• Home
  • ਗੰਨੇ ਦੀ 56 ਕਰੋੜ ਰੁਪਏ ਦੀ ਅਦਾਇਗੀ ਅਗਲੇ ਹਫ਼ਤੇ : ਰੰਧਾਵਾ

ਗੰਨੇ ਦੀ 56 ਕਰੋੜ ਰੁਪਏ ਦੀ ਅਦਾਇਗੀ ਅਗਲੇ ਹਫ਼ਤੇ : ਰੰਧਾਵਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਕਮ ਵਿੱਚੋਂ ਲਗਭਗ 56 ਕਰੋੜ ਰੁਪਏ ਦੀ ਅਦਾਇਗੀ ਅਗਲੇ ਹਫ਼ਤੇ ਕਰ ਦਿੱਤੀ ਜਾਵੇਗੀ। ਉਹ ਇੱਥੇ ਸ਼ੂਗਰਫੈੱਡ ਪੰਜਾਬ ਦੇ ਦਫ਼ਤਰ ਵਿੱਚ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿੜਾਈ ਸੀਜ਼ਨ 2018-19 ਦੀ ਸ਼ੁਰੂਆਤ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਿਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਮੂਹ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨਾਲ ਮੀਟਿੰਗ ਕਰ ਰਹੇ ਸਨ।
ਰੰਧਾਵਾ ਨੇ ਦੱਸਿਆ ਕਿ 56 ਕਰੋੜ ਰੁਪਏ ਵਿੱਚੋਂ 21 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋਂ ਸਹਿਕਾਰੀ ਬੈਂਕ ਦੀ ਮਦਦ ਨਾਲ ਆਪਣੇ ਪੱਧਰ 'ਤੇ ਕੀਤੀ ਜਾਵੇਗੀ ਅਤੇ ਬਾਕੀ 35 ਕਰੋੜ ਰੁਪਏ ਦੀ ਮਨਜ਼ੂਰੀ ਵਿੱਤ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ।
ਮਿੱਲਾਂ ਨੂੰ ਚਲਾਉਣ ਸਬੰਧੀ ਫੈਸਲੇ ਦਾ ਜ਼ਿਕਰ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਗੰਨੇ ਦੀ ਉਪਲਬਧਤਾ ਅਨੁਸਾਰ ਸਹਿਕਾਰੀ ਮਿੱਲਾਂ ਵੱਲੋਂ ਨਵੰਬਰ ਦੇ ਦੂਜੇ ਹਫ਼ਤੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਸ੍ਰੀ ਰੰਧਾਵਾ ਨੇ ਇਹ ਵੀ ਹਦਾਇਤ ਕੀਤੀ ਕਿ ਗੰਨੇ ਦੀ ਬਾਂਡਿੰਗ, ਸਪਲਾਈ, ਤੁਲਾਈ ਅਤੇ ਅਦਾਇਗੀ ਬਾਰੇ ਸੂਚਨਾ ਦੇਣ ਲਈ ਪਿੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਨਲਾਈਨ ਸਿਸਟਮ ਵਿਕਸਤ ਕੀਤਾ ਜਾਵੇਗਾ, ਜਿਸ ਅਨੁਸਾਰ ਜ਼ਿਮੀਦਾਰਾਂ ਨੂੰ ਗੰਨੇ ਦੀ ਬਾਂਡਿੰਗ, ਪਰਚੀ, ਤੁਲਾਈ ਅਤੇ ਬਣਦੀ ਅਦਾਇਗੀ ਸਬੰਧੀ ਉਨਾਂ ਦੇ ਦੋ ਰਜਿਸਟਰਡ ਮੋਬਾਈਲਾਂ 'ਤੇ ਦਿੱਤੀ ਜਾਵੇਗੀ।