• Home
  • ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿਚ ਤਮਗ਼ਾ ਜਿੱਤਣ ਵਾਲਾ ਅਰਪਿੰਦਰ ਸਿੰਘ ਬਣਿਆ ਪਹਿਲਾ ਭਾਰਤੀ ਅਥਲੀਟ

ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿਚ ਤਮਗ਼ਾ ਜਿੱਤਣ ਵਾਲਾ ਅਰਪਿੰਦਰ ਸਿੰਘ ਬਣਿਆ ਪਹਿਲਾ ਭਾਰਤੀ ਅਥਲੀਟ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਚੈੱਕ ਗਣਰਾਜ ਦੇ ਸ਼ਹਿਰ ਓਸਤਰਾਵਾ ਵਿਖੇ ਚੱਲ ਰਹੇ ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਦੇ ਤੀਹਰੀ ਛਾਲ ਈਵੈਂਟ 'ਚ ਅਥਲੀਟ ਅਰਪਿੰਦਰ ਸਿੰਘ ਨੇ ਕਾਂਸੀ ਦੇ ਤਮਗਾ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਅਰਪਿੰਦਰ ਸਿੰਘ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ ਜਿਸ ਨੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫ਼ੈਡਰੇਸ਼ਨ (ਆਈ.ਏ.ਏ.ਐਫ.) ਕਾਂਟੀਨੈਂਟਲ ਕੱਪ ਦੇ ਇਤਿਹਾਸ ਵਿੱਚ ਕਿਸੇ ਵੀ ਈਵੈਂਟ ਵਿੱਚ ਕੋਈ ਤਮਗ਼ਾ ਜਿੱਤਿਆ ਹੋਵੇ। ਉਸ ਦੀ ਇਸ ਪ੍ਰਾਪਤੀ 'ਤੇ ਜਿਥੇ ਖੇਡ ਪ੍ਰੇਮੀ ਖ਼ੁਸ਼ ਹਨ ਉਥੇ ਹੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਧਾਈ ਦਿਤੀ ਹੈ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਅਰਪਿੰਦਰ ਸਿੰਘ ਦੀ ਇਹ ਇਤਿਹਾਸਕ ਪ੍ਰਾਪਤੀ ਹੈ ਜੋ ਹੁਣ ਤੱਕ ਕੋਈ ਵੀ ਭਾਰਤੀ ਅਥਲੀਟ ਹਾਸਲ ਨਹੀਂ ਕਰ ਸਕਿਆ। ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿੱਚ ਏਸ਼ੀਆ ਪੈਸੇਫਿਕ ਟੀਮ ਵੱਲੋਂ ਨੁਮਾਇੰਦਗੀ ਕਰ ਰਹੇ ਅਰਪਿੰਦਰ ਸਿੰਘ ਨੇ ਤੀਹਰੀ ਛਾਲ ਈਵੈਂਟ ਵਿੱਚ 16.59 ਮੀਟਰ ਛਾਲ ਲਗਾ ਕੇ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਜਿੱਤਿਆ ਤਮਗਾ ਓਲੰਪਿਕ ਖੇਡਾਂ ਜਾਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਤਮਗੇ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਕੱਪ ਵਿੱਚ ਸਾਰੇ ਮਹਾਂਦੀਪਾਂ ਤੋਂ ਚੋਟੀ ਦੇ ਅਥਲੀਟ ਹਿੱਸਾ ਲੈ ਰਹੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਅਰਪਿੰਦਰ ਸਿੰਘ ਨੇ ਬੀਤੇ ਦਿਨੀਂ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ ਅਤੇ ਹੁਣ ਦੁਬਾਰਾ ਫੇਰ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਖੇਡ ਮੰਤਰੀ ਨੇ ਅਰਪਿੰਦਰ ਦੇ ਨਾਲ ਉਸ ਦੇ ਮਾਪਿਆਂ ਅਤੇ ਕੋਚ ਸ੍ਰੀ ਸੁਖਦੇਵ ਸਿੰਘ ਪੰਨੂੰ ਨੂੰ ਵੀ ਮੁਬਾਰਦਬਾਦ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਸਿਰ ਬੰਨ੍ਹਿਆ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਹਰਸ਼ਾ ਛੀਨਾ ਦੇ ਅਰਪਿੰਦਰ ਸਿੰਘ ਨੇ 2014 ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।