇ ਮਕਾਨ, ਇਮਾਰਤਾਂ ਅਤੇ ਹਿਟਲਰ ਦੀ ਸਿਆਸਤ ਨੂੰ ਚਲਾਉਣ ਵਾਲਾ ਉਸਦਾ ਕਿਲ੍ਹਾ ਜਰਮਨ ਸਰਕਾਰ ਨੇ ਬਹੁਤ ਹੀ ਸਾਂਭ ਸੰਭਾਲ ਨਾਲ ਰੱਖਿਆ ਹੋਇਆ ਹੈ। ਇਥੋਂ ਤੱਕ ਇੱਕ ਆਮ ਮਕਾਨ ਜੋ ਇਸ ਯੁਧ ਦੌਰਾਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ, ਉਸਦੀ ਇੱਕ ਛੋਟੀ ਜਿਹੀ ਕੰਧ ਬਚ ਗਈ ਸੀ। ਉਸ ਕੰਧ ਦੀ ਉਹਨਾਂ ਨੇ ਇਤਿਹਾਸਕ ਦਸਤਾਵੇਜ਼ ਵਜੋਂ ਸੰਭਾਲਿਆ ਹੋਇਆ ਹੈ। ਉਸ ਪਲਾਟ ਦਾ ਮਲਾਕ ਮਕਾਨ ਨੂੰ ਉਹ ਕੰਧ ਢਾਹੁਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ। ਉਸ 'ਤੇ ਉਚੇਚੇ ਤੌਰ 'ਤੇ ਸਰਕਾਰ ਵੱਲੋਂ ਇੱਕ ਪਲੇਟ ਲਾਈ ਗਈ ਹੈ ਕਿ ਕੰਧ ਦੂਸਰੇ ਵਿਸ਼ਵ ਯੁੱਧ ਦੌਰਾਨ ਬਚੀ ਹੈ। ਇਸ ਨੂੰ ਕੋਈ ਢਾਹ ਨਹੀਂ ਸਕਦਾ। ਇਸ ਕਰਕੇ ਉਸ ਜਗ੍ਹਾ ਦਾ ਮਲਕ ਉਸਨੂੰ ਇੱਕ ਕਾਰ ਪਾਰਕਿੰਗ ਵਜੋਂ ਵਰਤ ਰਿਹਾ ਹੈ। ਬੱਸ ਇੱਕ ਢਹੀ ਢਹਾਈ ਕੰਧ, ਆਪਣੇ ਆਪ ਵਿਚ ਹੀ ਮਹਾਨ ਦਿਸਦੀ ਹੈ। ਪਰ ਦੂਸਰੇ ਪਾਸੇ ਸਾਡੀ ਉਹ ਕੁਰਬਾਨੀਆਂ ਵਾਲੀ ਇਤਿਹਾਸਕ ਕੰਧ ਜਿਥੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਦੀਆਂ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ, ਦੁਨੀਆਂ ਦੀ ਸਭ ਤੋਂ ਵੱਡੀ ਕੁਰਬਾਨੀ ਅਤੇ ਸਭ ਤੋਂ ਵੱਡਾ ਇਤਿਾਹਸਕ ਦਸਤਾਵੇਜ਼ ਸਰਹਿੰਦ ਦੀ ਕੰਧ ਹੈ। ਦੁਨੀਆ ਦੇ ਇਤਿਹਾਸ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੁਰਬਾਨੀ ਨਾ ਕਦੇ ਹੋਈ ਹੈ ਨਾ ਹੀ ਭਵਿੱਖ ਵਿਚ ਹੋਵੇਗੀ। ਪਰ ਸਾਡੇ ਧਾਰਮਿਕ ਅਤੇ ਰਾਜਸੀ ਆਕਾ ਨੇ ਸਾਡੀ ਇਤਿਹਾਸਕ ਕੰਧ ਨੂੰ ਸੰਗਮਰਮਰ 'ਚ ਮੜ੍ਹ ਕੇ ਉਸ ਦੇ ਅਸਲੀ ਅਕਸ ਨੂੰ ਹੀ ਮਿਟਾ ਦਿੱਤੀ।

ਉਸ ਕੰਧ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਨਹੀਂ ਸੰਭਾਲਿਆ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾਸ੍ਰੋਤ ਸੀ। ਜਦੋਂ ਬਾਹਰਲੇ ਮੁਲਕਾਂ 'ਚ ਉਹਨਾਂ ਵੱਲੋਂ ਪੁਰਾਣੇ ਇਤਿਹਾਸ ਨੂੰ ਸੰਭਾਲਣ ਦੀਆਂ ਚੀਜ਼ਾਂ ਨੂੰ ਦੇਖਦੇ ਹਾਂ, ਭਾਵੇਂ ਉਹ ਨਪੋਲੀਅਨ ਦੀ ਯਾਦਗਾਰ ਹੋਵੇ, ਭਾਵੇਂ ਉਹ ਹਿਟਲਰ ਦੀ ਸਿਆਸਤ ਹੋਵੇ, ਭਾਵੇਂ ਉਹ ਬੈਲਜੀਅਮ ਦਾ ਈਪਰ ਸਿਟੀ ਹੋਵੇ, ਜਿਥੇ ਪਹਿਲੇ ਵਿਸ਼ਵ ਯੁੱਧ ਦੇ ਸਾਢੇ ਅਠੱਤੀ ਲੱਖ ਫੌਜੀਆਂ ਦੀ ਕੁਰਬਾਨੀ ਤੋਂ ਇਲਾਵਾ 6 ਹਜ਼ਾਰ ਸ਼ਹੀਦ ਹੋਏ ਸਿੱਖ ਫੌਜੀ ਅਤੇ ਦੂਸਰੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਨੂੰ ਸਾਡਾ ਬੇਗਾਨੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਸਾਡੀਆਂ ਯਾਦਗਾਰਾਂ ਨੂੰ ਬਣਾ ਕੇ ਸੰਭਾਲਿਆ ਹੋਇਆ ਹੈ। ਪਰ ਸਰਹਿੰਦ ਦੀ ਦੀਵਾਰ ਦਾ ਉਹ ਇਤਿਹਾਸਕ ਦਸਤਾਵੇਜ਼ ਸਾਨੂੰ ਕਿਉਂ ਨਹੀਂ ਦਿਸਦਾ , ਮਨ ਦੁਖੀ ਹੁੰਦਾ ਹੈ। ਜਿਸ ਨੇ ਵੀ ਕਿਹਾ ਕਿ ਸਿੱਖ ਇਤਿਹਾਸ ਤਾਂ ਸਿਰਜਣਾ ਜਾਣਦੇ ਹਨ, ਪਰ ਇਹਨਾਂ ਨੂੰ ਆਪਣਾ ਇਤਿਹਾਸ ਸੰਭਾਲਣਾ ਨਹੀਂ ਆਉਂਦਾ। ਇਹ ਤਾਂ ਗੱਲ ਇਕ ਹਜ਼ਾਰ ਪ੍ਰਤੀਸ਼ਤ ਸਹੀ ਹੈ। ਪਰ ਸਾਡੀ ਕੌਮ ਦੇ ਰਖਵਾਲਿਆਂ ਨੂੰ ਇਹ ਅਕਲ ਕਦੋਂ ਆਏਗੀ ਕਿ ਅਸੀਂ ਆਪਣਾ ਸਿਰਜਿਆ ਇਤਿਹਾਸ ਸੰਭਾਲੀਏ ਤੇ ਇਹਨਾਂ ਨੂੰ ਯੂਰਪੀਅਨ ਮੁਲਕਾਂ ਤੋਂ ਸਿੱਖ ਲੈਣਾ ਚਾਹੀਦਾ ਹੈ। ਰੱਬ ਰਾਖਾ

ਜਗਰੂਪ ਸਿੰਘ ਜਰਖੜ
9814300722